ਪੁਰਜਾ ਪੁਰਜਾ ਕਟਿ ਮਰੈ (ਕਾਂਡ ਆਖਰੀ)

ਡੇੜ੍ਹ ਹਫ਼ਤੇ ਬਾਅਦ ਭਾਰੀ ਜੱਦੋ-ਜਹਿਦ ਬਾਅਦ ਕੌਡੀਆਂ ਆਲਾ ਕੁਲਬੀਰੇ ਨੂੰ ਬਗੈਰ ਕੋਈ ਨੁਕਸਾਨ ਕੀਤੇ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋ ਗਿਆ। ਠਾਣੇਦਾਰ ਦੇ ਇੱਕ ਤਰ੍ਹਾਂ ਨਾਲ ਲਹਿਰ ਦਾ ਗਿੱਟਾ ਹੱਥ ਆ ਗਿਆ। ਜਿਸ ਨੂੰ ਖਿੱਚ ਕੇ ਉਸ ਨੇ ਹੇਠਾਂ ਸੁੱਟ ਲੈਣਾ ਸੀ। ਆਪਣੀ ਇਸ ਕਾਮਯਾਬੀ 'ਤੇ ਠਾਣੇਦਾਰ ਪੱਟਾਂ 'ਤੇ ਥਾਪੀਆਂ ਮਾਰਦਾ ਫਿਰਦਾ ਸੀ। ਕੁਲਬੀਰੇ ਦੀ ਗ੍ਰਿਫ਼ਤਾਰੀ ਦੀ ਖ਼ਬਰ ਮੁਕੰਮਲ ਤੌਰ 'ਤੇ ਗੁਪਤ ਰੱਖੀ ਗਈ ਸੀ। ਸਿਪਾਹੀਆਂ ਨੂੰ ਪਤਾ ਸੀ ਕਿ ਕੋਈ ਖ਼ਾੜਕੂ ਫੜਿਆ ਸੀ। ਪਰ ਉਹ ਕੌਣ ਸੀ? ਉਸ ਦੇ ਨਾਂ ਬਾਰੇ ਕੋਈ ਨਹੀਂ ਜਾਣਦਾ ਸੀ! ਜੇ ਪਤਾ ਸੀ ਤਾਂ ਸਿਰਫ਼ ਇੰਦਰਜੀਤ ਨੂੰ ਪਤਾ ਸੀ।
ਸਦਰ ਠਾਣੇਂ ਤੋਂ ਬਾਹਰ ਕਿਸੇ ਗੁਪਤ ਜਗਾਹ ਠਾਣੇਦਾਰ ਨੇ ਕੁਲਬੀਰੇ ਅਤੇ ਇੰਦਰਜੀਤ ਨੂੰ ਇਕੱਠਿਆਂ ਨਜ਼ਰਬੰਦ ਕਰਕੇ ਸਖ਼ਤ ਪਹਿਰਾ ਬਿਠਾ ਦਿੱਤਾ। ਕੋਈ ਸਿਪਾਹੀ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ। ਕੋਈ ਨੇੜੇ ਹੋ ਕੇ ਉਹਨਾਂ ਦੀਆਂ ਗੱਲਾਂ ਨਹੀਂ ਸੁਣ ਸਕਦਾ ਸੀ। ਕੋਈ ਪਾਣੀ ਨਹੀਂ ਫੜਾ ਸਕਦਾ ਸੀ। ਪਰ ਰੋਟੀ-ਪਾਣੀ ਉਹਨਾਂ ਨੂੰ ਬਕਾਇਦਾ ਤੌਰ 'ਤੇ ਪਹੁੰਚਾਇਆ ਜਾ ਰਿਹਾ ਸੀ। ਪਹਿਰਾ ਦੇ ਰਹੇ ਸਿਪਾਹੀ ਸਾਰੀ ਕਾਰਵਾਈ 'ਤੇ ਹੈਰਾਨ ਸਨ।
ਇੰਦਰਜੀਤ ਨੂੰ ਕਰੜੀ ਹਦਾਇਤ ਸੀ ਕਿ ਕਿਵੇਂ ਵੀ ਹੋਵੇ ਕੁਲਬੀਰੇ ਨੂੰ ਹੱਥ ਹੇਠ ਕਰਨਾ ਹੈ! ਕਾਕੇ ਵਾਲੇ ਮੁਕਾਬਲੇ ਲਈ ਇੰਦਰਜੀਤ ਨੂੰ ਦਸ ਲੱਖ ਰੁਪਏ ਵਿਚੋਂ ਅੱਧਾ ਹਿੱਸਾ ਅਰਥਾਤ ਪੰਜ ਲੱਖ ਰੁਪਏ ਮਿਲ ਗਿਆ ਸੀ। ਹੁਣ ਠਾਣੇਦਾਰ ਨੇ ਇੰਦਰਜੀਤ ਨਾਲ ਵਾਅਦਾ ਕੀਤਾ ਸੀ ਕਿ ਜਿਤਨੇ ਇਨਾਮੀ ਖ਼ਾੜਕੂ ਕੁਲਬੀਰਾ ਉਹਨਾਂ ਨੂੰ ਫੜਾਵੇਗਾ, ਉਹਨਾਂ ਇਨਾਮਾਂ ਵਿਚੋਂ ਅੱਧਾ ਹਿੱਸਾ ਸਿੱਧਾ ਇੰਦਰਜੀਤ ਦੇ ਹੱਥਾਂ ਵਿਚ ਆਵੇਗਾ। ਇਸ ਲਈ ਇੰਦਰਜੀਤ ਨੇ ਆਪਣੀ ਜਿ਼ੰਦਗੀ ਦਾਅ 'ਤੇ ਲਾ ਦਿੱਤੀ ਸੀ। ਪਰ ਇੱਥੇ ਇੰਦਰਜੀਤ ਨੂੰ ਕੋਈ ਖ਼ਤਰਾ ਵੀ ਨਹੀਂ ਸੀ। ਉਹ ਹਥਿਆਰਬੰਦ ਫ਼ੋਰਸਾਂ ਦੇ ਪਹਿਰੇ ਹੇਠ ਬਿਲਕੁਲ ਸੁਰੱਖਿਅਤ ਸੀ। ਸਰੀਰਕ ਤੌਰ 'ਤੇ ਉਹ ਕੁਲਬੀਰੇ ਨਾਲੋਂ ਨਿੱਗਰ ਸੀ। ਕਿਸੇ ਪਾਸਿਓਂ ਕੋਈ ਖ਼ਤਰਾ ਨਹੀਂ ਸੀ।
-"ਕੀ ਨਾਂ ਐਂ ਬਾਈ ਦਾ?" ਇੰਦਰਜੀਤ ਨੇ ਗੱਲ ਸ਼ੁਰੂ ਕੀਤੀ। ਤਕਰੀਬਨ ਸਾਰੀ ਦਿਹਾੜੀ ਉਹਨਾਂ ਨੇ ਜ਼ਬਾਨ ਸਾਂਝੀ ਨਹੀਂ ਕੀਤੀ ਸੀ। ਦੋਨੋਂ ਘੁੱਟੇ-ਘੁੱਟੇ ਜਿਹੇ ਰਹੇ ਸਨ।
-"ਕੁਲਬੀਰ...!" ਉਸ ਨੇ ਬਾਂਹ ਮੂੰਹ ਤੋਂ ਨਹੀਂ ਚੁੱਕੀ ਸੀ। ਉਹ ਕਿਸੇ ਦੁਬਿਧਾ ਵਿਚ ਸੀ।
-"ਕਿਹੜੇ ਕੇਸ 'ਚ ਫੜਿਆ ਗਿਆ?"
-"ਖਾੜਕੂਵਾਦ 'ਚ।"
-"ਤੂੰ ਖਾੜਕੂ ਐਂ?"
-"ਆਹੋ!"
ਇੰਦਰਜੀਤ ਚੁੱਪ ਹੋ ਗਿਆ।
ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਗੱਲ ਕਿੱਥੋਂ ਅਤੇ ਕਿਵੇਂ ਸ਼ੁਰੂ ਕਰੇ। ਉਹ ਸਵੇਰ ਤੋਂ ਹੀ ਸੋਚਾਂ ਸੋਚੀ ਆ ਰਿਹਾ ਸੀ।
-"ਤੈਨੂੰ ਕਿਹੜੇ ਕੇਸ 'ਚ ਲਿਆਏ ਐ?" ਕੁਲਬੀਰੇ ਨੇ ਉਸ ਵੱਲ ਪਾਸਾ ਪਰਤਦਿਆਂ ਸਵਾਲ ਕੀਤਾ।
-"ਮੈਂ ਤਾਂ ਕੀਤਾ ਈ ਕੁਛ ਨਹੀਂ ਬਾਈ ਜੀ!"
-"ਫੇਰ ਤੈਨੂੰ ਕਾਹਤੋਂ ਵਲੀ ਬੈਠੇ ਐ?"
-"ਮੇਰਾ ਵੱਡਾ ਭਰਾ ਖ਼ਾੜਕੂਆਂ ਨਾਲ ਸੀ-ਪਰ ਪਤਾ ਨਹੀਂ ਕਿਵੇਂ ਮਾਰਿਆ ਗਿਆ-ਹੁਣ ਇਹ ਪੁੱਛਦੇ ਐ ਬਈ ਉਹਦੇ ਨਾਲ ਕਿਹੜੇ ਕਿਹੜੇ ਖ਼ਾੜਕੂ ਆਉਂਦੇ ਐ?"
-"ਕੀ ਨਾਂ ਸੀ ਤੇਰੇ ਭਾਈ ਦਾ?"
-"ਕੁਲਦੀਪ-!"
-"ਕੁਲਦੀਪ....!" ਕੁਲਬੀਰਾ ਪਿਆ ਪਿਆ ਛਾਲ ਮਾਰ ਕੇ ਉਠਿਆ।
-"ਕੁਲਦੀਪ ਝੰਡੇਆਣੀਆਂ?"
-"ਹਾਂ ਬਾਈ-ਤੂੰ ਉਹਨੂੰ ਜਾਣਦੈਂ?"
-"ਕੁਲਦੀਪ ਤਾਂ ਮੇਰੇ ਨਾਲ ਹੁੰਦਾ ਸੀ।"
-"ਹੈਂ...! ਅੱਛਾ...!!"
-"ਹੋਰ...!"
-"ਤੇ ਬਾਈ ਉਹ ਮਾਰਿਆ ਕੀਹਨੇ?"
-"ਕਾਕੇ ਨੇ।"
-"..........।" ਇੰਦਰਜੀਤ ਸਾਹ ਖਿੱਚ ਕੇ ਬੈਠ ਗਿਆ।
-"ਮੈਂ ਤਾਂ ਕਿਸੇ ਖ਼ਾੜਕੂ ਨੂੰ ਦੇਖਿਆ ਨਹੀਂ-ਪਰ ਇਹ ਬਥੇਰ੍ਹੇ ਲਾਲਚ ਦਿੰਦੇ ਐ-ਬਈ ਕੋਈ ਖ਼ਾੜਕੂ ਫੜਾ ਦੇਹ-ਤੈਨੂੰ ਆਹ ਦੇ ਦਿਆਂਗੇ-ਕੋਈ ਕੋਠੀ ਅਲਾਟ ਕਰਵਾ ਦਿਆਂਗੇ-ਹਥਿਆਰਬੰਦ ਬਾਡੀਗਾਰਡ ਦਿਆਂਗੇ-ਖ਼ਾੜਕੂਆਂ 'ਤੇ ਰੱਖੇ ਇਨਾਮ ਸਾਰੇ ਤੇਰੇ-ਸਾਰੀ ਕਾਰਵਾਈ ਗੁਪਤ ਰੱਖੀ ਜਾ ਜਾਊਗੀ-ਜੌਹ ਐ-ਵੌਹ ਐ...!"
-"ਜੇ ਹੈਗੈ ਨਿਗਾਹ 'ਚ ਕੋਈ ਫੜਾ ਦੇਹ-ਅੱਜ ਨਹੀਂ ਤਾਂ ਕੱਲ੍ਹ-ਫੜੇ ਤਾਂ ਉਹਨਾਂ ਨੇ ਜਾਣਾ ਈ ਐ।"
-"ਬਾਈ ਜੀ ਜਦੋਂ ਮੈਂ ਕਿਸੇ ਨੂੰ ਜਾਣਦਾ ਈ ਨਹੀਂ-ਫੜਾਵਾਂ ਕਿੱਥੋਂ? ਜੇ ਮੈਨੂੰ ਪਤਾ ਵੀ ਹੁੰਦਾ-ਮੈਂ ਫੇਰ ਵੀ ਨਹੀਂ ਫੜਾਉਂਦਾ ਸੀ।"
-"ਕਿਉਂ?"
-"ਮੈਂ ਮਰਨੈਂ ਬਾਈ? ਉਹ ਤਾਂ ਸੋਧਾ ਵੀ ਟੱਬਰ ਸਮੇਤ ਲਾਉਂਦੇ ਐ-ਇਹ ਤਾਂ ਚਾਹੇ ਛੱਡ ਈ ਦੇਣ-ਪਰ ਉਹਨਾਂ ਤੋਂ ਭੱਜ ਕੇ ਜਾਊਂ ਕਿੱਥੇ?"
-"ਕੀ ਨਾਂ ਐਂ ਤੇਰਾ?"
-"ਇੰਦਰਜੀਤ-।"
-"ਗੱਲ ਸੁਣ ਇੰਦਰਜੀਤ-ਹੁਣ ਖ਼ਾੜਕੂਆਂ ਦੀ ਉਹ ਚੜ੍ਹਤ ਨਹੀਂ ਰਹੀ।"
-"........।"
-"ਜੇ ਵਗਦੀ ਗੰਗਾ ਵਿਚ ਹੱਥ ਧੋਤੇ ਜਾਂਦੇ ਐ-ਧੋਅ ਲੈ! ਮੂਵਮੈਂਟ ਤਾਂ ਖੂਹ ਖਾਤੇ ਪਈ ਹੋਈ ਐ-ਤਕੜੇ ਤਕੜੇ ਖ਼ਾੜਕੂ ਪੁਲਸ ਨੇ ਚੁਣ ਧਰੇ-ਬਾਕੀ ਦੇ ਲਿਸਟਾਂ 'ਤੇ ਚੜ੍ਹੇ ਹੋਏ ਐ।"
ਇੰਦਰਜੀਤ ਨੇ ਸੋਚਿਆ, ਕੁਲਬੀਰਾ ਮੇਰੇ ਨਾਲ ਚਾਲ ਨਾ ਖੇਡਦਾ ਹੋਵੇ? ਪਰ ਇਹ ਮੇਰਾ ਕਰ ਵੀ ਕੀ ਲਵੇਗਾ? ਜੇ ਇਹ ਠਾਣੇਦਾਰ ਦੇ ਆਖੇ ਨਾ ਲੱਗਿਆ ਤਾਂ ਉਹਨੇ ਇਹਨੂੰ ਬੱਕਰੇ ਵਾਂਗੂੰ ਕੁਤਰ ਕੇ ਪਰ੍ਹੇ ਮਾਰਨੈਂ!
-"ਜੇ ਬਾਈ ਇਹੀ ਸ਼ਰਤ ਠਾਣੇਦਾਰ ਤੇਰੇ ਅੱਗੇ ਰੱਖ ਦੇਵੇ-ਤਾਂ ਤੂੰ ਕੀ ਕਰੇਂਗਾ?" ਇੰਦਰਜੀਤ ਨੇ ਉਹਨੂੰ ਤਹਿ ਤੱਕ ਫਰੋਲਣਾ ਚਾਹਿਆ।
-"ਜੇ ਤੇਰੇ ਵਾਲੀਆਂ ਸਹੂਲਤਾਂ ਦੇਣ ਲਈ ਠਾਣੇਦਾਰ ਮੇਰੇ ਨਾਲ ਵਾਅਦਾ ਕਰੇ-ਤਾਂ ਮੈਂ ਤਾਂ ਪਲ ਨਾ ਲਾਵਾਂ।" ਕੁਲਬੀਰਾ ਵਾਕਿਆ ਹੀ ਗੱਦਾਰੀ 'ਤੇ ਉਤਰ ਆਇਆ ਸੀ।
-"ਜੇ ਐਸ਼ ਦੀ ਜਿ਼ੰਦਗੀ ਹਾਕਾਂ ਮਾਰੇ-ਸੁੱਖ ਕੇ ਦਿੱਤੈ ਬਈ ਕੰਡੇ ਮਰਵਾਉਂਦੇ ਫਿਰੀਏ?"
-"ਤੈਨੂੰ ਬਾਈ ਉਹ ਮਾਰ ਦੇਣਗੇ।"
-"ਮਾਰਨ ਨੂੰ ਤਾਂ ਉਹ ਮੈਨੂੰ ਪਹਿਲਾਂ ਈ ਫਿਰਦੇ ਐ! ਜੇ ਉਦੇਂ ਮੈਂ ਕੁਲਦੀਪ ਦੇ ਕੋਲ ਹੁੰਦਾ-ਉਹ ਮੇਰਾ ਵੀ ਨਾਲ ਈ ਡੰਡਾ ਡੁੱਕ ਦਿੰਦੇ-ਇਸ ਤੋਂ ਪਹਿਲਾਂ ਕਿ ਵਿਰੋਧੀ ਤੁਹਾਨੂੰ ਮਾਰੇ-ਉਹਦਾ ਫਣ ਚਿੱਪ ਮਾਰੋ! ਜੱਥੇਬੰਦੀ ਤੋਂ ਤਾਂ ਉਹਨਾਂ ਨੇ ਮੈਨੂੰ ਕਦੋਂ ਦਾ ਫਾਰਗ ਕੀਤਾ ਵਿਐ।"
ਇੰਦਰਜੀਤ ਸਮਝ ਗਿਆ ਕਿ ਕੁਲਬੀਰਾ ਖ਼ਾੜਕੂ ਜ਼ਰੂਰ ਫੜਾ ਦੇਵੇਗਾ।
-"ਤੈਨੂੰ ਬਾਈ ਉਹ ਕਾਹਤੋਂ ਮਾਰਨ ਨੂੰ ਫਿਰਦੇ ਐ?"
-"ਬੱਸ ਯਾਰ ਸਾਥੋਂ ਈ ਕੁਛ ਗਲਤੀਆਂ ਹੋ ਗਈਆਂ-ਪਰ ਉਹਨਾਂ ਨੇ ਵੀ ਘੱਟ ਨਹੀਂ ਕੀਤੀ-ਸਾਡਾ ਬੰਦਾ ਮਿੰਟ 'ਚ ਮਾਰ ਕੇ ਤੁਰ ਗਏ।" ਉਹ ਫਿਰ ਪੈ ਗਿਆ।
ਰਾਤ ਦੇ ਅੱਠ ਕੁ ਵਜੇ ਠਾਣੇਦਾਰ ਕੌਡੀਆਂ ਵਾਲੇ ਦਾ ਇੱਕ ਵਿਸ਼ਵਾਸ਼-ਪਾਤਰ ਰੋਟੀ ਲੈ ਕੇ ਆ ਗਿਆ। ਰੋਟੀ ਫੜਦੇ ਇੰਦਰਜੀਤ ਨੇ ਉਸ ਦਾ ਹੱਥ ਘੁੱਟ ਦਿੱਤਾ। ਜਿਸ ਦਾ ਪ੍ਰਤੱਖ ਇਸ਼ਾਰਾ ਸੀ ਕਿ ਸਵੇਰੇ ਠਾਣੇਦਾਰ ਉਸ ਨੂੰ ਲਾਜ਼ਮੀ ਮਿਲੇ।
ਉਹਨਾਂ ਰੋਟੀ ਖਾ ਲਈ। ਬੰਦਾ ਭਾਂਡੇ ਬੰਨ੍ਹ ਕੇ ਤੁਰ ਗਿਆ।
-"ਸੌਂਈਏ ਯਾਰ ਬਹੁਤ ਹੰਭੇ ਪਏ ਐਂ-ਕੀ ਪਤੈ ਇਹਨਾਂ ਨੇ ਕਿਹੜੇ ਮੌਕੇ ਉਠਾ ਕੇ ਮੂਧਾ ਪਾ ਲੈਣੈਂ।" ਕੁਲਬੀਰੇ ਨੇ ਮੂੰਹ 'ਤੇ ਕੰਬਲ ਲੈਂਦਿਆਂ ਕਿਹਾ। ਉਹ ਕਈ ਰਾਤਾਂ ਦਾ ਅਨੀਂਦਰਾ ਵੀ ਸੀ।
-"ਜੇ ਬਾਈ ਮੂਧਾ ਪਾਉਣਾ ਹੁੰਦਾ ਪ੍ਰਛਾਦੇ ਨਹੀਂ ਛਕਾਉਂਦੇ ਸੀ-ਹੁਣ ਨੂੰ ਘੜ੍ਹੀਸ ਲੈਂਦੇ।"
-"ਬੱਕਰੇ ਨੂੰ ਬਲੀ ਦੇਣ ਤੋਂ ਪਹਿਲਾਂ ਮਹਿੰਦੀ ਲਾ ਕੇ ਸਿ਼ੰਗਾਰਿਆ ਜਾਂਦੈ-ਤਰ੍ਹਾਂ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਐ-ਬਲੀ ਦੇਣ ਤੋਂ ਬਾਅਦ ਫਿਰ ਉਸ ਨੂੰ ਚਸਕੇ ਲਾ ਲਾ ਕੇ ਖਾਧਾ ਜਾਂਦੈ-ਬਿਸਮਿੱਲਾ ਕਹਿ ਕੇ ਜਦੋਂ ਗਰਦਨ 'ਤੇ ਛੁਰੀ ਫਿਰਦੀ ਐ-ਉਦੋਂ ਬੱਕਰੇ ਨੂੰ ਪੜ੍ਹੀਆਂ ਜਾਣ ਵਾਲੀਆਂ ਕਲਮਾਂ ਨਹੀਂ ਸੁਣਦੀਆਂ, ਬਾਈ।"
-"ਚੱਲ ਬਾਈ ਸੌਂ ਜਾਹ-ਜੋ ਹੋਊ ਦੇਖੀ ਜਾਊ।" ਇੰਦਰਜੀਤ ਵੀ ਕੰਬਲ ਦੱਬ ਕੇ ਪੈ ਗਿਆ।
ਕੁਲਬੀਰ ਨੂੰ ਤਾਂ ਪੈਣ ਸਾਰ ਹੀ ਨੀਂਦ ਆ ਗਈ। ਪਰ ਇੰਦਰਜੀਤ ਸੋਚਾਂ ਦੀਆਂ ਘੁੰਮਣਘੇਰੀਆਂ ਵਿਚ ਫ਼ਸਿਆ ਹੋਇਆ ਸੀ। ਕੁਲਬੀਰਾ ਤਾਂ ਜਿੰਨਾ ਉਸ ਨੇ ਸੋਚਿਆ ਸੀ, ਉਸ ਨਾਲੋਂ ਵੀ ਸੌਖਾ ਹੀ ਹੱਥ ਵਿਚ ਆ ਗਿਆ ਸੀ। ਪਰ ਇੰਦਰਜੀਤ ਪੈਰ ਨਹੀਂ ਛੱਡਣੇਂ ਚਾਹੁੰਦਾ ਸੀ। ਉਹ ਗੱਲੀਂ ਬਾਤੀਂ ਠਾਣੇਦਾਰ ਨੂੰ ਇੱਕ ਅੱਧਾ ਦਿਨ ਹੋਰ ਟਰਕਾਉਣਾ ਚਾਹੁੰਦਾ ਸੀ। ਇਨਾਮਾਂ ਵਿਚੋਂ ਮਿਲਣ ਵਾਲੀ ਰਕਮ ਲਈ ਪੱਕਾ ਥੜ੍ਹਾ ਤਿਆਰ ਕਰਨਾ ਚਾਹੁੰਦਾ ਸੀ। ਉਸ ਅੰਦਰ ਕੋਇਲ-ਕਾਂ ਵਾਲਾ ਯੁੱਧ ਚੱਲ ਰਿਹਾ ਸੀ।
ਤੜਕਿਓਂ ਚਾਹ ਪੀਣ ਸਾਰ ਹੀ ਇੰਦਰਜੀਤ ਨੂੰ ਬਾਹਰ ਕੱਢ ਲਿਆ। ਹੱਥਕੜੀ ਉਸ ਦੇ ਲੱਗੀ ਹੋਈ ਸੀ। ਕਾਲੇ ਸ਼ੀਸਿ਼ਆਂ ਵਾਲੀ ਵੈਨ ਉਸ ਨੂੰ ਲੱਦ ਕੇ ਲੈ ਗਈ। ਵੈਨ ਵਿਚ ਬੈਠਣ ਸਾਰ ਹੀ ਉਸ ਦੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਗਈਆਂ। ਉਸ ਨੇ ਗੁੱਟ ਮਸਲਣੇਂ ਸ਼ੁਰੂ ਕਰ ਦਿੱਤੇ।
ਵੈਨ ਹੋਟਲ ਮੂਹਰੇ ਜਾ ਕੇ ਰੁਕ ਗਈ। ਇੰਦਰਜੀਤ ਅਪਾਰਟਮੈਂਟ ਵਿਚ ਪਹੁੰਚ ਗਿਆ। ਠਾਣੇਦਾਰ ਪਹਿਲਾਂ ਹੀ ਉਸ ਦੀ ਉਡੀਕ ਕਰ ਰਿਹਾ ਸੀ।
-"ਸਾਸਰੀਕਾਲ ਜੀ...!"
-"ਬੈਠ....!" ਅੱਜ ਠਾਣੇਦਾਰ ਦਾ ਰੁਕ ਕੁਝ ਬਦਲਿਆ ਹੋਇਆ ਸੀ।
-"ਪਈ ਕੋਈ ਮਿਹਨਤ ਪੱਲੇ?"
-"ਮੇਰਾ ਉਹਦੀ ਪੂਛ ਨੂੰ ਵੱਟ ਚਾਹੜਿਆ ਹੋਇਐ ਜੀ।"
-"ਕਈ ਵਾਰੀ ਪੂਛ ਮਰੋੜੀ ਤੋਂ ਪਸ਼ੂ ਮੋਕ ਦੀ ਧਰਾਲ੍ਹ ਮੂੰਹ 'ਤੇ ਮਾਰਦੈ-ਮੂੰਹ ਤਾਂ ਲਿੱਬੜਦਾ ਈ ਲਿੱਬੜਦੈ ਤੇ ਨਾਲ ਦੀ ਨਾਲ ਮੁਸ਼ਕ ਵੀ ਆਉਂਦੈ ਤੇ ਦਿਸਣਾ ਵੀ ਬੰਦ ਹੋ ਜਾਂਦੈ-ਜੱਗ ਹਸਾਈ ਵਾਧੂ ਦੀ ਹੋ ਜਾਂਦੀ ਐ-ਤੇ ਯਾਦ ਕਰ ਕਰ ਭੁੱਖ ਵੀ ਲੱਗਣੋਂ ਹਟ ਜਾਂਦੀ ਐ।" ਠਾਣੇਦਾਰ ਉਸ ਦੇ ਚਿਹਰੇ ਤੋਂ ਚਲਾਕੀ ਪੜ੍ਹ ਗਿਆ ਸੀ।
ਠਾਣੇਦਾਰ ਦੀਆਂ ਕੀਤੀਆਂ ਗੋਲ ਗੱਲਾਂ ਸੁਣ ਕੇ ਇੰਦਰਜੀਤ ਅੰਦਰੋਂ ਥਿੜਕ ਗਿਆ। ਉਹ ਸੋਚ ਰਿਹਾ ਸੀ ਕਿ ਕਿਤੇ ਕੌਡੀਆਂ ਵਾਲੇ ਨੇ ਸਾਡੀਆਂ ਗੱਲਾਂ ਸੁਣ ਤਾਂ ਨਹੀਂ ਲਈਆਂ ਸਨ?
-"ਸਾਹਿਬ ਬਹਾਦਰ! ਮੈਨੂੰ ਅੱਜ ਦਾ ਦਿਨ ਅਤੇ ਰਾਤ ਦਿੱਤੀ ਜਾਵੇ-ਕੱਲ੍ਹ ਨੂੰ ਮੈਂ ਤੁਹਾਡੇ ਜ਼ਰੂਰ ਕੁਛ ਨਾ ਕੁਛ ਪੱਲੇ ਪਾਵਾਂਗਾ।"
-"ਦਿੱਤੇ...! ਪਰ ਕੱਲ੍ਹ ਨੂੰ ਮੈਨੂੰ ਨਿਰਾਸ਼ ਨਾ ਕਰੀਂ!"
-"ਵਾਅਦਾ ਰਿਹਾ ਸਾਹਿਬ ਬਹਾਦਰ।"
ਉਹ ਉਠ ਖੜ੍ਹੇ।
ਜਦੋਂ ਉਹ ਹੋਟਲ ਦੀਆਂ ਪੌੜੀਆਂ ਉਤਰ ਰਹੇ ਸਨ ਤਾਂ ਦੂਰੋਂ ਰੈਂਸੀ ਦੀ ਨਜ਼ਰ ਉਹਨਾਂ 'ਤੇ ਪਈ। ਰੈਂਸੀ ਹੋਟਲ ਦੇ ਸਾਹਮਣੇ ਵਾਲੀ ਜੁੱਤੀਆਂ ਦੀ ਦੁਕਾਨ 'ਤੇ ਖੜ੍ਹਾ ਸੀ। ਠਾਣੇਦਾਰ ਉਂਗਲਾਂ ਮਾਰ ਮਾਰ ਕੇ ਇੰਦਰਜੀਤ ਨੂੰ ਕੁਝ ਸਮਝਾ ਰਿਹਾ ਸੀ ਜਾਂ ਕੋਈ ਹਦਾਇਤ ਕਰ ਰਿਹਾ ਸੀ। ਰੈਂਸੀ ਅੰਦਰ ਅੱਗ ਮੱਚੀ। ਅੱਖਾਂ ਵਿਚ ਖੂਨ ਉਤਰ ਆਇਆ। ਉਸ ਦੇ ਦਿਲ ਵਿਚ ਆਈ ਕਿ ਦੋਹਾਂ ਨੂੰ ਰਿਵਾਲਵਰ ਦੀ ਗੋਲੀ ਨਾਲ ਉੜਾ ਦੇਵੇ! ਪਰ ਮੌਕਾ ਸਾਥ ਨਹੀਂ ਦੇ ਰਿਹਾ ਸੀ। ਕੀ ਪਤੈ ਕਾਲੇ ਸ਼ੀਸਿ਼ਆਂ ਵਾਲੀ ਵੈਨ ਵਿਚ ਕਿੰਨੇ ਕੁ ਹਥਿਆਰਬੰਦ ਸਿਪਾਹੀ ਹੋਣਗੇ? ਮਰਨ ਦਾ ਰੈਂਸੀ ਨੂੰ ਕੋਈ ਡਰ ਨਹੀਂ ਸੀ। ਡਰ ਉਸ ਨੂੰ ਠਾਣੇਦਾਰ ਅਤੇ ਇੰਦਰਜੀਤ ਦੇ ਬਚ ਕੇ ਨਿਕਲ ਜਾਣ ਦਾ ਸੀ। ਉਸ ਨੇ ਪੂਰਾ ਤਿਆਰ-ਬਰ-ਤਿਆਰ ਹੋ ਕੇ ਇੱਥੇ ਹੀ ਸਰਗਰਮ ਰਹਿਣ ਲਈ ਸੋਚ ਲਿਆ। ਫਿਰ ਰੈਂਸੀ ਨੇ ਦੇਖਿਆ ਕਿ ਇੰਦਰਜੀਤ ਕਾਲੇ ਸ਼ੀਸਿ਼ਆਂ ਵਾਲੀ ਵੈਨ ਵਿਚ ਅਤੇ ਠਾਣੇਦਾਰ ਆਪਣੀ ਜਿਪਸੀ ਵਿਚ ਬੈਠ ਕੇ ਵੱਖੋ-ਵੱਖ ਦਿਸ਼ਾਵਾਂ ਨੂੰ ਤੁਰ ਪਏ।
ਰੈਂਸੀ ਜੁੱਤੀ ਲੈ ਆਪਣੇ ਰਾਹ ਪੈ ਗਿਆ। ਉਸ ਦੇ ਦਿਲ ਵਿਚ ਇਹ ਡਰ ਸੀ ਕਿ ਇੰਦਰਜੀਤ ਉਸ ਨੂੰ ਬਜ਼ਾਰ ਵਿਚ ਘੁੰਮਦੇ ਨੂੰ ਨਾ ਫੜਾ ਦੇਵੇ। ਉਸ ਨੇ ਤਾਂ ਫ਼ੋਰਸ ਨੂੰ ਇਸ਼ਾਰਾ ਹੀ ਕਰ ਦੇਣਾ ਸੀ। ਕੌਡੀਆਂ ਵਾਲੇ ਨੂੰ ਸੋਧਾ ਲਾਉਣਾ ਤਾਂ ਵਿਚੇ ਹੀ ਰਹਿ ਜਾਣਾ ਸੀ। ਦਿਲ ਦੀਆਂ ਸਧਰਾਂ ਦਿਲ ਵਿਚ ਹੀ ਰਹਿ ਜਾਣੀਆਂ ਸਨ। ਉਹ ਸੋਚ ਰਿਹਾ ਸੀ ਕਿ ਇਕ ਵਾਰ ਠਾਣੇਦਾਰ ਅਤੇ ਇੰਦਰਜੀਤ ਨੂੰ ਲੈ ਲਵਾਂ, ਫਿਰ ਚਾਹੇ ਨਾਲ ਹੀ ਮਰ ਜਾਵਾਂ। ਕੋਈ ਪ੍ਰਵਾਹ ਨਹੀਂ ਸੀ। ਉਹ ਮਰਨ ਮਾਰਨ 'ਤੇ ਤੁਲਿਆ ਹੋਇਆ ਸੀ। ਠਾਣੇਦਾਰ ਅਤੇ ਇੰਦਰਜੀਤ ਤੋਂ ਬਿਨਾ ਉਸ ਨੂੰ ਕੁਝ ਦਿਸ ਹੀ ਨਹੀਂ ਰਿਹਾ ਸੀ। ਉਸ ਨੇ ਘਾੜਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਉਹ ਅਜਿਹਾ ਐਕਸ਼ਨ ਕਰਨਾ ਚਾਹੁੰਦਾ ਸੀ ਕਿ ਸਿਰਫ਼ ਇੰਦਰਜੀਤ ਅਤੇ ਠਾਣੇਦਾਰ ਹੀ ਮਰਨ, ਹੋਰ ਕਿਸੇ ਬੇਕਸੂਰ ਦੀ ਜਾਨ ਨਾ ਜਾਵੇ। ਕੋਈ ਗਰੀਬ ਨਾ ਮਾਰਿਆ ਜਾਵੇ।
ਕਾਲੇ ਸ਼ੀਸਿ਼ਆਂ ਵਾਲੀ ਵੈਨ ਨੇ ਫਿਰ ਉਸ ਨੂੰ ਉਸ ਟਿਕਾਣੇਂ 'ਤੇ ਹੀ ਪਹੁੰਚਾ ਦਿੱਤਾ। ਹੱਥਕੜੀਆਂ ਉਸ ਦੇ ਫਿਰ ਜੜ ਦਿੱਤੀਆਂ ਗਈਆਂ ਸਨ।
ਲੱਤ ਮਾਰ ਕੇ ਇਕ ਸਿਪਾਹੀ ਨੇ ਉਸ ਨੂੰ ਕਮਰੇ ਅੰਦਰ ਕਰ ਦਿੱਤਾ।
-"ਮੇਰੇ ਸਾਲੇ ਪਸ਼ੂਆਂ ਮਾਂਗੂੰ ਧੱਕੇ ਮਾਰਦੇ ਐ।" ਇੰਦਰਜੀਤ ਡਿੱਗਦਾ ਮਸਾਂ ਹੀ ਬਚਿਆ ਸੀ।
-"ਅੱਜ ਕਾਹਦੇ ਵਾਸਤੇ ਲੈ ਕੇ ਗਏ ਸੀ?"
-"ਬੱਸ ਅੰਨ੍ਹੇ ਮੂਹਰੇ ਬਾਤ ਪਾਈ-ਅੱਖਾਂ! ਇਕੋ ਈ ਗੱਲ ਐ, ਅਖੇ ਖ਼ਾੜਕੂ ਫੜਾ।"
-".......।" ਕੁਲਬੀਰਾ ਵੀ ਕਾਲਾ ਕਾਂ ਸੀ। ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ। ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪਿਆ ਸੀ। ਉਹ ਇਕ ਤੁਰਦੀ ਫਿਰਦੀ ਲਾਇਬਰੇਰੀ ਸੀ। ਉਸ ਨੇ ਸੋਚਿਆ ਬਈ ਜਿਵੇਂ ਇਹਨੂੰ ਮਹਿਮਾਨਾਂ ਵਾਂਗੂੰ ਲੈ ਕੇ ਜਾਂਦੇ ਐ ਤੇ ਫੇਰ ਸਹੀ ਸਲਾਮਤ ਛੱਡ ਜਾਂਦੇ ਐ-ਖ਼ੈਰ ਹੱਥਾ ਇਹ ਵੀ ਨਹੀਂ! ਦਾਲ ਵਿਚ ਕਿਤੇ ਕਾਲਾ ਜ਼ਰੂਰ ਐ! ਕਿਸੇ ਨੇ ਕਿਸੇ ਨੂੰ ਕਿਹਾ ਕਿ ਤੇਰੀ ਮਾਂ ਅੱਜ ਗਹੀਰਿਆਂ ਵਿਚ ਕੀ ਕਰਦੀ ਫਿਰਦੀ ਸੀ? ਉਸ ਨੇ ਉਲਟਾ ਪੁੱਛਿਆ ਕਿ ਕੀਹਨੇ ਦੇਖਿਐ? ਕਹਿੰਦਾ ਅਖੇ ਮੇਰੀ ਮਾਂ ਨੇ! ਤੇ ਦੂਜਾ ਬੋਲਿਆ-ਖ਼ੈਰਾਂ ਹੱਥੀ ਤੇਰੀ ਮਾਂ ਵੀ ਨਹੀਂ!
ਇਕ ਚੁੱਪ ਛਾਈ ਹੋਈ ਸੀ। ਇੰਦਰਜੀਤ ਨੂੰ ਕੁਲਬੀਰੇ ਦੀ ਚੁੱਪ ਤੋਂ ਡਰ ਆਇਆ।
ਇਧਰ ਕੁਲਬੀਰਾ ਸੋਚ ਰਿਹਾ ਸੀ ਕਿ ਜੇ ਇਹ ਵਾਕਿਆ ਹੀ ਪੁਲੀਸ ਦਾ ਬੰਦਾ ਹੋਇਆ ਅਤੇ ਇਸ ਨਾਲ ਬਦਸਲੂਕੀ ਹੋ ਗਈ? ਤਾਂ ਫਿਰ ਧਰਮਰਾਜ ਮੂਹਰੇ ਜਾ ਕੇ ਹੀ ਅੱਖਾਂ ਖੁੱਲ੍ਹਣਗੀਆਂ।
-"ਬਾਈ ਆਪਣੇ ਨਾਲ ਇਹ ਕੀ ਕਰਨਗੇ? ਝੂਠੇ ਕੇਸ ਪਾਉਣਗੇ?" ਇੰਦਰਜੀਤ ਨੇ ਹੀ ਚੁੱਪ ਨੂੰ ਤੋੜਿਆ।
-"ਇਹਨਾਂ ਹੱਥ ਜਾਨ ਐਂ-ਜੋ ਮਰਜ਼ੀ ਐ ਕਰ ਸਕਦੇ ਐ।"
-"ਪਰ ਤੂੰ ਕਿਉਂ ਨਹੀਂ ਆਪਦੀ ਜਾਨ ਛੁਡਾਉਂਦਾ?"
-"ਮੈਂ ਕਿਸੇ ਖ਼ਾੜਕੂ ਨੂੰ ਜਾਣਦਾ ਈ ਨਹੀਂ।"
-"ਪੱਕੀ ਗੱਲ ਐ?"
-"ਹਾਂ।"
ਕੁਲਬੀਰੇ ਨੇ ਪਹਿਲਾਂ ਸੋਚਿਆ ਬਈ ਇਹਨੂੰ ਕਿਸੇ ਖ਼ਾੜਕੂ ਅੱਡੇ ਬਾਰੇ ਦੱਸ ਦਿਆਂ। ਪਰ ਫਿਰ ਉਸ ਨੇ ਮਨ ਬਦਲ ਲਿਆ। ਉਸ ਦੇ ਦਿਮਾਗ ਵਿਚ ਆਇਆ, ਜੇ ਮੈਂ ਭੇਦ ਦੇ ਦਿੱਤਾ ਤਾਂ ਫਿਰ ਮੈਨੂੰ ਲੈਣ ਦੇਣ ਨੂੰ ਕੀ ਐ? ਹੋ ਸਕਦੈ ਇਸ ਤੋਂ ਬਾਅਦ ਠਾਣੇਦਾਰ ਮੇਰੇ 'ਤੇ ਡੋਰੇ ਪਾਵੇ? ਹੋ ਸਕਦੈ ਉਹ ਇਹਦੇ ਵਾਲੀਆਂ ਸਹੂਲਤਾਂ ਮੈਨੂੰ ਵੀ ਆਫ਼ਰ ਕਰੇ? ਰਹਿੰਦੀ ਜਿ਼ੰਦਗੀ ਤਾਂ ਐਸ਼ ਦੀ ਨਿੱਕਲੂ! ਕੁਲਬੀਰਿਆ! ਸਿਆਣੇ ਕਹਿੰਦੇ ਹੁੰਦੇ ਐ, ਜੁੱਲ ਕੰਧੋਲੇ ਮੌਜਾਂ ਮਾਨਣ ਆਕੜ ਪਾਲੇ ਮਰਦੀ ਐ! ਤੂੰ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲੈ! ਦੇਸ਼ ਭਗਤਾਂ ਦੇ ਹਿੱਸੇ ਹਮੇਸ਼ਾ ਸਿਰਫ਼ ਫ਼ਾਂਸੀ ਹੀ ਆਈ ਐ! ਤੇ ਟੋਡੀਆਂ ਨੂੰ ਜਾਗੀਰਾਂ ਮਿਲੀਐਂ! ਹੁਣ ਸੋਚਣਾ ਤੇਰਾ ਕੰਮ ਐਂ! ਬਈ ਖਾਣੀ ਗੋਲੀ ਐ ਕਿ ਮੌਜ ਮਾਨਣੀ ਐਂ? ਪਰ ਫਿਰ ਤਾਂ ਨਰਕਾਂ ਦਾ ਭਾਗੀ ਹੋਵੇਂਗਾ! ਪਰ ਕੁਲਬੀਰਿਆ! ਨਰਕ ਸੁਰਗ ਕਿਸੇ ਨੇ ਦੇਖਿਐ? ਇਹ ਤਾਂ ਕਲਪਤਿ ਗੱਲਾਂ ਹਨ! ਤੂੰ ਐਥੋਂ ਦੀ ਸੋਚ-ਅੱਗੇ ਵੇਖੀ ਜਾਊ! ਇਹ ਜਿ਼ੰਦਗੀ ਨਿੱਤ ਨਿੱਤ ਹੱਥ ਨਹੀਂ ਆਉਣੀ! ਰਹਿੰਦੀ ਜਿ਼ੰਦਗੀ ਐਸ਼ ਦੀ ਕੱਟ! ਕੁਲਬੀਰੇ ਅੰਦਰ ਸੋਚਾਂ ਦਾ ਖੂਹ ਗਿੜ ਰਿਹਾ ਸੀ।
-"ਤੂੰ ਇਕ ਗੱਲ ਕਰ ਯਾਰ!" ਕੁਲਬੀਰਾ ਉਠ ਕੇ ਇੰਦਰਜੀਤ ਕੋਲ ਆ ਗਿਆ।
-"ਤੂੰ ਠਾਣੇਦਾਰ ਕੋਲ ਮੇਰੇ ਬਾਰੇ ਬਾਤ ਪਾ।"
-"ਕਾਹਦੀ...?"
-"ਤੂੰ ਠਾਣੇਦਾਰ ਨਾਲ ਮੇਰੀ ਗੱਲ ਕਰਵਾ ਤੇ ਮੈਂ ਆਪੇ ਤੇਰੀ ਖ਼ਲਾਸੀ ਕਰਵਾ ਦਿਊਂ।" ਕੁਲਬੀਰੇ ਨੇ ਆਪਣੀ ਅਸਲ ਗੱਲ ਬੋਚ, ਉਸ ਦੇ ਸਾਹਮਣੇ 'ਰਿਹਾਈ' ਦੇ ਦਾਣੇਂ ਖਿਲਾਰੇ।
-"ਬਾਤ ਤਾਂ ਮੈਂ, ਤਾਂ ਪਾਊਂ-ਜੇ ਉਹ ਹੁਣ ਮੈਨੂੰ ਬੁਲਾਊ-ਕੀ ਪਤੈ ਨਾ ਹੀ ਬੁਲਾਵੇ?" ਇੰਦਰਜੀਤ ਨੇ ਪੈਰ ਛੱਡਣੇ ਬੇਵਕੂਫ਼ੀ ਸਮਝੀ।
-"ਆਪਾਂ ਨੂੰ ਉਹ ਸਰਾਧ ਖੁਆਉਣ ਤਾਂ ਲੈ ਕੇ ਈ ਨਹੀਂ ਆਏ-ਗੌਰਮਿੰਟ ਦਾ ਇਹਨਾਂ ਨੂੰ ਐਲਾਨ ਐਂ ਬਈ ਖ਼ਾੜਕੂਵਾਦ 'ਤੇ ਕਾਬੂ ਪਾਓ-ਕਿਵੇਂ ਪਾਓ! ਇਸ ਲਈ ਆਪਣੇ ਨਾਲੋਂ ਉਹਨਾਂ ਨੂੰ ਜਿ਼ਆਦਾ ਕਾਹਲੀ ਐ-ਚੋਰ ਨਾਲੋਂ ਪੰਡ ਭਾਰੀ ਐ-ਤੂੰ ਰੋਟੀ ਦੇਣ ਆਏ ਬੰਦੇ ਕੋਲ ਸੁਨੇਹਾਂ ਭੇਜ ਬਈ ਤੂੰ ਠਾਣੇਦਾਰ ਨਾਲ ਗੱਲ ਕਰਨੀ ਐਂ।"
-"ਸੁਨੇਹਾਂ ਕੀ ਦੇਵਾਂ? ਸਿਪਾਹੀ ਤਾਂ ਗਾਲ੍ਹ ਤੋਂ ਬਿਨਾ ਗੱਲ ਨਹੀਂ ਕਰਦੇ?"
-"ਇਹ ਸਾਰੇ ਇਕੋ ਬੇੜੀ ਦੇ ਵੱਟੇ ਐ-ਅੰਦਰੋਂ ਇਹਨਾਂ ਦੀ ਗੱਲ ਇਕ ਹੀ ਹੁੰਦੀ ਐ-ਮਿਰਗਾਂ ਦੀ ਡਾਰ 'ਚ ਕੋਈ ਕਮਚਾਲਾ ਨਹੀਂ ਹੁੰਦਾ-ਸਾਰੇ ਇਕ ਦੂਜੇ ਤੋਂ ਵਧ ਕੇ ਛਾਲ ਮਾਰਦੇ ਐ।"
ਉਹਨਾਂ ਦੇ ਗੱਲਾਂ ਕਰਦਿਆਂ ਰੋਟੀ ਆ ਗਈ।
ਜਦ ਬੰਦਾ ਰੋਟੀ ਦੇ ਕੇ ਮੁੜਨ ਲੱਗਿਆ ਤਾਂ ਇੰਦਰਜੀਤ ਨੇ ਉਸ ਨੂੰ ਅੱਖ ਮਾਰ ਕੇ ਰੋਕ ਲਿਆ।
-"ਬਾਈ ਜੀ ਗੱਲ ਸੁਣਿਓਂ...!"
-"ਭੈਣ ਦਿਆ ਖਸਮਾਂ! ਤੈਨੂੰ ਬੋਲਣ ਦੀ ਅਕਲ ਵੀ ਨਹੀਂ ਉਏ..?" ਉਸ ਨੇ ਦੰਦ ਘੁੱਟ ਕੇ ਇੰਦਰਜੀਤ ਦੇ ਇਕ ਮੁੱਕੀ ਮਾਰੀ। ਉਸ ਦੀ ਪੱਗ ਡਿੱਗ ਪਈ।
ਪਰ ਉਹ ਸੰਭਲਿਆ।
-"ਸਰਦਾਰ ਬਹਾਦਰ ਮੇਰੀ ਗੱਲ ਤਾਂ ਸੁਣੋਂ!"
-"ਜੇ ਇਉਂ ਪਹਿਲਾਂ ਈ ਨਿੱਕੀ ਯਹਾ ਦਿੰਦਾ..? ਹਾਂ..! ਹੁਣ ਬਕ..?"
-"ਮੈਂ ਠਾਣੇਦਾਰ ਸਾਹਿਬ ਨਾਲ ਗੱਲ ਕਰਨੀ ਐਂ।"
-"ਠਾਣੇਦਾਰ ਸਿਰਫ਼ ਤੇਰੇ 'ਤੇ ਈ ਐ? ਉਹਨੂੰ ਹੋਰ ਬਥੇਰ੍ਹੇ ਕੰਮ ਐਂ!"
-"ਸਾਹਿਬ ਬਹਾਦਰ ਮੇਰਾ ਸੁਨੇਹਾਂ ਤਾਂ ਪਹੁੰਚਾ ਦਿਓਂਗੇ?"
-".........।" ਉਹ ਤੁਰ ਗਿਆ।
-"ਲੈ ਬਾਈ..! ਗੱਲ ਈ ਨਹੀਂ ਗੌਲਦੇ ਭੈਣ ਦੇ ਲੱਕੜ-ਅੱਖ ਈ ਨਹੀਂ ਮਿਲਾਉਂਦੇ!" ਇੰਦਰਜੀਤ ਪਿੱਟਿਆ।
ਸ਼ਾਮ ਨੂੰ ਹੀ ਇੰਦਰਜੀਤ ਨੂੰ ਵੈਨ ਲੈ ਗਈ।
-"ਸਾਹਿਬ ਬਹਾਦਰ-ਬੰਦਾ ਮੈਂ ਸਾਣ 'ਤੇ ਲਾ ਦਿੱਤੈ-ਜਿੱਥੇ ਮਰਜੀ ਐ ਵਾਹ ਲਿਓ...!"
-"ਤੂੰ ਅੱਜ ਦੀ ਰਾਤ ਉਥੇ ਈ ਕੱਟ-ਤੇ ਜਦੋਂ ਮੇਰੀ ਉਹਦੇ ਨਾਲ ਸਾਰੀ ਗੱਲ ਹੋ ਗਈ-ਤੂੰ ਹਫ਼ਤੇ ਖੰਡ ਲਈ ਡਲਹੌਜੀ ਸਰਬਜੀਤ ਕੋਲ ਚਲਿਆ ਜਾਹ-ਮੈਂ ਉਹਨੂੰ ਫ਼ੋਨ ਕਰ ਦਿੰਨੈ-ਉਹ ਤੈਨੂੰ ਮਿਹਰ ਹੋਟਲ ਵਿਚ ਮਿਲੂਗਾ-ਉਦੋਂ ਨੂੰ ਮੈਂ ਬਾਕੀ ਦੇ ਮੁੰਡੇ ਫੜ ਕੇ ਅੰਦਰ ਦਿੰਨੈ-ਉਦੋਂ ਤੱਕ ਤੇਰੀ ਜਾਨ ਨੂੰ ਖ਼ਤਰਾ ਈ ਖ਼ਤਰੈ-ਜਿੰਨਾ ਚਿਰ ਮੈਂ ਤੈਨੂੰ ਫ਼ੋਨ ਨਾ ਕਰਾਂ-ਤੂੰ ਡਲਹੌਜੀ ਤੋਂ ਨਹੀਂ ਆਉਣਾ-ਉਥੇ ਖਾਈਂ ਪੀਈਂ ਤੇ ਮੌਜ ਕਰੀਂ-ਤੇਰਾ ਸਾਰਾ ਖ਼ਰਚਾ ਸਰਬਜੀਤ ਝੱਲੂਗਾ-ਮੈਂ ਉਹਦੇ ਚੰਗੀ ਤਰ੍ਹਾਂ ਕੰਨ ਖਿੱਚ ਦਿੰਨੈਂ।"
-"ਠੀਕ ਐ ਸਰ! ਪਰ ਆਪਣੀਆਂ ਹੋਰ ਗੱਲਾਂ ਵਿਚ ਮੈਨੂੰ ਕਦੇ ਕਹਿਣਾ ਯਾਦ ਈ ਨਹੀਂ ਰਿਹਾ-।"
-"ਕੀ ਗੱਲ ਐ?" ਠਾਣੇਦਾਰ ਹੈਰਾਨ ਸੀ।
-"ਜਿਹੜਾ ਰੈਂਸੀ ਐ-ਉਹ ਬੜਾ ਹੱਥ ਧੋ ਕੇ ਤੁਹਾਡੇ ਮਗਰ ਪਿਆ ਵਿਐ-ਖਿ਼ਆਲ ਰੱਖਿਓ!" ਇੰਦਰਜੀਤ ਦੇ ਦਿਲ ਵਿਚ ਸੀ ਕਿ ਜੇ ਕੌਡੀਆਂ ਆਲਾ ਹੀ ਮਾਰਿਆ ਗਿਆ, ਫਿਰ ਮੇਰਾ ਵਾਲੀ-ਵਾਰਿਸ ਕੌਣ ਸੀ? ਠਾਣੇਦਾਰ ਤਾਂ ਉਸ ਲਈ ਇਕ ਰਿਜ਼ਰਵ-ਬੈਂਕ ਸੀ, ਜਿੱਥੋਂ ਉਸ ਨੂੰ ਚੈੱਕ ਪ੍ਰਾਪਤ ਹੋਣੇ ਸਨ! ਜੇ ਬੈਂਕ ਹੀ ਤਬਾਹ ਹੋ ਗਈ, ਤਾਂ ਫਿਰ ਨਾਅਵਾਂ ਕਿੱਥੋਂ ਆਉਣਾ ਸੀ? ਖੂਹ 'ਚੋਂ? ਇਸ ਲਈ ਉਹ ਠਾਣੇਦਾਰ ਦੀ ਸਲਾਮਤੀ ਹੀ ਮੰਗਦਾ ਸੀ।
ਠਾਣੇਦਾਰ ਉਚੀ ਉਚੀ ਹੱਸ ਪਿਆ।
-"ਉਹ ਮੈਨੂੰ ਭਾਲਦੇ ਫਿਰਦੇ ਐ-ਮੈਂ ਉਹਨਾਂ ਨੂੰ ਭਾਲਦਾ ਫਿਰਦੈਂ-ਇਕ ਦਿਨ ਤਾਂ ਟਾਕਰੇ ਹੋਣੇ ਹੀ ਹੋਣੇ ਐਂ-ਛੁਰੀ ਖ਼ਰਬੂਜੇ 'ਤੇ ਡਿੱਗੇ ਜਾਂ ਖ਼ਰਬੂਜਾ ਛੁਰੀ 'ਤੇ-ਹਸ਼ਰ ਇਕੋ ਹੀ ਹੋਣੈਂ!"
ਦੋਨੋਂ ਨਿੱਖੜ ਗਏ।
ਕੁਲਬੀਰਾ, ਐੱਸ ਪੀ ਦੀ ਹਾਜ਼ਰੀ ਵਿਚ ਠਾਣੇਦਾਰ ਨੇ ਮੁਕੰਮਲ ਤੌਰ 'ਤੇ ਹੱਥ ਹੇਠ ਕਰ ਲਿਆ ਸੀ। ਐੱਸ। ਪੀ। ਨੇ ਉਸ ਨੂੰ ਇਕ ਕੋਠੀ ਫਿ਼ਲਹਾਲ ਆਰਜ਼ੀ ਤੌਰ 'ਤੇ ਅਲਾਟ ਕਰਵਾ ਦਿੱਤੀ। ਜਿਹੜੀ ਗੌਰਮਿੰਟ ਨੇ ਖ਼ਾੜਕੂਆਂ ਨੂੰ ਪਨਾਂਹ ਦੇਣ ਦੇ ਦੋਸ਼ ਹੇਠ ਜਬਤ ਕੀਤੀ ਹੋਈ ਸੀ। ਮੋਟੀ ਰਕਮ ਪੇਸ਼ਗੀ, ਇੱਕ ਜਿਪਸੀ, ਅਸਲਾ ਅਤੇ ਹਥਿਆਰਬੰਦ ਬਾਡੀਗਾਰਡ ਮੁਹੱਈਆ ਕਰਵਾ ਦਿੱਤੇ ਗਏ ਸਨ। ਟੈਲੀਫ਼ੋਨ, ਫ਼ੈਕਸ, ਨੌਕਰ, ਗੱਲ ਕੀ ਹਰ ਸਹੂਲਤ ਕੁਲਬੀਰੇ ਨੂੰ ਗੌਰਮਿੰਟ ਵੱਲੋਂ ਮਿਲ ਗਈ ਸੀ। ਜਿਪਸੀ ਦਾ ਪੈਟਰੋਲ ਅਤੇ ਖਾਣ ਪੀਣ ਦਾ ਸਾਰਾ ਖ਼ਰਚਾ ਗੌਰਮਿੰਟ ਦੇ ਸਿਰ ਸੀ। ਪੁਲੀਸ ਵਾਲਿਆਂ ਨੇ ਇਕ 'ਚਗਲ' ਜਿਹੀ, ਪਰ ਨਖ਼ਰੇ ਵਾਲੀ ਸੁਨੱਖੀ ਔਰਤ ਉਸ ਦੀ ਕੋਠੀ ਲਿਆ ਬਿਠਾਈ ਸੀ। ਪੁਲੀਸ ਵਾਲਿਆਂ ਵਿਚ ਹੁਣ ਕੁਲਬੀਰਾ "ਕਾਲੇ" ਦੇ ਨਾਂ ਨਾਲ ਜਾਣਿਆਂ ਜਾਨਣ ਲੱਗਿਆ। ਹੁਣ ਉਹ ਬੁਰਸ਼ਾਗਰਦੀ 'ਤੇ ਉਤਰ ਡੋਗਰਿਆਂ ਵਰਗੀ "ਸ਼ਾਹੀ-ਠਾਠ" ਮਾਣਦਾ ਹੋਇਆ, ਹਰ ਤਰ੍ਹਾਂ ਨਾਲ ਐਸ਼ ਕਰਨ ਲੱਗਿਆ। ਉਹ ਦਾਰੂ ਪੀ ਕੇ, ਚਾਦਰਾ ਛੱਡ, ਗਲ ਵਿਚ ਕੈਂਠਾ ਪਾ ਹਮੇਸ਼ਾ ਜਾਨੀ ਬਣਿਆ, ਲਾਚੜਿਆ ਰਹਿੰਦਾ। ਕੋਠੀ ਦੇ ਆਲੇ ਦੁਆਲੇ ਅੱਠੇ ਪਹਿਰ ਹਥਿਆਰਬੰਦ ਪਹਿਰਾ ਰਹਿੰਦਾ।
ਠਾਣੇਦਾਰ ਤੋਂ ਲੈ ਕੇ ਐੱਸ। ਪੀ। ਤੱਕ ਉਸ ਦੀ ਕੋਠੀ ਗੇੜੇ ਮਾਰਦੇ ਅਤੇ ਪਿਆਲਾ ਸਾਂਝਾ ਕਰਦੇ ਰਹਿੰਦੇ। ਕਦੇ ਕਦਾਈਂ ਪੁਲੀਸ ਵਾਲੇ ਵੀ ਕੋਈ ਲੰਡਰ ਜਿਹੀ ਤੀਵੀਂ ਲਿਆ ਕੇ ਮਸਤੀ ਮਾਰ ਛੱਡਦੇ! ਦਾਰੂ ਪੀ ਛੱਡਦੇ! ਮੁਰਗੇ ਖਾ ਛੱਡਦੇ! ਗੱਲ ਕੀ ਕੋਠੀ ਇਕ ਮੁਜਰਾ-ਘਰ ਬਣ ਕੇ ਰਹਿ ਗਈ ਸੀ! ਕੋਠੀ ਇਕ ਮੌਜ ਮਸਤੀ ਦਾ ਅੱਡਾ ਬਣ ਕੇ ਰਹਿ ਗਈ! ਕੋਠੀ ਦੇ ਮੱਥੇ 'ਤੇ ਹਰ ਵਕਤ ਲੋਹੇ ਦੀ ਮੋਰਨੀ ਘੁਕਦੀ ਰਹਿੰਦੀ। ਅੰਦਰ ਬੱਕਰੇ ਬੋਲਦੇ ਰਹਿੰਦੇ। ਪਿਆਲੇ ਭਰਦੇ ਰਹਿੰਦੇ ਅਤੇ ਖਾਲੀ ਹੁੰਦੇ ਰਹਿੰਦੇ।
ਕੁਲਬੀਰੇ ਨੇ ਖ਼ਾੜਕੂ-ਲਹਿਰ ਦੇ ਜੜ੍ਹੀਂ ਦਾਤੀ ਫੇਰਨੀ ਸ਼ੁਰੂ ਕਰ ਦਿੱਤੀ!
ਪਹਿਲੇ ਹਫ਼ਤੇ ਹੀ ਉਸ ਨੇ ਕੈਟਾਂ ਸਮੇਤ ਕਾਲੇ ਸ਼ੀਸਿ਼ਆਂ ਵਾਲੀ ਵੈਨ ਵਿਚ ਬੈਠ ਤੇਜਇੰਦਰ ਅਤੇ ਰਾਜਵਿੰਦਰ ਫੜਵਾ ਦਿੱਤੇ! ਦੂਜੇ ਹਫ਼ਤੇ ਗੁਰਬੰਤ ਕਾਬੂ ਕਰਵਾ ਦਿੱਤਾ। ਹੁਣ ਪੁਲੀਸ ਦੀ ਅੱਖ ਸਿਰਫ਼ ਰੈਂਸੀ, ਰੇਸ਼ਮ ਅਤੇ ਗੁਰਪਾਲ 'ਤੇ ਸੀ! ਪਰ ਗੁਰਪਾਲ ਹੁਰਾਂ ਨੇ ਰੈਂਸੀ ਦੇ ਆਖੇ ਤੁਰੰਤ ਟਿਕਾਣਾ ਬਦਲ ਲਿਆ ਸੀ। ਉਹ ਅਸਲਾ ਅਤੇ ਲਿਟਰੇਚਰ ਚੁੱਕ ਹਿਮਾਚਲ ਪ੍ਰਦੇਸ ਵੱਲ ਨੂੰ ਨਿਕਲ ਗਏ ਸਨ। ਰੈਂਸੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਦ ਹੀ ਉਸ ਨੇ ਠਾਣੇਦਾਰ ਨੂੰ ਮਾਰ ਲਿਆ, ਉਹ ਉਹਨਾਂ ਕੋਲ ਹਿਮਾਚਲ ਪ੍ਰਦੇਸ ਪੁੱਜ ਜਾਵੇਗਾ ਅਤੇ ਉਸ ਤੋਂ ਬਾਅਦ ਕੋਈ ਨਵੀਂ ਰੂਪ-ਰੇਖਾ ਉਲੀਕੀ ਜਾਵੇਗੀ। ਹੋਰ ਕੁਝ ਰੈਂਸੀ ਨੇ ਖ਼ਾੜਕੂ ਜਰਨੈਲਾਂ ਨੂੰ ਕਹਿਣਾ ਬਹੁਤਾ ਚੰਗਾ ਨਾ ਸਮਝਿਆ। ਰੈਂਸੀ ਨੇ ਸੋਚਿਆ, ਸ਼ੇਰਾਂ ਦੇ ਪੁੱਤਾਂ ਨੂੰ ਸਿ਼ਕਾਰ ਕਰਨਾ ਕੌਣ ਸਿਖਾਉਂਦੈ? ਉਹ ਤਾਂ ਜੰਮਦੇ ਹੀ "ਅਸਤਰ" ਹੁੰਦੇ ਹਨ।
ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਠਾਣੇਦਾਰ ਨੇ ਫ਼ੋਨ ਕਰਕੇ ਇੰਦਰਜੀਤ ਨੂੰ ਬੁਲਾ ਲਿਆ ਅਤੇ ਹੋਟਲ ਪੁੱਜਣ ਦਾ ਹੁਕਮ ਦਿੱਤਾ। ਠਾਣੇਦਾਰ ਬਹੁਤ ਖੁਸ਼ ਸੀ। ਐੱਸ. ਪੀ. ਨੇ ਉਸ ਨੂੰ ਥਾਪੜਾ ਦਿੱਤਾ ਸੀ ਅਤੇ ਉਸ ਦੀ 'ਪ੍ਰਮੋਸ਼ਨ' ਦੇ ਪ੍ਰਵਾਨੇ ਆ ਗਏ ਸਨ। ਉਸ ਨੂੰ ਐੱਸ. ਐੱਚ. ਓ. ਤੋਂ ਸਿੱਧਾ ਇੰਸਪੈਕਟਰ ਬਣਾਇਆ ਜਾ ਰਿਹਾ ਸੀ। ਉਹ ਤਿੰਨ ਸਟਾਰਾਂ ਅਤੇ ਹੇਠ ਰੰਗ ਬਿਰੰਗੀ ਫ਼ੀਤੀ ਵਾਲੀ ਵਰਦੀ ਪਾਉਣ ਲਈ ਉਤਾਵਲਾ ਸੀ। ਸੁੱਤੇ ਪਏ ਠਾਣੇਦਾਰ ਨੂੰ ਵਾਰ-ਵਾਰ ਇੰਸਪੈਕਟਰੀ ਦੇ ਸੁਪਨੇ ਹੀ ਆਉਂਦੇ ਸਨ।
ਤੇਜਇੰਦਰ, ਰਾਜਵਿੰਦਰ ਅਤੇ ਗੁਰਬੰਤ ਨੂੰ ਅਜੇ ਹਵਾਲਾਤਾਂ ਵਿਚ ਹੀ ਸਖ਼ਤ ਪਹਿਰੇ ਹੇਠ ਡੱਕਿਆ ਹੋਇਆ ਸੀ। ਉਹਨਾਂ ਦੀ ਕਾਰਵਾਈ ਗੁਰਪਾਲ, ਰੇਸ਼ਮ ਅਤੇ ਰੈਂਸੀ ਹੋਰਾਂ ਦੀਆਂ ਗ੍ਰਿਫ਼ਤਾਰੀਆਂ ਤੱਕ ਰਾਖਵੀਂ ਰੱਖੀ ਹੋਈ ਸੀ। ਕਿਸੇ 'ਤੇ ਅਜੇ ਤੱਕ ਕੋਈ ਤਸ਼ੱਦਦ ਨਹੀਂ ਕੀਤਾ ਗਿਆ ਸੀ। ਠਾਣੇਦਾਰ ਬਾਕੀਆਂ ਨੂੰ ਫੜ ਕੇ ਇਹਨਾਂ ਸਮੇਤ ਪੂਰਾ ਗਰੋਹ ਗ੍ਰਿਫ਼ਤਾਰ ਸ਼ੋਅ ਕਰਕੇ, ਅਗਲੀ ਡੀ ਐੱਸ ਪੀ ਦੀ ਕੁਰਸੀ ਲਈ ਰਾਹ ਖੁੱਲ੍ਹਾ ਕਰਨਾ ਚਾਹੁੰਦਾ ਸੀ। ਤੇਜਇੰਦਰ ਹੋਰਾਂ 'ਤੇ ਤਸ਼ੱਦਦ ਕਰਕੇ ਉਹ ਸਮਾਂ ਨਹੀਂ ਗੁਆਉਣਾ ਚਾਹੁੰਦਾ ਸੀ। ਉਸ ਕੋਲ ਉਸ ਦਾ ਟਾਊਟ ਕੁਲਬੀਰਾ ਜਿਉਂ ਸੀ!! ਕੁਲਬੀਰਾ ਠਾਣੇਦਾਰ ਦਾ ਸੱਜਾ ਹੱਥ ਸੀ! ਕੁਲਬੀਰੇ ਦੀ ਬਦੌਲਤ ਠਾਣੇਦਾਰ ਇੰਸਪੈਕਟਰ ਦੀ ਪੋਸਟ 'ਤੇ ਪਹੁੰਚਿਆ ਸੀ! ਕੁਲਬੀਰਾ ਉਸ ਲਈ ਤਰੱਕੀ ਦਾ ਪਾਰਸ ਸੀ! ਕੁਲਬੀਰਾ ਉਸ ਲਈ ਰੱਬ ਸੀ! ਕੁਲਬੀਰਾ ਉਸ ਲਈ ਅਸਮਾਨੋਂ ਫ਼ਰਿਸ਼ਤਾ ਬਣ ਉਤਰਿਆ ਸੀ!
ਅਗਲੇ ਦਿਨ ਕੁਲਬੀਰਾ ਅਤੇ ਠਾਣੇਦਾਰ ਹੋਟਲ ਵਿਚ ਸਵੇਰ ਤੋਂ ਹੀ ਦਾਰੂ ਪੀ ਰਹੇ ਸਨ। ਕੁੱਕੜਾਂ ਦੀਆਂ ਟੰਗਾਂ ਚੱਬੀਆਂ ਜਾ ਰਹੀਆਂ ਸਨ। ਚੂੰਡੇ ਹੱਡ ਅਪਾਰਟਮੈਂਟ ਦੀ ਫ਼ਰਸ਼ 'ਤੇ ਹੀ ਸੁੱਟੇ ਜਾ ਰਹੇ ਸਨ। ਹੱਡੀਆਂ ਦੀ ਢੇਰੀ ਲੱਗਦੀ ਜਾ ਰਹੀ ਸੀ।
ਇੰਦਰਜੀਤ ਪਹੁੰਚ ਗਿਆ।
-"ਉਏ ਆ ਉਏ ਮੇਰਿਆ ਇੰਦਰਜੀਤ ਪੁੱਤਰਾ! ਮੇਰੀ ਹਿੱਕ ਨਾਲ ਲੱਗ! ਮੇਰੀ ਹਿੱਕ ਨਾਲ ਲੱਗ ਤੇਰੀ ਮਾਂ ਦੀ ਤੇਰੀ ਦੀ .... ਦਿੱਤਾ ਪਾ ਕੇ!" ਠਾਣੇਦਾਰ ਸ਼ਰਾਬੀ ਸੀ। ਖੁਸ਼ ਸੀ।
ਇੰਦਰਜੀਤ ਨੇ ਠਾਣੇਦਾਰ ਦੇ ਗੋਡੀਂ ਹੱਥ ਲਾਇਆ ਤਾਂ ਠਾਣੇਦਾਰ ਨੇ ਉਸ ਨੂੰ ਛਾਤੀ ਨਾਲ ਘੁੱਟ ਲਿਆ।
-"ਉਏ ਤੂੰ ਕੋਹੜ੍ਹੀਆ..! ਮੈਨੂੰ ਬੇਵਕੂਫ਼ ਈ ਬਣਾਉਂਦਾ ਰਿਹਾ? ਹੈਅ ਤੇਰੀ..! ਐਡੇ ਐਡੇ ਧੋਖੇ..?" ਕੁਲਬੀਰੇ ਨੇ ਇੰਦਰਜੀਤ ਨੂੰ ਪਿਆਰ ਦੀ ਚੁਪੇੜ ਜਿਹੀ ਮਾਰੀ। ਅਸਲ ਵਿਚ ਠਾਣੇਦਾਰ ਨੇ ਸਾਰੀ ਕਹਾਣੀ ਕੁਲਬੀਰੇ ਨੂੰ ਦੱਸ ਦਿੱਤੀ ਸੀ। ਹੁਣ ਲਕੋ ਵੀ ਕਾਹਦਾ ਸੀ? ਬੁੱਕਲ ਖੁੱਲ੍ਹੀ ਸੀ। ਬੁਰਕੀ ਸਾਂਝੀ ਸੀ! ਦੁਕਾਨਦਾਰੀ ਵਧੀਆ ਰੇਵੀਏ ਪਈ ਹੋਈ ਸੀ! ਨੰਗਾ ਨਾਚ ਸੀ! ਫਿਰ ਸ਼ਰਮ ਕਾਹਦੀ ਸੀ? ਲੋਈ ਲਾਹੀ ਹੋਈ ਸੀ!
-"ਲੈ ਫੜ ਪੀ...!" ਠਾਣੇਦਾਰ ਨੇ ਬੋਤਲ ਜੁਆਕ ਵਾਂਗ ਉਸ ਦੀ ਬੁੱਕਲ ਵਿਚ ਰੱਖ ਦਿੱਤੀ।
ਇੰਦਰਜੀਤ ਨੇ ਪੈੱਗ ਲਾ ਲਿਆ।
-"ਉਏ ਸਰਬਜੀਤ ਨੇ ਤੇਰੀ ਸੇਵਾ ਸੂਵਾ ਕੀਤੀ ਪੂਰੀ?"
-"ਪੂਰੀ ਜੀ-ਕੋਈ ਕਸਰ ਨਹੀਂ ਛੱਡੀ ਬਾਕੀ।"
-"ਤੀਮੀ ਤੂਮੀ ਦਾ ਸੁਆਦ ਵੀ ਦਿਖਾਇਆ?"
ਇੰਦਰਜੀਤ ਸ਼ਰਮ ਖਾ ਗਿਆ।
-"ਉਏ ਸੰਗਦੈਂ..? ਹੈਅ ਤੇਰੀ ਮਾਂ ਦੇ ਤੇਰੀ ਦੇ ਕੰਨ ਮਾਰੇ! ਖੁੱਲ੍ਹ ਕੇ ਦੱਸ-ਨਹੀਂ ਮੈਂ ਫ਼ੋਨ ਕਰਕੇ ਸਰਬਜੀਤੇ ਦੀ ਮਾਂ ਦੀ .... ਦਿੰਨੈਂ!"
-"ਨਹੀਂ ਜੀ ਸਾਰਾ ਕੁਛ ਕੀਤੈ-ਸ਼ਰਮ ਕਾਹਦੀ।"
-"ਲੈ ਇੰਦਰਜੀਤ ਮੈਂ ਬਣ ਗਿਆ ਇੰਸਪੈਕਟਰ ਤੇ ਤੂੰ ਕੱਲ੍ਹ ਤੋਂ ਈ ਏ। ਐੱਸ। ਆਈ। ਭਰਤੀ-ਪੈਸੇ ਤੇਰੇ ਬੈਂਕ ਅਕਾਊਂਟ ਵਿਚ ਇਸ ਹਫ਼ਤੇ ਈ ਆ ਜਾਣਗੇ-ਕੁਲਬੀਰਾ ਆਪਣਾ ਸਹਿਯੋਗੀ ਸ਼ੇਰ-ਹੁਣ ਤਾਂ ਗੁਰਪਾਲ ਹੁਰੀਂ ਹੱਥ ਆ ਜਾਣ-ਬੱਸ! ਡੀ। ਐੱਸ। ਪੀ। ਦੀ ਪੋਸਟ ਬਨੇਰੇ 'ਤੇ ਪਈ ਐ।"
-"ਵਧਾਈਆਂ ਸਰ!"
-"ਇਹ ਵਧਾਈਆਂ ਥੋਨੂੰ ਦੇਣੀਆਂ ਬਣਦੀਐਂ ਮੇਰੇ ਬੱਬਰ ਸ਼ੇਰੋ! ਆਪ ਕਾ ਹੀ ਨੂਰ ਹੈ ਜੋ ਪੜ ਰਹਾ ਹੈ ਹਮਾਰੇ ਚਿਹਰੇ ਪੇ-ਵਰਨਾ ਕੌਨ ਦੇਖਤਾ ਹਮੇਂ ਇਨ ਅੰਧੇਰੋਂ ਮੇਂ?" ਠਾਣੇਦਾਰ ਨੇ ਸ਼ੇਅਰ ਬੋਲਿਆ। ਉਸ ਨੇ ਦੋਹਾਂ ਨੂੰ ਘੁੱਟਿਆ ਹੋਇਆ ਸੀ।
-"ਗੁਰਪਾਲ ਹੋਰਾਂ ਦਾ ਕੁਛ ਪਤਾ ਲੱਗਿਆ ਸਰ?" ਇੰਦਰਜੀਤ ਨੇ ਠਾਣੇਦਾਰ ਨੂੰ ਪੁੱਛਿਆ।
-"ਉਹਨਾਂ ਨੇ ਟਿਕਾਣਾ ਬਦਲ ਲਿਆ-ਸ਼ਾਇਦ ਉਹਨਾਂ ਨੂੰ ਆਪਣੀ ਕਾਰਵਾਈ ਦੀ ਭਿਣਕ ਪੈ ਗਈ ਐ।" ਠਾਣੇਦਾਰ ਦੀ ਥਾਂ ਕੁਲਬੀਰੇ ਨੇ ਉਤਰ ਦਿੱਤਾ।
-"ਉਹਨਾਂ ਨੂੰ ਖ਼ਬਰ ਦੇਣ ਵਾਲਾ ਸਿਰਫ਼ ਇੱਕੋ ਈ ਬੰਦੈ।"
-"ਉਹ ਕਿਹੜਾ?"
-"ਰੈਂਸੀ! ਤੇ ਰੈਂਸੀ ਨੂੰ ਉਹਨਾਂ ਦੇ ਨਵੇਂ ਟਿਕਾਣੇਂ ਦਾ ਲਾਜ਼ਮੀ ਪਤਾ ਹੋਊ-ਮੈਂ ਸ਼ਰਤ ਕਰਦੈਂ!" ਇੰਦਰਜੀਤ ਨੇ ਪੈੱਗ ਪੀਣ ਤੋਂ ਬਾਅਦ ਕਿਹਾ।
-"ਲੈ ਅੱਜ ਕਰੋ ਰੱਜ ਕੇ ਇੰਜੁਆਏ-ਖਾਓ ਪੀਓ ਨੰਗੇ ਨੱਚੋ! ਪਰ ਮੇਰਿਓ ਸ਼ੇਰ ਪੁੱਤਰੋ! ਕੱਲ੍ਹ ਤੋਂ ਥੋਡੇ ਜਿੰ਼ਮੇਂ ਇੱਕ ਹੀ ਕੰਮ ਐਂ-ਰੈਂਸੀ ਨੂੰ ਫੜਵਾਉਣਾ!"
-"ਫਿਕਰ ਨਾ ਕਰੋ ਸਾਹਿਬ ਬਹਾਦਰ! ਥੋਡੀ ਖਾਤਰ ਜਾਨ ਹੂਲ ਦਿਆਂਗੇ।"
ਤਿੰਨ ਬੋਤਲਾਂ ਖਾਲੀ ਹੋ ਚੁੱਕੀਆਂ ਸਨ।
-"ਰੋਟੀ ਮੰਗਵਾਈਏ ਫਿਰ?" ਠਾਣੇਦਾਰ ਨੇ ਪੁੱਛਿਆ।
-"ਰੋਟੀ ਆਪਾਂ ਸਰਦਾਰ ਕੋਠੀ ਚੱਲ ਕੇ ਹੀ ਖਾਵਾਂਗੇ-ਪ੍ਰੀਤ ਉਡੀਕਦੀ ਹੋਊ।" ਕੁਲਬੀਰੇ ਨੇ ਆਖਿਆ।
-"ਹਾਏ ਮਰਜਾਂ ਬੋਹੜ ਦਾ ਦੁੱਧ ਪੀ ਕੇ! ਕਾਹਨੂੰ ਤੇਰਾ ਹੁਣ ਤੇਰੀ ਪ੍ਰੀਤ ਬਿਨਾ ਦਿਲ ਲੱਗਦੈ?" ਠਾਣੇਦਾਰ ਨੇ ਬੱਕਰਾ ਬੁਲਾਇਆ।
-"ਤੇਰੇ ਵੀ ਕੀ ਵੱਸ ਐ? ਰੰਨ ਹੈ ਵੀ ਘੋਟਣੇਂ ਵਰਗੀ!"
ਉਹ ਅਪਾਰਟਮੈਂਟ ਵਿਚੋਂ ਉਠ ਕੇ ਬਾਹਰ ਦਰਵਾਜੇ 'ਤੇ ਖੜ੍ਹੀ ਠਾਣੇਦਾਰ ਦੀ ਜਿਪਸੀ ਵਿਚ ਆ ਬੈਠੇ। ਸ਼ਰਾਬੀ ਠਾਣੇਦਾਰ ਤੋਂ ਚਾਬੀ ਨਹੀਂ ਪੈ ਰਹੀ ਸੀ।
-"ਕਿੱਥੇ ਐ ਭੈਣ ਦੇਣੇਂ ਦੀ-ਦੀ ਖੱਡ ਜੀ?" ਉਹ ਚਾਬੀ ਪਾਉਂਦਾ, ਖੌਝਦਾ, ਗਾਲ੍ਹਾਂ ਕੱਢੀ ਜਾ ਰਿਹਾ ਸੀ।
ਪਿਛਲੇ ਪਾਸੇ ਸਰੂ ਦੇ ਬੂਟੇ ਨਾਲ ਖੜ੍ਹੇ ਰੈਂਸੀ ਨੇ ਜਦ ਇੰਦਰਜੀਤ ਅਤੇ ਠਾਣੇਦਾਰ ਨਾਲ ਕੁਲਬੀਰਾ ਬੈਠਾ ਦੇਖਿਆ ਤਾਂ ਉਸ ਨੂੰ ਸੱਚ ਹੀ ਨਾ ਆਇਆ! ਉਸ ਦੇ ਪੈਰ ਘੁੰਮ ਰਹੇ ਸਨ। ਧਰਤੀ ਡੋਲਦੀ ਦਿਸ ਰਹੀ ਸੀ। ਉਹ ਕੁਲਬੀਰੇ ਦੇ ਗਲਤ ਕਾਰਨਾਮਿਆਂ ਤੋਂ ਖਫ਼ਾ ਜ਼ਰੂਰ ਸੀ, ਪਰ ਪੁਲੀਸ ਨਾਲ ਮਿਲਿਆ ਹੋਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਸੀ।
ਉਸ ਦੇ ਅੰਦਰ ਇਕ ਹੋਰ ਭਾਂਬੜ ਬਲ ਉਠਿਆ।
ਉਹ ਚੱਕਵੇਂ ਪੈਰੀਂ ਜਿਪਸੀ ਦੇ ਮਗਰ ਆ ਖੜ੍ਹਾ ਹੋਇਆ। ਕੰਡਕਟਰ-ਝੋਲਾ ਉਸ ਦੇ ਹੱਥ ਵਿਚ ਸੀ।
-"ਸੁਣਾ ਕੁਲਬੀਰਿਆ..! ਕਦੇ ਦਿਸਿਆ ਈ ਨਹੀਂ..?" ਰੈਂਸੀ ਨੇ ਵਿਅੰਗ ਨਾਲ ਕਿਹਾ।
ਸ਼ਰਾਬੀ ਕੁਲਬੀਰੇ ਨੇ ਇਕ ਦਮ ਪਿੱਛੇ ਤੱਕਿਆ।
ਪਿੱਛੇ ਖੜ੍ਹੇ ਰੈਂਸੀ ਨੇ ਹੱਥ ਝੋਲੇ ਵਿਚ ਪਾਇਆ ਹੋਇਆ ਸੀ ਅਤੇ ਲਾਲ ਅੱਖਾਂ ਦਾਤੀ ਦੇ ਦੰਦੇ ਕੱਢਣ ਵਾਲੀ ਮਸ਼ੀਨ ਵਾਂਗ ਚੰਗਿਆੜੇ ਛੱਡ ਰਹੀਆਂ ਸਨ।
ਕੁਲਬੀਰਾ ਘਬਰਾਇਆ ਬੱਗਾ ਹੋ ਗਿਆ!
ਉਸ ਨੇ ਅਜੇ, "ਸਰਦਾਰ ਜੀ ਰੈਂਸੀ....!!!" ਹੀ ਕਿਹਾ ਸੀ ਕਿ ਜਿਪਸੀ ਵਿਚ ਦੋ ਗਰਨੇਡ ਆ ਡਿੱਗੇ! ਅੱਗੜ ਪਿੱਛੜ ਦੋ ਧਮਾਕੇ ਹੋਏ!! ਠਾਣੇਦਾਰ, ਕੁਲਬੀਰ ਅਤੇ ਇੰਦਰਜੀਤ ਜਿਪਸੀ ਸਮੇਤ ਫ਼ੀਤਾ-ਫ਼ੀਤਾ ਹੋ ਉਡ ਗਏ! ਰੈਂਸੀ ਥਮਲ੍ਹੇ ਦੀ ਓਟ ਲੈ ਧਰਤੀ 'ਤੇ ਡਿੱਗ ਪਿਆ ਸੀ।
ਹੋਟਲ ਅੱਗੇ ਗਰਦੋਗੋਰ ਮੱਚ ਗਈ!
ਚਾਰੇ ਪਾਸੇ ਭਾਜੜਾਂ ਪੈ ਗਈਆਂ!
ਰੈਂਸੀ ਪਿਛਲੇ ਪਾਸੇ ਦੀ ਬਾਈਪਾਸ ਨੂੰ ਤੁਰ ਪਿਆ। ਬਾਈਪਾਸ ਪਾਰ ਕਰਕੇ ਉਹ ਛੋਟੀ ਸੜਕ ਚੜ੍ਹ ਗਿਆ ਅਤੇ ਫਿਰ ਉਸ ਨੇ ਕੋਲੋਂ ਲੰਘਦੀ ਟਰਾਲੀ ਨੂੰ ਹੱਥ ਪਾ ਲਿਆ। ਟਰਾਲੀ ਝੋਨੇ ਦੀਆਂ ਬੋਰੀਆਂ ਨਾਲ ਲੱਦੀ ਹੋਈ ਸੀ। ਉਹ ਪੱਲੇਦਾਰਾਂ ਵਾਂਗ ਮੂੰਹ ਲਪੇਟ ਕੇ ਟੀਸੀ 'ਤੇ ਡਟਿਆ ਬੈਠਾ ਸੀ। ਸੜਕਾਂ 'ਤੇ ਜਿਪਸੀਆਂ ਅਤੇ ਫ਼ੋਰਸਾਂ ਦੇ ਟਰੱਕ ਹੇਲੀਆਂ ਦਿੰਦੇ ਫਿਰਦੇ ਸਨ। ਸਾਇਰਨ ਅਤੇ ਹੂਟਰ ਕੰਨ ਪਾੜ ਰਹੇ ਸਨ। ਥਾਂ ਥਾਂ 'ਤੇ ਨਾਕੇ ਲੱਗ ਗਏ ਸਨ ਅਤੇ ਸ਼ਹਿਰ ਵਿਚ ਕਰਫਿ਼ਊ ਵਰਗੀ ਹਾਲਤ ਹੋ ਗਈ ਸੀ। ਦੁਕਾਨਾਂ ਬੰਦ ਹੋ ਗਈਆਂ ਸਨ। ਰੇੜ੍ਹੀਆਂ ਵਾਲੇ ਖਿਸਕ ਗਏ। ਪੁਲੀਸ ਨੇ ਖ਼ਾੜਕੂਆਂ ਦਾ ਗੁੱਸਾ ਗਰੀਬ ਰੇੜ੍ਹੀਆਂ ਵਾਲਿਆਂ 'ਤੇ ਹੀ ਕੱਢਣਾ ਸੀ। ਘੂਰੀ ਸੱਸ ਦਾ ਗੁੱਸਾ ਜੁਆਕ 'ਤੇ ਹੀ ਨਿਕਲਣਾ ਸੀ। ਕਈ ਸ਼ਨਾਖਤਾਂ ਲਈ ਘੜ੍ਹੀਸ ਲਏ ਜਾਣੇ ਸਨ। ਜਿਸ ਕਰਕੇ ਉਹਨਾਂ ਨੇ ਖਿਸਕਣਾ ਹੀ ਅਕਲਮੰਦੀ ਸਮਝੀ।
ਰਾਤੋ-ਰਾਤ ਬੱਸਾਂ, ਟਰੇਨਾਂ ਬਦਲਦਾ ਰੈਂਸੀ ਅਗਲੇ ਦਿਨ ਸ਼ਾਮ ਨੂੰ ਊਨੇ ਪਹੁੰਚ ਗਿਆ। ਗੁਰਪਾਲ ਅਤੇ ਰੇਸ਼ਮ ਅਖ਼ਬਾਰਾਂ ਵਿਚ ਪੜ੍ਹ ਹੀ ਚੁੱਕੇ ਸਨ। ਉਹਨਾਂ ਨੇ ਰੈਂਸੀ ਬਾਰੇ ਕਾਫ਼ੀ ਚਿੰਤਾ ਕੀਤੀ ਸੀ।
ਪਰ ਹੁਣ ਰੈਂਸੀ ਨੂੰ ਦੇਖ ਕੇ ਉਹ ਖਿੜ ਗਏ ਸਨ।
ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਮੀਟਿੰਗ ਕਰਨੀ ਸੁਰੂ ਕਰ ਦਿੱਤੀ। ਤਰ੍ਹਾਂ ਤਰ੍ਹਾਂ ਦੇ ਵਿਚਾਰ ਕੀਤੇ ਗਏ। ਆਖਰ ਵਿਚ ਰੈਂਸੀ ਬੋਲਿਆ:
-"ਬਾਈ ਜੀ ਮੈਨੂੰ ਪਛਾਨਣ ਵਾਲੇ ਸਾਰੇ ਮਾਰੇ ਗਏ-ਆਪਣਾ ਵੀ ਹੱਦੋਂ ਵੱਧ ਨੁਕਸਾਨ ਹੋਇਐ-ਲਹਿਰਾਂ ਵਿਚ ਉਤਰਾਅ ਚੜ੍ਹਾਅ ਆਉਣੇਂ ਇਕ ਕੁਦਰਤੀ ਗੱਲ ਐ-ਅਗਰ ਆਪਾਂ ਇਉਂ ਹੀ ਤੁਰੇ ਫਿਰਦੇ ਰਹੇ-ਕਦੇ ਨਾ ਕਦੇ ਪੁਲੀਸ ਹੱਥ ਜ਼ਰੂਰ ਆ ਜਾਵਾਂਗੇ-ਸਿਰਫ਼ ਪੰਜਾਬ ਵਿਚ ਹੀ ਨਹੀਂ-ਬਾਹਰਲੇ ਸੂਬਿਆਂ ਵਿਚ ਵੀ ਆਪਣੀ ਬੜੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ-ਮੂਵਮੈਂਟਾਂ ਬਰਕਰਾਰ ਰੱਖਣ ਲਈ-ਸੰਘਰਸ਼ ਜਾਰੀ ਰੱਖਣ ਲਈ ਸਾਨੂੰ ਹਰ ਪਹਿਲੂ ਵਰਤਣਾ ਪਵੇਗਾ-ਹਰ ਪੈਂਤਰਾ ਅਪਨਾਉਣਾ ਹੋਵੇਗਾ-।"
-"ਗੱਲ ਸਪੱਸ਼ਟ ਕਰ-ਵਿਸਥਾਰ 'ਚ ਨਾ ਜਾਹ!"
-"ਦੇਸ਼ ਦੀ ਅਜ਼ਾਦੀ ਲਈ ਵਿੱਢੀ ਜੰਗ ਤੋਂ ਹੀ ਲੈ ਲਵੋ-ਗਦਰੀ ਬਾਬਿਆਂ ਦਾ ਇਤਿਹਾਸ ਫਰੋਲ ਲਵੋ-ਲੜਾਈ ਨੂੰ ਰੰਗਤਾ ਦੇਣ ਲਈ ਸਾਨੂੰ ਹਮੇਸ਼ਾ ਹੀ ਬਾਹਰੋਂ ਤਾਕਤ ਲੈਣੀ ਪਈ ਐ-ਇਕੱਲਾ ਗੁਰੀਲਾ ਚਾਹੇ ਕਿੱਡਾ ਵੱਡਾ ਨਿਧੜਕ, ਸਿਰਲੱਥ ਸੂਰਮਾਂ ਹੋਵੇ-ਮਾਰ ਖਾ ਕੇ ਰਹਿ ਜਾਂਦੈ-ਆਪ ਤਾਂ ਮਰਦਾ ਹੀ ਹੈ ਮੂਵਮੈਂਟ ਦੀ ਜੜ੍ਹ ਵੀ ਟੋਈਂ ਟਿੱਬੀਂ ਲੈ ਡਿੱਗਦੈ-ਇਸ ਲਈ ਸਾਨੂੰ ਵਕਤੀ ਤੌਰ 'ਤੇ ਵਿਦੇਸ਼ਾਂ ਵੱਲ ਨੂੰ ਮੂੰਹ ਕਰਨੇ ਚਾਹੀਦੇ ਹਨ ਅਤੇ ਵਿਦੇਸ਼ਾਂ ਵਿਚ ਵਿਚਰ ਕੇ ਲਹਿਰ ਨੂੰ ਲਾਮਬੰਦ ਕਰਨਾ ਚਾਹੀਦਾ ਹੈ।"
-"ਤੇਰਾ ਮਤਲਬ ਹੁਣ ਆਪਾਂ ਐਨਾ ਨੁਕਸਾਨ ਕਰਵਾ ਕੇ ਵਿਦੇਸ਼ਾਂ ਨੂੰ ਦੌੜ ਤੁਰੀਏ? ਸ਼ਹੀਦ ਹੋਏ ਖ਼ਾੜਕੂਆਂ ਦੇ ਮਾਪੇ ਸਾਨੂੰ ਕੀ ਸਮਝਣਗੇ? ਲੋਕ ਸਾਡੇ ਮੂੰਹ ਉਂਗਲਾਂ ਨਹੀਂ ਦੇਣਗੇ? ਲੋਕਾਂ ਤੋਂ ਭੱਜ ਕੇ ਅਸੀਂ ਜਾਣਾ ਵੀ ਕਿੱਥੇ ਐ? ਸ਼ਹੀਦ ਹੋਏ ਖ਼ਾੜਕੂਆਂ ਦੀਆਂ ਵਿਧਵਾਵਾਂ ਸਾਨੂੰ ਸਮਾਂ-ਪ੍ਰਸਤ ਨਹੀਂ ਗਰਦਾਨਣਗੀਆਂ? ਸਾਡੀ ਖਾਤਰ ਉਜੜੇ ਪ੍ਰੀਵਾਰ ਸਾਨੂੰ ਮਤਲਬ-ਪ੍ਰਸਤੀ ਅਤੇ ਗੱਦਾਰ ਨਹੀਂ ਆਖਣਗੇ?"
-"ਵਕਤ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦੈ-ਵਕਤੀ ਤੌਰ 'ਤੇ ਲੋਕਾਂ ਦਾ ਗਿਲਾ-ਸਿ਼ਕਵਾ ਜਾਇਜ਼ ਹੋਵੇਗਾ-ਆਪਾਂ ਨੂੰ ਪਤਾ ਹੈ ਕਿ ਆਪਾਂ ਕਿੰਨੇ ਕੁ ਗੱਦਾਰ ਜਾਂ ਵਫ਼ਦਾਰ ਹਾਂ-ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਲਹਿਰ ਨੇ ਕਿੰਨ੍ਹਾਂ ਗੱਦਾਰਾਂ ਕਰਕੇ ਮਾਰ ਖਾਧੀ ਹੈ-ਪੰਜਾਬ ਵਿਚ ਖ਼ਬਰਾਂ ਸੈਂਸਰ ਦੀ ਕੈਂਚੀ ਦੀ ਭੇਂਟ ਚੜ੍ਹ ਜਾਂਦੀਐਂ-ਅਗਰ ਕੋਈ ਅਖ਼ਬਾਰ ਦਾ ਮਾਲਕ ਸੱਚਾਈ ਛਾਪਣ ਲਈ ਜਿਗਰਾ ਕੱਢਦੈ ਤਾਂ ਸਬੰਧਿਤ ਅਖ਼ਬਾਰਾਂ ਦੀਆਂ ਕਾਪੀਆ ਜਬਤ ਹੋ ਜਾਂਦੀਐਂ-ਸਮੁੱਚੇ ਮੀਡੀਏ ਦੇ ਗਲ 'ਤੇ ਸਰਕਾਰ ਨੇ ਪੈਰ ਦੀ ਅੱਡੀ ਰੱਖੀ ਹੋਈ ਹੈ-ਟੈਲੀਵੀਯਨ ਸਟੰਟ ਤਾਂ ਹੈ ਹੀ ਸਰਾਸਰ ਗੌਰਮਿੰਟ ਦਾ।" ਉਸ ਨੇ ਦਮ ਮਾਰ ਕੇ ਫਿਰ ਬੋਲਣਾ ਸੁਰੂ ਕੀਤਾ।
-"ਬਾਹਰਲੇ ਦੇਸ਼ਾਂ ਵਿਚ ਛਪਦੇ ਪੰਜਾਬੀ ਅਖ਼ਬਾਰਾਂ ਰਸਾਲਿਆਂ 'ਤੇ ਕੋਈ ਪਾਬੰਦੀ ਨਹੀਂ-ਇਸ ਲਈ ਸਾਡੀ ਅਵਾਜ਼ ਸੌਖੀ ਹੀ ਲੋਕਾਂ ਵਿਚ ਪਹੁੰਚਾਈ ਜਾ ਸਕਦੀ ਹੈ-ਮੈਂ ਮੰਨਦਾ ਹਾਂ ਕਿ ਕਈ ਵਾਰ ਬਾਹਰੋਂ ਛਪਦੇ ਅਖ਼ਬਾਰ ਜਾਂ ਰਸਾਲੇ ਵੀ ਦਿੱਲੀਓਂ ਅੱਗੇ ਨਹੀਂ ਜਾਣ ਦਿੱਤੇ ਜਾਂਦੇ-ਡਸਟਬਿੰਨ ਦੇ ਹਿੱਸੇ ਹੀ ਆਉਂਦੇ ਹਨ-ਪਰ ਬਾਹਰ ਵਸਦੇ ਪੰਜਾਬੀ ਦੀ ਅਵਾਜ਼ ਪੰਜਾਬ ਬੈਠੇ ਰਿਸ਼ਤੇਦਾਰਾਂ ਦੇ ਕੰਨੀਂ ਜ਼ਰੂਰ ਪੈਂਦੀ ਹੈ-ਚਾਹੇ ਸੌ ਵਿਚੋਂ ਪੰਜਾਹ ਪ੍ਰਤੀਸ਼ਤ ਹੀ ਪਵੇ-ਅਗਰ ਅਸੀਂ ਬਾਹਰ ਬੈਠੇ ਪੰਜਾਬੀਆਂ ਦਾ ਸਹਿਯੋਗ ਜਿੱਤਣ ਵਿਚ ਸਫ਼ਲ ਹੋ ਜਾਂਦੇ ਹਾਂ ਤਾਂ ਪੰਜਾਬ ਬੈਠੇ ਲੋਕ ਵੀ ਸਾਨੂੰ ਬਾਹਾਂ ਅੱਡ ਅੱਡ ਹਾਕਾਂ ਮਾਰਨਗੇ-ਪੰਜਾਬ ਵਿਚ ਜਾਂ ਹਿੰਦੋਸਤਾਨ ਵਿਚ ਅੱਜ ਕੱਲ੍ਹ ਵਿਚਰਨਾ ਮੇਰੀ ਨਜ਼ਰ ਵਿਚ ਇਕ ਖੁਦਕਸ਼ੀ ਤੋਂ ਵੱਧ ਕੁਝ ਨਹੀਂ ਹੋਵੇਗਾ! ਆਪਣੇ ਦੇਸ਼ ਦੀ ਨਹੀਂ ਬਾਹਰਲੇ ਦੇਸ਼ਾਂ ਦੀਆਂ ਉਦਾਹਰਣਾ ਲੈ ਲਵੋ! ਕੰਬੋਡੀਆ ਦੀ ਉਦਾਹਰਣ ਲੈ ਲਵੋ-ਫ਼ਸਤੀਨ ਦੇ ਅਰਾਫ਼ਾਤ ਦੀ ਉਦਾਹਰਣ ਲੈ ਲਵੋ-ਤੁਰਕੀ ਸਰਕਾਰ ਦੇ ਖਿਲਾਫ਼ ਜੂਝ ਰਹੇ ਕੁਰਦਾਂ ਨੂੰ ਦੇਖ ਲਓ-ਨੈਲਸਨ ਮੰਡੇਲਾ ਦੇ ਸੰਘਰਸ਼ ਨੂੰ ਅੱਗੇ ਰੱਖ ਲਓ-ਗਦਰੀ ਬਾਬੇ ਪੜ੍ਹ ਲਓ-ਅਜਿਹੀਆਂ ਦਰਜਣਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ-ਬਾਹਰਲੇ ਸਹਿਯੋਗ ਬਿਨਾ ਕੋਈ ਮੂਵਮੈਂਟ ਸਿਰੇ ਨਹੀਂ ਲੱਗੀ।"
-".........।"
-"ਸਭ ਤੋਂ ਅਹਿਮ ਗੱਲ ਸਾਡੇ ਅੱਗੇ ਹੋਰ ਵੀ ਹੈ...।"
-"......?" ਰੇਸ਼ਮ ਅਤੇ ਗੁਰਪਾਲ ਨੇ ਸਿਰ ਚੁੱਕੇ।
-"ਸਾਨੂੰ ਇਹ ਜ਼ਰੂਰ ਪੜਚੋਲ ਕਰਨੀ ਪਵੇਗੀ ਕਿ ਸਾਡੀ ਚੜ੍ਹਦੀ ਕਲਾ ਵਿਚ ਜਾ ਰਹੀ ਮੂਵਮੈਂਟ ਕਿਹੜੀਆਂ ਕਿਹੜੀਆਂ ਗਲਤੀਆਂ ਕਰਕੇ ਬੜੀ ਤੇਜ਼ੀ ਨਾਲ ਮੂਧੇ ਮੂੰਹ ਆ ਡਿੱਗੀ-ਚਾਹੇ ਉਹ ਗਲਤੀਆਂ ਬਿਲਕੁਲ ਮਾਮੂਲੀ ਸਨ ਜਾਂ ਵੱਡੀਆਂ-ਸਾਨੂੰ ਇਹਨਾਂ ਗਲਤੀਆਂ 'ਤੇ ਪਛਤਾਵਾ ਕਰਕੇ ਅਤੇ ਅੱਗੇ ਤੋਂ ਇਹਨਾਂ ਦਾ ਤਿਆਗ ਕਰਕੇ ਅਰਥਾਤ ਤੌਬਾ ਕਰਕੇ ਲਹਿਰ ਨੂੰ ਨਵੇਂ ਸਿਰੇ ਤੋਂ ਸੁਰੂ ਕਰਨਾ ਹੋਵੇਗਾ-ਚਾਹੇ ਇਸ ਨਵੀਂ ਲਹਿਰ ਦੀ ਉਮਰ ਲੋਹੜ੍ਹੀ ਤੋਂ ਇਕ ਦਿਨ ਪਹਿਲਾਂ ਜੰਮੇਂ ਬਾਲ ਦੀ ਉਮਰ ਜਿੱਡੀ ਹੀ ਹੋਵੇਗੀ-ਪਰ ਬਾਹਰਲੇ ਸਹਿਯੋਗ ਨਾਲ ਇਹ ਅਮਰ-ਵੇਲ ਵਾਂਗ ਵਧੇਗੀ, ਫੁੱਲੇਗੀ-ਇਹ ਪੁਨਰ ਗਠਨ ਸਾਡੇ ਲਈ ਇਤਨਾ ਫ਼ਾਇਦੇਮੰਦ ਹੋਵੇਗਾ ਕਿ ਲੋਕ ਹੈਰਾਨ ਰਹਿ ਜਾਣਗੇ-ਇਕੱਲੀ ਆਰਥਿਕ ਮੱਦਦ ਸਾਡਾ ਕੁਝ ਵੀ ਨਹੀਂ ਸੁਆਰ ਸਕਦੀ-ਸਾਡਾ ਮਾਨਸਿਕ ਅਤੇ ਰਾਜਨੀਤਕ ਪੱਖੋਂ ਸ਼ਕਤੀਸ਼ਾਲੀ ਹੋਣਾ ਵੀ ਬਹੁਤ ਜ਼ਰੂਰੀ ਹੈ-।"
ਰੇਸ਼ਮ ਅਤੇ ਗੁਰਪਾਲ ਰੈਂਸੀ ਦੀਆਂ ਗੱਲਾਂ ਸੁਣ ਸੁਣ ਦੰਗ ਰਹਿ ਗਏ। ਹੁਣ ਤੱਕ ਹੋਈਆਂ ਮੀਟਿੰਗਾਂ ਵਿਚ ਕਦੇ ਰੈਂਸੀ ਨੇ ਇਤਨਾ ਲੰਬਾ-ਚੌੜਾ ਅਤੇ ਡੂੰਘਾ ਭਾਸ਼ਨ ਨਹੀਂ ਝਾੜ੍ਹਿਆ ਸੀ। ਉਹ ਘੋਰ ਹੈਰਾਨ ਸਨ ਅਤੇ ਰੈਂਸੀ ਦੀ ਸਪੀਚ ਦੇ ਕਾਇਲ ਹੋਏ ਬੈਠੇ ਸਨ।
-"ਰੈਂਸੀ ਇੱਥੋਂ ਨਿਕਲਣਾ ਵੀ ਕੋਈ ਸੌਖਾ ਕੰਮ ਨਹੀਂ-ਹਰ ਏਅਰਪੋਰਟ ਦੇ ਕੰਪਿਊਟਰ ਵਿਚ ਆਪਣੇ ਨਾਂ ਦਰਜ਼ ਹਨ-ਇਹ ਤਾਂ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ ਵਾਲੀ ਗੱਲ ਹੋਊਗੀ।"
-"ਇਸ ਕਰੱਪਟ ਦੇਸ਼ ਵਿਚ ਕੀ ਨਹੀਂ ਹੋ ਸਕਦਾ? ਇੱਥੇ ਤਾਂ ਨੋਟ ਰੇਸ਼ਮ ਨੂੰ ਰਮੇਸ਼ ਅਤੇ ਗੁਰਪਾਲ ਨੂੰ ਗੁਪਾਲ ਬਣਾ ਧਰਨਗੇ! ਸਿਰਫ਼ ਅੱਖਰਾਂ ਦਾ ਹੀ ਹੇਰ ਫੇਰ ਹੈ-!"
ਸਾਰੇ ਹੱਸ ਪਏ।
ਰੈਂਸੀ ਫਿਰ ਸੰਜੀਦਾ ਹੋ ਗਿਆ।
-"ਸ਼ਹੀਦ ਊਧਮ ਸਿੰਘ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਅਬਦੁਲ ਅਤੇ ਹੋਰ ਆਜ਼ਾਦੀ ਦੇ ਪਤੰਗੇ ਅੰਡਰਗਰਾਊਂਡ ਲਾਈਫ਼ ਮੌਕੇ ਫ਼ਰਜ਼ੀ ਨਾਵਾਂ ਹੇਠ ਹੀ ਸਰਗਰਮ ਰਹੇ ਹਨ।"
-"........।"
-"ਬੱਸ ਪਾਅਧਾ ਨਾ ਪੁੱਛੋ! ਕੂਚ ਕਰ ਦਿਓ!!"
-"ਤੇ ਤੂੰ?"
-"ਮੈਂ ਇਧਰ ਰਹਿ ਕੇ ਹੀ ਲਹਿਰ ਲਈ ਕੰਮ ਕਰਾਂਗਾ-ਸਾਰੀ ਲਾਮਬੰਦੀ ਤੁਹਾਡੀਆਂ ਹਦਾਇਤਾਂ 'ਤੇ ਹੀ ਹੋਵੇਗੀ-ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਵੀਂ ਭਰਤੀ ਕੀਤੀ ਜਾਵੇਗੀ-ਨਵੇਂ ਸਿਰੇ ਤੋਂ ਨਕਸ਼ੇ ਉਲੀਕ ਕੇ ਹਰ ਕਦਮ ਬੜਾ ਸੋਚ ਸਮਝ ਕੇ ਉਠਾਇਆ ਜਾਵੇਗਾ-ਇਕ ਗੱਲ ਹੋਰ ਧਿਆਨ ਨਾਲ ਸੁਣਿਓਂ! ਅਗਰ ਇਕ ਹੱਡ ਭੰਨਵੀਂ ਮਿਹਨਤ ਕਮਾਈ ਕਰਨ ਵਾਲਾ ਪੁੱਤ ਵਿਦੇਸ਼ ਚਲਿਆ ਜਾਵੇ ਅਤੇ ਅਣਥੱਕ ਹੋ ਕੇ ਕਮਾਈ ਕਰੇ-ਪਰ ਉਸ ਦੇ ਪਿੱਛੇ ਉਸ ਦੀ ਪੂੰਜੀ ਸੰਭਾਲਣ ਵਾਲਾ ਨਾ ਹੋਵੇ ਤਾਂ ਸਾਰੀ ਪੂੰਜੀ ਹੀ ਖੂਹ 'ਚ ਜਾਂਦੀ ਹੈ।"
-"ਪਰ....!"
-"ਪਰ ਪੁਰ ਕੋਈ ਨਹੀਂ! ਮੈਂ ਤੁਹਾਡੇ ਨਾਲ ਹੀ ਪਾਸਪੋਰਟ ਬਣਵਾ ਲੈਂਦਾ ਹਾਂ-ਅਗਰ ਕੋਈ ਖ਼ਤਰਾ ਦਿਸਿਆ ਤਾਂ ਮੈਂ ਵੀ ਤੁਹਾਡੇ ਪਿੱਛੇ ਹੀ ਉਡਾਰੀ ਮਾਰ ਆਵਾਂਗਾ-ਤੁਸੀਂ ਜਾ ਕੇ ਖੜ੍ਹਨ ਲਈ ਥਾਂ ਕਰੋ-ਬੈਠਣ ਲਈ ਆਪੇ ਬਣ ਜਾਵੇਗੀ।"
ਰੇਸ਼ਮ ਅਤੇ ਗੁਰਪਾਲ ਰੈਂਸੀ ਦੀਆਂ ਦਲੀਲਾਂ ਅੱਗੇ ਹਥਿਆਰ ਸੁੱਟ ਗਏ।
ਅਗਲੇ ਦਿਨ ਹੀ ਉਹ ਤਿੰਨੇ ਊਨਾ ਦੇ ਇਕ ਏਜੰਟ ਕੋਲ ਚਲੇ ਗਏ। ਤਿੰਨਾਂ ਦੀ ਛੇ ਲੱਖ ਵਿਚ ਗੱਲ ਨਿੱਬੜੀ। ਇਕ ਹਫ਼ਤੇ ਬਾਅਦ ਏਜੰਟ ਨੇ ਪੈਸੇ ਲੈ ਕੇ ਆਉਣ ਲਈ ਕਿਹਾ। ਛੇ-ਛੇ ਫ਼ੋਟੋਆਂ ਉਹਨਾਂ ਤੋਂ ਲੈ ਲਈਆਂ। ਫ਼ਰਜ਼ੀ ਨਾਂ ਅਤੇ ਜਨਮ ਤਾਰੀਕਾਂ ਨੋਟ ਕਰ ਲਈਆਂ। ਪਤਾ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦਾ ਹੀ ਲਿਖਾਇਆ ਸੀ। ਏਜੰਟ ਨੇ ਉਹਨਾਂ ਨੂੰ ਆਪਣਾ ਕੱਪੜਾ-ਲੱਤਾ ਨਾਲ ਹੀ ਲਿਆਉਣ ਲਈ ਆਖਿਆ ਸੀ।
ਦਿੱਤੇ ਸਮੇਂ ਮੁਤਾਬਿਕ ਉਹ ਇਕ ਹਫ਼ਤੇ ਬਾਅਦ ਪੈਸੇ ਅਤੇ ਕੱਪੜੇ ਲੱਤੇ ਲੈ ਕੇ ਏਜੰਟ ਕੋਲ ਪਹੁੰਚ ਗਏ। ਏਜੰਟ ਨੇ ਆਪਣੇ ਦਫ਼ਤਰ ਦਾ ਸ਼ਟਰ ਸੁੱਟ ਲਿਆ। ਛੇ ਲੱਖ ਰੁਪਏ ਗਿਣ ਕੇ ਫ਼ਰਜ਼ੀ ਨਾਵਾਂ ਹੇਠ ਬਣੇ ਪਾਸਪੋਰਟ, ਵੀਜ਼ੇ ਸਮੇਤ ਉਹਨਾਂ ਦੇ ਹੱਥ ਫੜਾ ਦਿੱਤੇ।
-"ਤੇ ਸ਼ੁਕਲਾ ਜੀ ਟਿਕਟਾਂ?"
ਸ਼ੁਕਲਾ ਹੱਸ ਪਿਆ।
-"ਦੋ ਦੋ ਲੱਖ ਰੁਪਏ ਸਿਰਫ਼ ਪਾਸਪੋਰਟ ਤੇ ਵੀਜ਼ੇ ਦੇ ਹੀ ਹਨ ਮਹਾਰਾਜ! ਜੇ ਟਿਕਟਾਂ ਲੈਣੀਐਂ ਤਾਂ ਤੀਹ ਤੀਹ ਹਜ਼ਾਰ ਰੁਪਏ ਹੋਰ ਲੱਗਣਗੇ।"
-"ਤੁਸੀਂ ਫਿ਼ਲਹਾਲ ਸਿਰਫ਼ ਦੋ ਟਿਕਟਾਂ ਦਾ ਹੀ ਪ੍ਰਬੰਧ ਕਰ ਦਿਓ ਸ਼ੁਕਲਾ ਜੀ-ਅਸੀਂ ਬਾਕੀ ਦੇ ਪੈਸੇ ਲੈ ਕੇ ਆਏ।" ਰੈਂਸੀ ਨੇ ਕਿਹਾ।
-"ਕੀਹਦੀਆਂ ਕੀਹਦੀਆਂ?"
-"ਇਹਨਾਂ ਦੋਨਾਂ ਦੀਆਂ ਹੀ!"
-"ਠੀਕ ਹੈ-ਜਾਓ! ਪ੍ਰਬੰਧ ਹੋ ਗਿਆ ਸਮਝੋ!"
ਉਹ ਵਾਪਿਸ ਮੁੜ ਪਏ।
-"ਲਹਿਰ ਦੀ ਚੜ੍ਹਾਈ ਵੇਲੇ ਐਹੋ ਜਿਹੇ ਕਰਾੜ ਮੂਹਰੇ ਮੂਤਦੇ ਫਿਰਦੇ ਸੀ।" ਰੈਂਸੀ ਨੇ ਸ਼ੁਕਲੇ ਵੱਲ ਇਸ਼ਾਰਾ ਕੀਤਾ।
-"ਸਦਾ ਨਾ ਬਾਗੀਂ ਬੁਲਬੁਲ ਬੋਲੇ ਤੇ ਸਦਾ ਨਾ ਮੌਜ ਬਹਾਰਾਂ!" ਗੁਰਪਾਲ ਹੱਸਿਆ।
ਦੁਪਿਹਰ ਢਲ ਗਈ ਸੀ।
ਸ਼ਾਮ ਦੇ ਪੰਜ ਵਜੇ ਉਹ ਸੱਠ ਹਜ਼ਾਰ ਰੁਪਏ ਲੈ ਕੇ ਸ਼ੁਕਲੇ ਕੋਲ ਪਹੁੰਚ ਗਏ। ਪੈਸੇ ਲੈ ਕੇ ਸ਼ੁਕਲੇ ਨੇ ਉਹਨਾਂ ਹੱਥ ਦੋ ਟਿਕਟਾਂ ਬ੍ਰਿਟਿਸ਼ ਏਅਰਵੇਜ਼ ਦੀਆਂ ਫੜਾ ਦਿੱਤੀਆਂ।
-"ਤੁਹਾਡੀਆਂ ਟਿਕਟਾਂ ਕੱਲ੍ਹ ਰਾਤ ਇਕ ਵੱਜ ਕੇ ਚਾਲੀ ਮਿੰਟ ਦੀਆਂ ਕਨਫ਼ਰਮ ਹਨ-ਤੁਸੀਂ ਰਾਤ ਨੂੰ ਨੌਂ ਕੁ ਵਜੇ ਏਅਰਪੋਰਟ 'ਤੇ ਪਹੁੰਚ ਜਾਣਾ-ਕਈ ਵਾਰ ਲੇਟ ਹੋ ਜਾਈਏ ਤਾਂ ਏਅਰਪੋਰਟ ਵਾਲੇ ਵੇਟਿੰਗ ਲਿਸਟ ਵਾਲਿਆਂ ਨੂੰ ਪੈਸੇ ਪੂਸੇ ਲੈ ਕੇ ਫ਼ਲਾਈਟ ਕਰਵਾ ਦਿੰਦੇ ਐ-ਟਿਕਟਾਂ ਉਪਰ ਤੁਹਾਡਾ ਕੰਪਿਊਟਰ ਨੰਬਰ ਲਿਖਿਆ ਹੋਇਐ-ਕਈ ਵਾਰੀ ਪਹਿਲੀ ਵਾਰ ਸਫ਼ਰ ਕਰਨ ਵਾਲੇ ਪੈਸਿੰਜਰ ਨੂੰ ਪੈਸੇ ਬਟੋਰਨ ਲਈ ਵਾਧੂ ਤੰਗ ਕਰਦੇ ਐ-ਤੁਸੀਂ ਆਪਣਾ ਕੰਪਿਊਟਰ ਨੰਬਰ ਦਿਖਾ ਦੇਣਾ।"
ਉਹ ਧੰਨਵਾਦ ਕਰਕੇ, ਟਿਕਟਾਂ ਲੈ ਬਾਹਰ ਆ ਗਏ।
-"ਹੁਣ?"
-"ਹੁਣ ਕੀ? ਟੈਕਸੀ ਲਓ ਤੇ ਦਿੱਲੀ ਵੱਜੋ! ਹੋਰ ਤੁਸੀਂ ਹੁਣ ਮੰਦ ਪੜ੍ਹਨੇ ਐਂ?"
ਉਹ ਟੈਕਸੀ ਸਟੈਂਡ ਪੁੱਜ ਗਏ।
ਸਮਾਨ ਵਿਚ ਰੱਖ ਲਿਆ।
ਸਾਰੇ ਜੱਫ਼ੀ ਪਾ ਕੇ ਮਿਲੇ।
-"ਮਝੈਲਾਂ ਦੇ ਸ਼ੈੱਲਰ 'ਤੇ ਫ਼ੋਨ ਕਰ ਦਿਓ ਪਹੁੰਚ ਕੇ-ਮੈਂ ਆਪੇ ਪਤਾ ਕਰ ਲਊਂ ਉਹਨਾਂ ਤੋਂ-ਜਾਂ ਫ਼ੋਨ ਕਰਕੇ ਹੀ ਪੁੱਛ ਲਊਂ।" ਰੈਂਸੀ ਨੇ ਕਿਹਾ। ਸਾਰਿਆਂ ਦੇ ਮਨ ਭਰੇ ਹੋਏ ਸਨ। ਉਹਨਾਂ ਨੇ "ਹਾਂ" ਵਿਚ ਸਿਰ ਹਿਲਾਏ। ਗਲਵਕੜੀਆਂ ਫਿਰ ਕੱਸੀਆਂ ਗਈਆਂ।
-"ਇਕ ਗੱਲ ਸੁਣ ਰੈਂਸੀ! ਜਦੋਂ ਭੈਣ ਗਗਨਦੀਪ ਦੇ ਕੋਈ ਬੱਚਾ ਹੋਇਆ ਸਾਨੂੰ ਜ਼ਰੂਰ ਖ਼ਬਰ ਕਰੀਂ-ਕਾਕੇ ਦੇ ਬੱਚੇ ਬਾਰੇ ਸਾਨੂੰ ਬੜੀ ਉਤਸੁਕਤਾ ਰਹੇਗੀ।" ਉਹ ਟੈਕਸੀ ਵਿਚ ਬੈਠ ਗਏ।
-"ਜ਼ਰੂਰ ਕਰਾਂਗਾ-ਆਪਦਾ ਫ਼ੋਨ ਨੰਬਰ ਭੇਜ ਦਿਓ ਤੇ ਐਡਰੈੱਸ ਵੀ!"
-"ਗਗਨਦੀਪ ਦਾ ਪਤਾ ਵੀ ਲੈਂਦਾ ਰਹੀਂ।"
-"ਬੇਫਿਕਰ ਰਹੋ!"
ਟੈਕਸੀ ਤੁਰ ਗਈ।
ਰੇਸ਼ਮ ਅਤੇ ਗੁਰਪਾਲ ਦੇ ਹੱਥ ਹਿਲਦੇ ਜਾ ਰਹੇ ਸਨ।
ਰੈਂਸੀ ਬੱਸ ਸਟੈਂਡ ਨੂੰ ਤੁਰ ਪਿਆ।
ਡਿੱਗੀ ਲਹਿਰ ਨੂੰ ਸੁਰਜੀਤ ਕਰਨ ਲਈ ਰੇਸ਼ਮ ਅਤੇ ਗੁਰਪਾਲ ਚੜ੍ਹਦੀ ਵੱਲ ਨੂੰ ਅਤੇ ਰੈਂਸੀ ਛਿਪਦੀ ਵੱਲ ਨੂੰ ਤੁਰਿਆ ਜਾ ਰਿਹਾ ਸੀ।
ਘੋਰ ਉਦਾਸ ਸੂਰਜ ਦੁਮੇਲ ਵਿਚ ਅੜਿਆ ਜਿਹਾ ਖੜ੍ਹਾ ਸੀ। ਡੰਡਾ ਥੋਰ੍ਹ ਉਸ ਦੀਆਂ ਸੁਨਿਹਰੀ ਕਿਰਨਾਂ ਨੂੰ ਲਹੂ-ਲੁਹਾਣ ਕਰੀ ਜਾ ਰਹੀ ਸੀ!

-ਸਮਾਪਤ-


ਹੋਰ ਪੜੋ...

ਪੁਰਜਾ ਪੁਰਜਾ ਕਟਿ ਮਰੈ (ਕਾਂਡ 14)

ਇੰਦਰਜੀਤ ਅਤੇ ਦਿਲਜੀਤ ਸ਼ਾਮ ਨੂੰ ਚਾਰ ਕੁ ਵਜੇ ਚੂਹੜਚੱਕ ਆ ਗਏ। ਸ਼ਾਮ ਨਿੱਘੀ ਸੀ। ਪਰ ਮਿੱਠੀ ਮਿੱਠੀ ਹਵਾ ਵਗ ਰਹੀ ਸੀ। ਮਾਮੀ ਬੈਠੀ ਸੂਤ ਉਟੇਰ ਰਹੀ ਸੀ। ਗਗਨਦੀਪ ਰਸੋਈ ਵਿਚ ਚੁੱਲ੍ਹੇ 'ਤੇ ਸਾਗ ਧਰੀ ਬੈਠੀ ਸੀ। ਮਾਮਾ ਕਿਸੇ ਪਾਸੇ ਗਿਆ ਹੋਇਆ ਸੀ ਅਤੇ ਸੀਰੀ ਬਲਦਾਂ ਲਈ ਗੁਤਾਵਾ ਰਲਾ ਰਿਹਾ ਸੀ। ਬਲਦਾਂ ਦੀਆਂ ਟੱਲੀਆਂ ਅਜ਼ੀਬ ਨਾਦ ਛੇੜ ਰਹੀਆਂ ਸਨ।
-"ਸਾਸਰੀਕਾਲ ਜੀ ਮਾਮੀ ਜੀ!" ਦੋਹਾਂ ਨੇ ਕਿਹਾ।
-"ਸਾਸਰੀਕਾਲ ਭਾਈ-ਛੱਡ ਆਏ ਕੁੜੀ ਨੂੰ? ਉਹਦੇ ਘਰ ਦੇ ਤਾਂ ਨਹੀਂ ਬੋਲੇ ਕੁਛ?"

-"ਅਸੀਂ ਤਾਂ ਮਾਮੀਂ ਜੀ ਬੱਸ ਅੱਡੇ ਤੋਂ ਈ ਮੁੜ ਆਏ ਸੀ।"
-"ਵੇ ਦਾਦੇ ਮਗੌਣਿਓਂ ਘਰ ਤੱਕ ਤਾਂ ਜਾ ਵੜਦੇ।"
-"ਅਸੀਂ ਤਾਂ ਮਾਮੀ ਜੀ ਕਿਸੇ ਸ਼ੱਕ ਸੁਬਾਹ ਕਰਕੇ ਨਹੀਂ ਗਏ।"
-"ਚਲੋ ਚਾਹ ਪਾਣੀ ਪੀ ਲਓ-ਕਦੇ 'ਰਾਮ ਵੀ ਕਰ ਲਿਆ ਕਰੋ-ਡੱਪ ਡੱਪ ਕਰਦੇ ਫਿਰਦੇ ਰਹਿੰਨੇਂ ਐਂ-ਪਤਾ ਨਹੀਂ ਭਾਈ ਥੋਡੇ ਗੋਡੇ ਕਾਹਦੇ ਬਣੇਂ ਵੇ ਐ?"
-"ਚਾਹ ਤਾਂ ਮਾਮੀਂ ਜੀ ਪੀ ਲੈਨੇਂ ਐਂ-ਪਰ ਬਾਈ ਕਿੱਥੇ ਐ?"
-"ਹੁਣੇਂ ਐਥੇ ਹੱਥ ਕਰੋਲੇ ਜਿਹੇ ਦਿੰਦਾ ਫਿਰਦਾ ਸੀ-ਪਤਾ ਨਹੀਂ ਸਿਰ ਦੁਖਦੇ ਦੀ ਗੋਲੀ ਭਾਲਦਾ ਸੀ-ਕਹਿੰਦੈ ਸਿਰ ਦੁਖਦੈ-ਮੈਨੂੰ ਮੈਦ ਐ ਗੋਲੀ ਲੈ ਕੇ ਸੌਂ ਗਿਆ ਹੋਊ-ਭਾਈ ਸਿਰਾਂ ਨੂੰ ਵੀ ਕੀ ਦੋਸ਼ ਐ-ਕਿਹੜਾ ਦਿਨ ਰਾਤ ਟਿਕਦੈ? ਬਥੇਰਾ ਮੂਹਰੇ ਹੱਥ ਜੋੜੀਦੇ ਐ-ਪਤਾ ਨਹੀਂ ਕੀ ਪੁੱਠੀ ਭਮਾਲੀ ਆਈ ਐ-ਮਾਣਸ-ਬੂ ਮਾਣਸ-ਬੂ ਕਰਦੇ ਫਿਰਦੇ ਰਹਿੰਨੇ ਐਂ।"
ਗਗਨਦੀਪ ਚਾਹ ਫੜਾ ਗਈ।
ਉਹਨਾਂ ਚਾਹ ਪੀਂਦਿਆਂ ਪੰਜ ਵਜਾ ਦਿੱਤੇ।
-"ਚੱਲ ਦਿਲਜੀਤ ਜੇ ਬਾਈ ਸੁੱਤਾ ਪਿਐ ਤਾਂ ਆਪਾਂ ਅਸਾਲਟਾਂ ਈ ਸਾਫ਼ ਕਰ ਲਈਏ।" ਇੰਦਰਜੀਤ ਨੇ ਹੇਠਾਂ ਚਾਹ ਦਾ ਗਿਲਾਸ ਰੱਖਦਿਆਂ ਕਿਹਾ।
-"ਚੱਲ....!"
-"ਵੇ ਸਾਫ਼ ਕਰਨ ਨੂੰ ਕੀ ਉਹਨਾਂ ਨੂੰ ਗੋਹਾ ਲੱਗ ਗਿਆ? ਤੀਮੀਆਂ ਮਾਂਗੂੰ ਤਾਂ ਅੱਗ ਲੱਗੜੀਆਂ ਨੂੰ ਸਾਂਭ ਸਾਂਭ ਰੱਖਦੇ ਐਂ।"
-"ਮਾਮੀ ਜੀ ਸਿਆਣੇ ਕਹਿੰਦੇ ਐ ਬਈ ਹਥਿਆਰ ਤੇ ਵਰਤੋਂ ਵਾਲੇ ਸੰਦ ਨੂੰ ਸਤਿਕਾਰ ਪ੍ਰੇਮ ਨਾਲ ਰੱਖੀਦੈ।" ਦਿਲਜੀਤ ਨੇ ਅੱਗਾ ਵਲਿ਼ਆ।
-"ਵੇ ਥੋਡੇ ਨਾਲ ਕਿਹੜਾ ਮਗਜਮਾਰੀ ਕਰੇ ਭਾਈ? ਪਰ ਹਾੜ੍ਹੇ ਉਹਨੂੰ ਨਾ ਜਗਾ ਦਿਓ! ਉਠ ਕੇ ਹਾਲ ਹਾਲ ਕਰੂਗਾ।"
-"ਮਾਮੀਂ ਜੀ ਬੇਫਿਕਰ ਰਹੋ।"
ਉਹ ਪੌੜੀਆਂ ਚੜ੍ਹ ਗਏ।
ਜਦ ਉਹਨਾਂ ਨੇ ਚੁਬਾਰੇ ਵਿਚ ਜਾ ਕੇ ਦੇਖਿਆ ਤਾਂ ਕਾਕਾ ਮੁੜ੍ਹਕੋ ਮੁੜ੍ਹਕੀ ਹੋਇਆ ਘੁਰਾੜੇ ਮਾਰੀ ਜਾ ਰਿਹਾ ਸੀ।
ਸ਼ਾਇਦ ਉਸ ਨੂੰ ਬੁਖ਼ਾਰ ਸੀ। ਇੰਦਰਜੀਤ ਨੇ ਅਲਮਾਰੀ ਵਿਚੋਂ ਬੋਚ ਕੇ ਤਿੰਨੇ ਅਸਾਲਟਾਂ ਚੁੱਕ ਲਈਆਂ ਅਤੇ ਹੇਠਾਂ ਉਤਰ ਆਏ।
-"ਮਾਮੀ ਜੀ ਅਸੀਂ ਅਸਾਲਟਾਂ ਹੇਠਾਂ ਬੈਠਕ 'ਚ ਈ ਸਾਫ਼ ਕਰ ਲੈਨੇ ਐਂ-ਉਪਰ ਖੜਕਾ ਹੋਇਆ ਤਾਂ ਬਾਈ ਦੀ ਜਾਗ ਖੁੱਲ੍ਹ ਜਾਊਗੀ-ਘੂਕ ਸੁੱਤਾ ਪਿਐ।"
-"ਵੇ ਜੋ ਮਰਜੀ ਐ ਕਰੀ ਜਾਓ ਭਾਈ-ਤੁਸੀਂ ਕਿਹੜਾ ਕਿਸੇ ਦੇ ਆਖੇ ਲੱਗਣੈਂ।"
-"ਮਾਮਾ ਜੀ ਨਜ਼ਰ ਨਹੀਂ ਆਉਂਦੇ ਕਿਤੇ?"
-"ਵਿਹਲੀ ਰੰਨ ਪ੍ਰਾਹੁਣਿਆਂ ਜੋਗੀ-ਕਿਸੇ ਨਾਲ ਘਰਾਟਾਂ 'ਤੇ ਬੈਠਾ ਜਾਭਾਂ ਦਾ ਭੇੜ੍ਹ ਕਰਦਾ ਹੋਊ-ਹੋਰ ਉਹਨੂੰ ਕੋਈ ਕੰਮ ਐਂ? ਜੇ ਕੋਈ ਪਿਆਕੜ ਮਿਲ ਗਿਆ ਤਾਂ ਡੁੱਘੂ ਲਾਉਣ ਲੱਗ ਪਊ।"
ਉਹ ਅਸਾਲਟਾਂ ਲੈ ਕੇ ਬੈਠਕ ਵਿਚ ਵੜ ਗਏ।
ਸਮੁੱਚਾ ਘਰ ਖੁਸ਼ਹਾਲ ਸੀ। ਅੱਧੇ ਪੌਣੇਂ ਘੰਟੇ ਤੱਕ ਇੱਥੇ ਪਤਾ ਨਹੀਂ ਕਿਹੜਾ ਝੱਖੜ ਝੁੱਲ ਪੈਣਾ ਸੀ।
ਗਗਨਦੀਪ ਦਾ ਮੱਥਾ ਦੁਪਹਿਰ ਦਾ ਠਣਕੀ ਜਾ ਰਿਹਾ ਸੀ ਅਤੇ ਸੱਜੀ ਅੱਖ "ਫ਼ੜ੍ਹੱਕ-ਫ਼ੜ੍ਹੱਕ" ਫ਼ਰਕੀ ਜਾ ਰਹੀ ਸੀ।
ਉਹ ਰਸੋਈ ਵਿਚ ਬੈਠੀ "ਵਾਹਿਗੁਰੂ-ਵਾਹਿਗੁਰੂ" ਜਪੀ ਜਾ ਰਹੀ ਸੀ। ਕੁੜੀ ਦਾ ਮੂੜ੍ਹ ਇਤਨਾ ਖਰਾਬ ਸੀ ਕਿ ਪਤਾ ਨਹੀਂ ਕਿਹੜੀ ਗੱਲੋਂ ਉਸ ਦਾ ਰੋਣ ਨੂੰ ਦਿਲ ਕਰਦਾ ਸੀ। ਪਰ ਉਹ ਬਾਬੇ ਨਾਨਕ ਦੇ ਚਰਨਾਂ 'ਤੇ ਸਿਰ ਰੱਖੀ ਸਾਰਿਆਂ ਦੀ ਸੁੱਖ ਮੰਗ ਰਹੀ ਸੀ। ਗੁਰਬਾਣੀ ਪੜ੍ਹ ਰਹੀ ਸੀ।
-"ਨੀ ਦੀਪ...! ਤੂੰ ਅੱਜ ਚੁੱਪ ਜੀ ਕਿਉਂ ਐਂ?"
-"ਭੂਆ ਜੀ ਪਤਾ ਨਹੀਂ ਕਿਉਂ ਅੱਜ ਮੇਰਾ ਦਿਲ ਬਹੁਤ ਦੁਖੀ ਐ-ਦਿਲ ਜਿਹਾ ਨਹੀਂ ਲੱਗਦਾ।" ਉਸ ਦੀਆਂ ਆਪ ਮੁਹਾਰੇ ਅੱਖਾਂ ਭਰ ਆਈਆਂ।
-"ਨੀ ਸੁੱਖ ਮੰਗੀਦੀ ਐ-ਬੱਚਾ ਬੱਚੀ ਹੋਣ ਆਲਾ ਕਰਕੇ ਕਈ ਵਾਰ ਇਉਂ ਹੋ ਜਾਂਦੈ-ਜਾਹ ਨਹਾ ਲੈ ਤੱਤੇ ਤੱਤੇ ਪਾਣੀ ਨਾਲ-ਕੱਲ੍ਹ ਨੂੰ ਆਪਾਂ ਬੁੱਟਰ ਚੱਲ ਆਵਾਂਗੀਆਂ-ਤੇਰਾ ਫੁੱਫੜ ਆਪਾਂ ਨੂੰ ਟਰੈਗਟ 'ਤੇ ਛੱਡ ਆਊ।"
ਗਗਨਦੀਪ ਨਹਾਉਣ ਚਲੀ ਗਈ।
ਇੰਦਰਜੀਤ ਹੋਰਾਂ ਨੇ ਤਿੰਨ ਏ. ਕੇ. ਸੰਤਾਲੀ ਉਖੇੜ ਲਈਆਂ ਸਨ। ਉਹ ਇੱਕ-ਇੱਕ ਕਰਕੇ ਬੜੇ ਅਰਾਮ ਨਾਲ ਬਾਇਰਲਾਂ ਵਿਚ "ਪੁਲ-ਥਰੂਅ" ਫੇਰ ਰਹੇ ਸਨ। ਜਿਉਂ ਜਿਉਂ ਘੜੀ ਦੀ ਸੂਈ ਸਾਢੇ ਪੰਜ 'ਤੇ ਪਹੁੰਚ ਰਹੀ ਸੀ, ਤਿਉਂ ਤਿਉਂ ਉਹਨਾਂ ਨੂੰ ਭੁਆਟਣੀਆਂ ਆ ਰਹੀਆਂ ਸਨ। ਉਹ ਸੋਚ ਰਹੇ ਸਨ ਕਿ ਪਤਾ ਨਹੀਂ ਸਾਡੇ ਵਿਚੋਂ ਕੋਈ ਬਚੇਗਾ ਵੀ ਜਾਂ ਨਹੀਂ? ਉਹ ਦੋ ਪੁੜਾਂ ਵਿਚ ਕਸੂਤੇ ਫ਼ਸੇ ਹੋਏ ਸਨ। ਇਧਰ ਖੂਹ ਸੀ ਅਤੇ ਪਰਲੇ ਪਾਸੇ ਖਾਤਾ! ਇਧਰ ਚੋਟੀ ਦਾ ਦਸ ਲੱਖੀਆ ਖ਼ਾੜਕੂ ਕਾਕਾ ਸੀ ਅਤੇ ਦੂਸਰੇ ਪਾਸੇ ਇੱਕ ਭੂਸਰਿਆ ਅਫ਼ਸਰ ਗੜਗੱਜ ਸਿੰਘ!! ਇੰਦਰਜੀਤ ਸੋਚ ਰਿਹਾ ਸੀ ਕਿ ਕਿਉਂ ਨਾ ਕਾਕੇ ਨੂੰ ਦੱਸ ਕੇ ਭਜਾ ਦਿੱਤਾ ਜਾਵੇ? ਪਰ ਹੁਣ ਤਾਂ ਫ਼ੋਰਸ ਆ ਲੱਗੀ ਹੋਣੀ ਐਂ! ਪਰ ਕਾਕੇ ਨੂੰ ਖਿਸਕਾ ਕੇ ਤੇਰੇ ਹੱਥ ਕੀ ਆਊ ਇੰਦਰਜੀਤ ਸਿਆਂ? ਦਸ ਲੱਖ ਰੁਪਏ 'ਚੋਂ ਹਿੱਸਾ ਜਾਊ ਅਤੇ ਕੌਡੀਆਂ ਵਾਲੇ ਨਾਲ ਵਾਧੂ ਦੀ ਦੁਸ਼ਮਣੀ ਪਊ! ਫਿਰ ਤਾਂ ਤੂੰ ਧੋਬੀ ਦਾ ਕੁੱਤਾ ਬਣ ਕੇ ਰਹਿ ਜਾਵੇਂਗਾ! ਨਾਲੇ ਕਾਕੇ ਨੇ ਤੇਰਾ ਪੱਗ-ਵੱਟ ਯਾਰ ਕੁਲਦੀਪ ਤੇਰੀਆਂ ਅੱਖਾਂ ਸਾਹਮਣੇਂ ਮਾਰਿਐ, ਤੂੰ ਇਹਨੂੰ ਕਿਵੇਂ ਬਖ਼ਸ਼ੇਂਗਾ? ਜੇ ਭਲਾ ਇੰਦਰਜੀਤ ਸਿਆਂ ਕਾਕੇ ਨੂੰ ਪਤਾ ਲੱਗ ਜਾਵੇ ਬਈ ਤੂੰ ਪੁਲੀਸ ਦਾ ਕੈਟ ਐਂ, ਉਹ ਤੈਨੂੰ ਬਖਸ਼ੂ..? ਕਦੇ ਵੀ ਨਹੀਂ..! ਖੜ੍ਹਾ ਖੜੋਤਾ ਹੀ ਗੋਲੀ ਨਾਲ ਉੜਾ ਦਿਊ! ਫੇਰ ਤੂੰ ਇਹਨੂੰ ਕਿਉਂ ਬਖਸ਼ੇਂ? ਜੇ ਕਾਕਾ ਜਿਉਂਦਾ ਰਹੂ ਮਿੱਤਰਾ, ਤੇਰੀ ਤੇ ਪ੍ਰੀਵਾਰ ਦੀ ਮੌਤ ਪੱਕੀ ਐ! ਮੁਆਫ਼ ਕਰਨਾ ਇਹਨਾਂ ਦੀ ਕਿਸੇ ਡਾਇਰੀ ਵਿਚ ਨਹੀਂ ਲਿਖਿਆ! ਜੇ ਘੋੜਾ ਘਾਹ ਨਾਲ ਮਿੱਤਰਤਾਈ ਕਰ ਲਵੇ ਤਾਂ ਖਾਊ ਕੀ, ਸੁਆਹ? ਜੇ ਪੁਲਸ ਦੇ ਕੈਟ ਕਾਕੇ ਵਰਗੇ ਕੱਟੜ ਅੱਤਿਵਾਦੀਆਂ ਦੇ ਵਫ਼ਾਦਾਰ ਬਣਨ ਲੱਗ ਪੈਣ, ਫਿਰ ਨੌਕਰੀ ਕਿੱਥੇ ਕਰਨੀ ਹੋਈ? ਤੂੰ ਹੁਣ ਇੰਦਰਜੀਤ ਸਿਆਂ ਮੋਕ ਮਾਰ ਗੱਲਾਂ ਤਿਆਗ ਅਤੇ ਠਾਣੇਦਾਰ ਦਾ ਵਫ਼ਾਦਾਰ ਹੀ ਬਣਿਆਂ ਰਹਿ! ਕੁਛ ਲੈ ਵੀ ਡਿੱਗੇਂਗਾ! ਇਹ ਤੈਨੂੰ ਕੀ ਲਈ ਬੈਠੇ ਐ? ਇਹ ਤਾਂ ਆਪ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੱਧਦੇ ਭੁੱਖੇ ਮਰਦੇ ਫਿਰਦੇ ਐ! ਨੰਗੀ ਕੀ ਨਹਾ ਲਊ, ਕੀ ਨਚੋੜ ਲਊ? ਇਹ ਤਾਂ ਬਾਰ ਦੇ ਦੀਵੇ ਐ, ਜਦੋਂ ਹਵਾ ਆਈ ਬੁਝ ਜਾਣਗੇ! ਤੂੰ ਆਪਦਾ ਇਹ ਕੰਮ ਈਮਾਨਦਾਰੀ ਨਾਲ ਸਿਰੇ ਲਾ ਅਤੇ ਠਾਣੇਦਾਰ ਦਾ ਥਾਪੜਾ ਖੱਟ ਮਿੱਤਰਾ! ਤੇ ਮੁੜ ਕੇ ਲਾ ਕੰਨਾਂ ਨੂੰ ਹੱਥ! ਤੂੰ ਵਾਧੂ ਸਾਹਨਾਂ ਦੇ ਭੇੜ੍ਹ 'ਚ ਕਤੂਰ੍ਹਾ ਮਾਰਿਆ ਜਾਵੇਂਗਾ! ਇਹ ਤਾਂ ਜਾਨੋਂ ਬੇਪ੍ਰਵਾਹ, ਮਰਨ ਮਾਰਨ 'ਤੇ ਤੁਲੇ ਹੋਏ ਐ। ਤੂੰ ਵਾਧੂ ਐਂਵੇਂ ਵਿਚ-ਵਿਚਾਲੇ ਕਾਹਨੂੰ ਬਲੀ ਦਾ ਬੱਕਰਾ ਬਣਦੈਂ? ਤੇਰੇ ਤਾਂ ਮਾਂ ਐਂ, ਪਿਉ ਐ, ਭੈਣ ਐਂ, ਭਰਾ ਐ, ਉਹ ਤਾਂ ਤੇਰੇ ਬਾਝੋਂ ਰੁਲ ਕੇ ਮਰ ਜਾਣਗੇ, 'ਕੱਲਾ ਤੂ ਕਮਾਊ ਐਂ!
ਇੰਦਰਜੀਤ ਸੋਚਾਂ ਦੇ ਝੱਖੜ ਵਿਚ ਮਧੋਲਿਆ ਦਬਾ-ਦਬ ਬਾਇਰਲ ਸਾਫ਼ ਕਰ ਰਿਹਾ ਸੀ। ਇਹੋ ਹੀ ਹਾਲ ਦਿਲਜੀਤ ਦਾ ਸੀ। ਕੋਈ ਕਿਸੇ ਨਾਲ ਬੋਲ ਨਹੀਂ ਰਿਹਾ ਸੀ। ਜਿਵੇਂ ਉਹ ਹੱਡ ਮਾਸ ਦੇ ਬੰਦੇ ਨਹੀਂ, ਮੋਮ ਦੇ ਬੁੱਤ ਸਨ। ਜਿਵੇਂ ਉਹ ਜਿਉਂਦੇ ਨਹੀਂ, ਅਜਾਨ ਸਨ!
ਉਹਨਾਂ ਦੀ ਸੋਚ ਨੂੰ ਉਦੋਂ ਧੱਕਾ ਵੱਜਿਆ, ਜਦੋਂ ਬਾਹਰੋਂ ਸੀਰੀ ਚੀਕਦਾ-ਕੁਰਲਾਉਂਦਾ ਵਿਹੜੇ ਵਿਚ ਆ ਡਿੱਗਿਆ।
-"ਚਾਅਚੀ...! ਚਾਅਚੀ...!!" ਉਸ ਦੇ ਮੂੰਹੋਂ ਝੱਗ ਡਿੱਗ ਰਹੀ ਸੀ। ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ।
-"ਵੇ ਤੈਨੂੰ ਕੀ ਸੱਪ ਲੜ ਗਿਆ ਊਤਾ?"
-"ਚਾਅਚੀ...!!" ਉਹ ਬਾਹਰ ਨੂੰ ਹੱਥ ਕਰ-ਕਰ ਕੁਝ ਦੱਸਣਾ ਚਾਹੁੰਦਾ ਸੀ, ਪਰ ਗੱਲ ਨਹੀਂ ਹੋ ਰਹੀ ਸੀ।
-"ਵੇ ਤੂੰ ਮਰ ਜਾਣਿਆਂ ਬੋਲ ਤਾਂ ਸਹੀ...!!" ਮਾਮੀ ਨੇ ਸੂਤ ਮੰਜੇ 'ਤੇ ਚਲਾ ਕੇ ਮਾਰਿਆ ਅਤੇ ਸੀਰੀ ਨੂੰ ਜਾ ਫੜਿਆ।
ਸੀਰੀ ਧਰਤੀ 'ਤੇ "ਧੱਪ-ਧੱਪ" ਹੱਥ ਮਾਰੀ ਜਾ ਰਿਹਾ ਸੀ।
-"ਚਾਅਚੀ..! ਬਾਹਰ ਪੁਲਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ-ਤੂੰ ਕਾਕੇ ਨੂੰ ਕਿਮੇਂ ਨਾ ਕਿਮੇਂ ਕੱਢ...!" ਆਖ ਕੇ ਸੀਰੀ ਨੇ ਸਾਰਿਆਂ ਦੇ ਹੱਥਾਂ ਦੇ ਤੋਤੇ ਉੜਾ ਦਿੱਤੇ। ਨਹਾ ਕੇ ਬਾਹਰ ਨਿਕਲੀ ਗਗਨਦੀਪ ਹੱਥੋਂ ਖਾਲੀ ਬਾਲਟੀ ਡਿੱਗ ਪਈ। ਅਚਾਨਕ ਪਈ ਧਾੜ੍ਹ 'ਤੇ ਸਾਰਿਆਂ ਦੇ ਦਿਲ ਨਿਕਲ ਗਏ। ਗਗਨਦੀਪ ਅਤੇ ਭੂਆ ਨਿਰਬਲ ਜਿਹੀਆਂ ਹੋਈਆਂ ਖੜ੍ਹੀਆਂ ਸਨ। ਉਹਨਾਂ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਫਿਰ ਕਾਕੇ ਦੀ ਮਾਮੀਂ ਨੂੰ ਪਤਾ ਨਹੀਂ ਕੀ ਔੜਿਆ? ਉਹ ਸਿੰਧ ਦੇ ਘੋੜੇ ਵਾਂਗ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਈ।
ਕਾਕਾ ਘੂਕ ਸੁੱਤਾ ਪਿਆ ਸੀ।
-"ਕਾਕਿਆ ਪੁੱਤ...! ਵੇ ਮੇਰਿਆ ਸ਼ੇਰ ਕਾਕਿਆ...!! ਉਠ ਮੇਰਿਆ ਸੋਹਣਿਆਂ...!" ਮਾਮੀਂ ਨੇ ਉਸ ਨੂੰ ਹਲੂਣਿਆਂ। ਜੇ ਕੋਈ ਹੋਰ ਸਮਾਂ ਹੁੰਦਾ ਤਾਂ ਮਾਮੀਂ ਨੇ ਆਖਣਾ ਸੀ, "ਵੇ ਉਠ ਖੜ੍ਹ ਟੁੱਟੜਿਆ! ਕਿਮੇਂ ਮਗਰਮੱਛ ਮਾਂਗੂੰ ਲਿਟਿਆ ਪਿਐ-ਨੇਸਤੀ ਕਿਸੇ ਥਾਂ ਦਾ।"
ਕਾਕੇ ਨੇ ਪਾਸਾ ਪਰਤਿਆ।
ਉਹ ਬੇਖ਼ਬਰ ਸੀ, ਨਾਵਾਕਿਫ਼ ਸੀ ਕਿ ਫ਼ੌਜਾਂ ਦੇ ਕਟਕ ਦਰਵਾਜੇ 'ਤੇ ਆ ਚੁੱਕੇ ਸਨ।
-"ਕਾਕਿਆ...! ਵੇ ਸ਼ੇਰ ਬੱਗਿਆ...!"
-"ਕੀ ਗੱਲ ਐ ਮਾਮੀਂ ਜੀ...?"
-"ਉਠ ਸ਼ੇਰ ਪੁੱਤਾ-ਪੁਲਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ।" ਮਾਮੀਂ ਦੀ ਅਵਾਜ਼ ਘਗਿਆ ਗਈ।
-"ਹੈਂ...!!" ਕਾਕਾ ਪਲੰਘ ਤੋਂ ਭਮੱਤਰ ਕੇ ਉਠਿਆ ਅਤੇ ਉਸ ਨੇ ਚੁਬਾਰੇ ਦੀ ਬਾਰੀ ਥੋੜ੍ਹੀ ਜਿਹੀ ਖੋਲ੍ਹ ਕੇ ਤੱਕਿਆ ਤਾਂ ਫ਼ੋਰਸ ਖੇਤਾਂ ਵਿਚ ਦੂਰ-ਦੂਰ ਤੱਕ ਫ਼ੈਲੀ ਹੋਈ ਸੀ। ਰੰਗ-ਬਰੰਗੀਆਂ ਵਰਦੀਆਂ ਵਾਲੇ ਚੁਬਾਰੇ ਵਿਚੋਂ ਝੁੰਡ ਬਣਾਈ ਖੜ੍ਹੇ ਦਿਸਦੇ ਸਨ। ਕਾਕਾ ਇਕ ਦਮ ਪਿੱਛੇ ਮੁੜਿਆ ਅਤੇ ਅਲਮਾਰੀ ਖੋਲ੍ਹ ਲਈ। ਅਲਮਾਰੀ ਵਿਚ ਸੱਖਣੇ ਰੌਂਦ ਹੀ ਪਏ ਸਨ। ਰਾਈਫ਼ਲਾਂ ਗਾਇਬ ਸਨ।
ਕਾਕੇ ਨੂੰ ਚੱਕਰ ਆ ਗਿਆ।
-"ਮਾਮੀਂ ਜੀ-ਅਸਾਲਟਾਂ ਕਿੱਥੇ ਐ...?" ਉਹ ਚੀਕਿਆ।
-"ਉਹ ਤਾਂ ਇੰਦਰਜੀਤ ਹੋਰੀਂ ਬੈਠਕ 'ਚ ਸਾਫ਼ ਕਰਨ ਲੱਗੇ ਵੇ ਐ।" ਮਾਮੀਂ ਨੇ ਦੱਸਿਆ ਤਾਂ ਕਾਕਾ ਬਾਹਰ ਵਿਹੜੇ ਵੱਲ ਨੂੰ ਦੌੜਿਆ।
-"ਉਏ ਇੰਦਰਜੀਤ...!"
-"ਹਾਂ ਬਾਈ....?"
-"ਹਥਿਆਰ ਉਪਰ ਲਿਆਓ....!"
ਇੰਦਰਜੀਤ ਹੋਰੀਂ ਉਖੇੜੇ ਹਥਿਆਰ ਟੋਟੇ 'ਚ ਬੰਨ੍ਹ ਉਪਰ ਲੈ ਆਏ। ਦੇਖ ਕੇ ਕਾਕੇ ਨੂੰ ਚੇਹ ਚੜ੍ਹ ਗਈ।
-"ਥੋਨੂੰ ਭੈਣ ਦਿਓ ਖਸਮੋਂ, ਹਥਿਆਰ ਸਾਫ਼ ਕਰਨ ਨੂੰ ਕਿਹੜੇ ਭੈਣ ਚੋਦ ਨੇ ਕਿਹਾ ਸੀ?"
-"ਬਾਈ ਵਿਹਲੇ ਜਿਹੇ ਬੈਠੇ ਸੀ-ਅਸੀਂ ਸੋਚਿਆ ਸਾਫ਼ ਈ ਕਰ ਲਈਏ।"
-"ਜੋੜੋ ਇਹਨਾਂ ਨੂੰ ਮੇਰਿਓ ਸਾਲਿਓ....!"
-"ਬਾਈ ਕੀ ਗੱਲ ਹੋ ਗਈ?" ਇੰਦਰਜੀਤ ਨੇ ਦਿਲ ਕੱਢ ਕੇ ਪੁੱਛ ਹੀ ਲਿਆ। ਉਸ ਦੀਆਂ ਤਲੀਆਂ ਪਸੀਨੇ ਨਾਲ ਤਰ ਸਨ।
-"ਲੈ...! ਦੇਖ ਲੈ...!!" ਕਾਕੇ ਨੇ ਅੱਧੀ ਬਾਰੀ ਖੋਲ੍ਹ ਕੇ ਬਾਹਰ ਇਸ਼ਾਰਾ ਕੀਤਾ। ਇੰਦਰਜੀਤ ਹੁਰਾਂ ਨੂੰ ਤਾਂ ਪਤਾ ਹੀ ਸੀ। ਪਰ ਉਹਨਾਂ ਨੇ ਗੰਭੀਰਤਾ ਦਿਖਾਈ।
-"ਬਾਈ ਇਹ ਤਾਂ ਪੂਰੀਆਂ ਦੋ ਬਟਾਲੀਅਨਾਂ ਆ ਲੱਗੀਆਂ-ਤੂੰ ਕਿਵੇਂ ਨਾ ਕਿਵੇਂ ਖਿਸਕਣ ਦੀ ਕਰ-ਅਸੀਂ ਇਹਨਾਂ ਦਾ ਭੁਚਾਲ ਪਾਉਨੇਂ ਐਂ।"
-"ਭੁਚਾਲ ਤੁਸੀਂ ਮਾਂ ਦੇ ਕੰਢੇ ਨਾਲ ਪਾਵੋਗੇ? ਆਬਦੀਆਂ ਮਾਵਾਂ ਨੂੰ ਤਾਂ ਉਖੇੜੀ ਬੈਠੇ ਐਂ-ਜਲਦੀ ਜੋੜੋ ਇਹਨਾਂ ਨੂੰ ਤੇ ਇਕ ਮੈਨੂੰ ਫੜਾਓ-ਛੇਤੀ ਕਰੋ ਛੇਤੀ....!"
ਕਾਕੇ ਨੇ ਅਸਾਲਟ ਜੋੜਨੀ ਸੁਰੂ ਕਰ ਦਿੱਤੀ।
-"ਕਾਕਿਆ ਪੁੱਤ ਤੁਸੀਂ ਖਿਸਕ ਕਿਉਂ ਨਹੀਂ ਜਾਂਦੇ? ਸਾਡੇ ਨਾਲ ਜਿਵੇਂ ਹੋਊ, ਸਾਂਭਾਂਗੇ।" ਮਾਮੀਂ ਨੇ ਕਿਹਾ।
-"ਮਾਮੀਂ ਜੀ ਤੁਸੀਂ ਮੇਰੇ ਮਾਮੀਂ ਹੀ ਨਹੀਂ ਮਾਂ ਵੀ ਹੋ-ਜੇ ਅਸੀਂ ਐਥੋਂ ਨਿਕਲਣ ਦੀ ਕੋਸਿ਼ਸ਼ ਕੀਤੀ ਤਾਂ ਉਹਨਾਂ ਨੇ ਸਾਨੂੰ ਚੂਹੇ ਵਾਂਗੂੰ ਟੰਗ ਲੈਣੈਂ-ਜੇ ਹੱਥ ਆ ਗਏ ਮੌਤ ਨਾਲੋਂ ਭੈੜੀ ਹਾਲਤ ਕਰਨਗੇ-ਸਾਨੂੰ ਮਾਮੀਂ ਜੀ ਦੋ ਹੱਥ ਕਰ ਹੀ ਲੈਣ ਦਿਓ-।" ਫਟਾ-ਫਟ ਅਸਾਲਟ ਜੋੜਦਾ ਕਾਕਾ ਲਗਾਤਾਰ ਬੋਲੀ ਜਾ ਰਿਹਾ ਸੀ।
-"ਪੁੱਤ ਕੀ ਪਤੈ ਨਿਕਲ ਈ ਜਾਵੋਂ? ਤੂੰ ਦੀਪ ਬਾਰੇ ਤਾਂ ਸੋਚ ਕਿਹੜੇ ਹਾਲ 'ਚ ਐ-ਬੱਚਾ ਬੱਚੀ ਹੋਣ ਆਲੈ-ਉਹਦਾ ਕੀ ਬਣੂੰ? ਤੂੰ ਪੁੱਤ ਲੰਮੀ ਸੋਚ-ਨਿਕਲ ਜਾ ਏਥੋਂ।"
-"ਬਾਈ...! ਗੱਲ ਮਾਮੀਂ ਜੀ ਦੀ ਠੀਕ ਐ-ਤੂੰ ਬਾਹਰ ਨਿਕਲ -ਅਸੀਂ ਇਹਨਾਂ ਨੂੰ ਉਲਝਾਅ 'ਚ ਪਾਉਨੇਂ ਐਂ।"
-"ਨਹੀਂ ਮਿੱਤਰੋ! ਆਹ ਟਾਈਮ ਤਾਂ ਮੈਨੂੰ ਮਸਾਂ ਈ ਆਇਐ-ਹੁਣ ਕੱਫ਼ਣ ਸਿਰ 'ਤੇ ਬੰਨ੍ਹ ਲਵੋ ਤੇ ਖਿੱਚੋ ਤਿਆਰੀ ਗੁਰਪੁਰੀ ਸਿਧਾਰਨ ਦੀ-ਮਾਮੀਂ ਜੀ ਤੁਸੀਂ ਦੀਪ ਦਾ ਖਿਆਲ ਰੱਖਿਓ-ਹੁਣ ਉਹ ਥੋਡੇ ਤੇ ਕਲਗੀਧਰ ਆਸਰੇ ਐ-ਜੇ ਫ਼ੋਰਸ ਤੁਹਾਨੂੰ ਬਾਹਰ ਨਿਕਲਣ ਦਾ ਹੁਕਮ ਕਰੇ-ਤੁਸੀਂ ਤੁਰੰਤ ਬਾਹਰ ਨਿਕਲ ਜਾਣੈਂ-ਉਹ ਨਾ ਹੋਵੇ ਮੈਂ ਤੁਹਾਡੇ ਨਾਲ ਗੱਲੀਂ ਪਿਆ ਈ ਮਾਰਿਆ ਜਾਵਾਂ-ਮੁੜ ਕੇ ਸਾਨੂੰ ਗੱਲ ਕਰਨ ਦਾ ਟਾਈਮ ਨਹੀਂ ਮਿਲਣਾ-।"
ਮਾਮੀਂ ਰੋ ਪਈ।
ਗਗਨਦੀਪ ਅੱਗੇ ਆ ਗਈ।
-"ਇੱਕ ਅਸਾਲਟ ਮੈਨੂੰ ਫੜਾਓ!"
-"ਨਹੀਂ ਦੀਪ! ਹੁਣ ਗੱਲਾਂ ਕਰਨ ਦਾ ਸਮਾਂ ਨਹੀਂ-ਤੂੰ ਮਾਮੀਂ ਜੀ ਨੂੰ ਲੈ ਕੇ ਜਲਦੀ ਹੇਠਾਂ ਉਤਰ ਜਾਹ-ਪਤਾ ਨਹੀਂ ਕਦੋਂ ਬਰੱਸਟ ਵੱਜਣ ਲੱਗ ਪੈਣ-।"
-"ਨਹੀਂ..! ਮੈਂ ਵਾਅਦਾ ਕੀਤਾ ਸੀ ਕਿ ਤੁਹਾਡੇ ਨਾਲ ਸ਼ਹੀਦ ਹੋਵਾਂਗੀ।"
-"ਤੇ ਬੱਚੇ ਦਾ ਕੀ ਕਰੇਂਗੀ..? ਬਲੀ ਦਾ ਬੱਕਰਾ ਬਣਾਵੇਂਗੀ ਦੀਪ..? ਤੂੰ ਤਾਂ ਅਜੇ ਇੱਕ ਹੋਰ ਕਾਕਾ ਜੰਮਣੈਂ..! ਜੇ ਤੂੰ ਹੀ ਮੇਰੇ ਨਾਲ ਸ਼ਹੀਦ ਹੋ ਗਈ-ਆਉਣ ਵਾਲੇ ਸੂਰਮੇਂ ਕਾਕੇ ਨੂੰ ਕੌਣ ਜੱਗ ਦਿਖਾਊਗਾ..? ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਜੇ ਹਰ ਔਰਤ ਮਰਦ ਨਾਲ ਸ਼ਹੀਦ ਹੋਣ ਲੱਗਦੀ ਤਾਂ ਹੁਣ ਤੱਕ ਦੁਨੀਆਂ 'ਤੇ ਕੋਈ ਸੂਰਮਾਂ ਨਾ ਪੈਦਾ ਹੁੰਦਾ ਦੀਪ! ਬੱਸ..! ਅਕਾਲ ਪੁਰਖ ਨੇ ਆਪਣਾ ਐਨਾ ਕੁ ਹੀ ਸਾਥ ਲਿਖਿਆ ਸੀ-ਮੈਨੂੰ ਮੁਆਫ਼ ਕਰੀਂ..! ਆਉਣ ਆਲੇ ਕਾਕੇ 'ਚੋਂ ਤੈਨੂੰ ਮੇਰਾ ਹੀ ਅਕਸ ਦਿਸਿਆ ਕਰੇਗਾ ਸਾਥੀ..! ਉਸ ਨੂੰ ਸਧਰਾਂ ਨਾਲ ਪਾਲੀਂ-ਔਰ ਹਾਂ..! ਜਦ ਫ਼ੋਰਸ ਨੇ ਬਾਹਰ ਨਿਕਲਣ ਲਈ ਕਿਹਾ ਤਾਂ ਤੂੰ ਸਾਰਿਆਂ ਨਾਲ ਤੁਰੰਤ ਬਾਹਰ ਨਿਕਲ ਜਾਣੈਂ-ਇਹ ਮੇਰਾ ਹੁਕਮ ਐਂ! ਇਹ ਨਾ ਹੋਵੇ ਮੈਂ ਤੁਹਾਨੂੰ ਦਲੀਲਾਂ ਦੇਣ 'ਚ ਰੁੱਝ ਜਾਵਾਂ ਤੇ ਫ਼ੋਰਸ ਦਾ ਦਾਅ ਲੱਗ ਜਾਵੇ-ਇਸ ਲਈ ਜਦੋਂ ਫ਼ੋਰਸ ਨੇ ਬਾਹਰ ਨਿਕਲਣ ਲਈ ਕਿਹਾ ਤਾਂ ਤੂੰ ਮੇਰੇ ਹੋਣ ਵਾਲੇ ਕਾਕੇ ਦੀ ਖਾਤਰ ਬਾਹਰ ਨਿਕਲ ਜਾਣੈਂ-ਰਾਈਟ..?"
ਗਗਨਦੀਪ ਦੇ ਕਾਕੇ ਦੀਆਂ ਦਲੀਲਾਂ ਦਿਲ ਲੱਗ ਗਈਆਂ ਅਤੇ ਉਸ ਨੇ "ਹਾਂ" ਵਿਚ ਸਿਰ ਹਿਲਾਇਆ।
-"ਜਾਹ ਥੱਲੇ...!"
ਭੂਆ ਭਤੀਜੀ ਹੇਠਾਂ ਨੂੰ ਤੁਰ ਪਈਆਂ।
-"ਮਾਮੀਂ ਜੀ..!"
ਮਾਮੀ ਮੁੜੀ।
-"ਤੁਸੀਂ ਮੇਰਾ ਬੋਲਿਆ ਚੱਲਿਆ ਮੁਆਫ਼ ਕਰ ਦੇਣਾ।"
-"ਹਾਏ ਵੇ ਮੇਰਿਆ ਸ਼ੇਰ ਬੱਗਿਆ..!" ਮਾਮੀਂ ਦੇ ਰੁਕੇ ਹੰਝੂ ਹੜ੍ਹ ਵਾਂਗ ਵਹਿ ਤੁਰੇ।
-"ਤੂੰ ਪੁੱਤ ਦੀਪ ਦਾ ਭੋਰਾ ਫਿ਼ਕਰ ਨਾ ਕਰੀਂ।" ਉਹ ਕਾਕੇ ਨੂੰ ਬੱਚਿਆਂ ਵਾਂਗ ਗਲਵਕੜੀ ਪਾਈ ਖੜ੍ਹੀ ਸੀ।
-"ਮਾਮੀਂ ਜੀ..!"
-"ਹਾਂ ਪੁੱਤ?"
-"ਜਾਂਦੀ ਵਾਰੀ ਮੇਰਾ ਸਿਰ ਨਹੀਂ ਪਲੋਸੇਂਗੀ...?"
ਮਾਮੀਂ ਦਾ ਕਾਲਜਾ ਭਰਾੜ੍ਹ ਹੋ ਗਿਆ।
ਉਸ ਨੇ ਧਾਹਾਂ ਮਾਰ ਕੇ ਕਾਕੇ ਦਾ ਮੂੰਹ ਚੁੰਮਣਾ ਸੁਰੂ ਕਰ ਦਿੱਤਾ। ਕਾਕਾ ਵੀ ਉਸ ਨੂੰ ਮਾਂ ਵਾਂਗ ਘੁੱਟੀ ਖੜ੍ਹਾ ਸੀ।
-"ਮਾਮੀਂ ਜੀ ਬੇਜੀ ਹੋਰਾਂ ਦਾ ਖਿਆਲ ਰੱਖਿਓ...!"
-"ਬੇਫਿ਼ਕਰ ਰਹਿ ਪੁੱਤ...!"
ਕਾਕੇ ਨੇ ਮਾਮੀਂ ਨੂੰ ਇਕ ਤਰ੍ਹਾਂ ਨਾਲ ਧੱਕ ਕੇ ਹੇਠਾਂ ਨੂੰ ਤੋਰ ਦਿੱਤਾ। ਗਗਨਦੀਪ ਵੀ ਮਜ਼ਬੂਰਨ ਨਾਲ ਹੀ ਤੁਰ ਗਈ। ਉਹ ਹਾਣੀ ਨੂੰ ਗਲਵਕੜੀ ਪਾਉਣਾ ਚਾਹੁੰਦੀ ਸੀ, ਪਰ ਕੁੜੀ ਦੇ ਅਰਮਾਨ ਮੰਦਰ ਦੀ ਫ਼ਰਸ਼ 'ਤੇ ਡਿੱਗੇ ਫੁੱਲ ਵਾਂਗ ਮਸਲੇ ਗਏ। ਉਸ ਦੀ ਰੂਹ ਲਹੂ-ਲੁਹਾਣ ਹੋਈ ਪਈ ਸੀ ਅਤੇ ਕੰਨਾਂ ਵਿਚ ਗੈਬੀ ਵੈਣ ਪਈ ਜਾ ਰਹੇ ਸਨ। ਉਸ ਦੀ ਆਤਮਾ ਵਲੂੰਧਰੀ ਪਈ ਸੀ।
ਕਾਕੇ ਹੁਰਾਂ ਨੇ ਅਸਾਲਟਾਂ ਜੋੜ ਕੇ ਸਾਹਮਣੇ ਰੌਂਦਾਂ ਦੀ ਢੇਰੀ ਲਾ ਲਈ ਅਤੇ ਜੰਗੀ ਪੱਧਰ 'ਤੇ ਮੈਗਜ਼ੀਨ ਭਰਨੇ ਸੁਰੂ ਕਰ ਦਿੱਤੇ।
ਬਾਹਰੋਂ ਸਪੀਕਰ 'ਤੇ ਅਵਾਜ਼ ਆਉਣੀ ਸੁਰੂ ਹੋ ਗਈ।
ਸ਼ਾਮ ਦੇ ਪੂਰੇ ਛੇ ਵੱਜ ਚੁੱਕੇ ਸਨ।
ਸੂਰਜ ਧਰਤੀ 'ਤੇ ਬੂਥ ਰੱਖੀ ਖੜ੍ਹਾ ਸੀ।
ਫ਼ੋਰਸ ਪੰਜ-ਪੰਜ ਏਕੜ ਵਿਚ ਫ਼ੈਲ ਗਈ ਸੀ। ਘੇਰਾ ਬੜਾ ਹੀ ਸਖ਼ਤ ਪਿਆ ਹੋਇਆ ਸੀ। ਫ਼ੋਰਸ ਕਾਕੇ ਹੁਰਾਂ ਦੇ ਹਥਿਆਰਾਂ ਦੀ ਮਾਰ ਵਿਚ ਨਹੀਂ ਸੀ। ਕੌਡੀਆਂ ਆਲੇ ਦੀ ਕਮਾਂਡ ਸੀ। ਖੁਦ ਐੱਸ. ਪੀ. ਪਹੁੰਚਿਆ ਹੋਇਆ ਸੀ। ਡੀ. ਐੱਸ. ਪੀ. ਦਾ ਪਹੁੰਚਣਾ ਤਾਂ ਫਿਰ ਜ਼ਰੂਰੀ ਸੀ। ਫ਼ੋਰਸ ਨੇ ਘੇਰਾ ਕਸਣਾ ਸੁਰੂ ਕਰ ਦਿੱਤਾ।
ਐੱਸ. ਪੀ. ਅਤੇ ਕੌਡੀਆਂ ਵਾਲੇ ਦੀ ਸਕੀਮ ਅਨੁਸਾਰ ਮੁਕਾਬਲਾ ਹਨ੍ਹੇਰੇ ਹੋਏ ਸੁਰੂ ਹੋਣਾ ਸੀ। ਸਰਚ ਲਾਈਟਾਂ ਆਸਰੇ ਫ਼ੋਰਸਾਂ ਨੇ ਅੱਗੇ ਵਧਣਾ ਸੀ। ਇਧਰ ਸਾਹਮਣੇ ਤੋਂ ਪੈਂਦੀਆਂ ਸਰਚ ਲਾਈਟਾਂ ਨੇ ਕਾਕੇ ਹੋਰਾਂ ਨੂੰ ਦਿਸਣ ਵਿਚ ਵਿਘਨ ਪਾਉਣਾ ਸੀ। ਇਹ ਸਾਰੀ ਸਕੀਮ ਕੌਡੀਆਂ ਵਾਲੇ ਨੇ ਉਲੀਕੀ ਸੀ।
ਐੱਸ. ਪੀ. ਨੇ ਉਸ ਨੂੰ ਥਾਪੜਾ ਦਿੱਤਾ ਸੀ। ਇਹ ਸਕੀਮ ਉਲੀਕ ਕੇ ਠਾਣੇਦਾਰ ਨੇ ਇਕ ਤਰ੍ਹਾਂ ਨਾਲ ਆਪਣਾ ਪਿਛਲਾ ਦਾਗ਼ ਧੋ ਲਿਆ ਸੀ।
ਸੂਰਜ ਝਾੜੀਆਂ ਵਿਚ ਮੂੰਹ ਲਕੋ ਗਿਆ।
ਛੁਪਦੀ ਵਾਲੇ ਪਾਸੇ ਲਹੂ ਹੀ ਲਹੂ ਡੁੱਲ੍ਹ ਗਿਆ ਸੀ।
ਕਾਕੇ ਨੇ ਬਾਰੀ ਰਾਹੀਂ ਗੋਲੀ ਚਲਾਉਣੀ ਬੇਵਕੂਫ਼ੀ ਸਮਝੀ। ਉਸ ਨੇ ਸੱਬਲ ਨਾਲ ਚੁਬਾਰੇ ਦੀਆਂ ਅੱਡੋ-ਅੱਡੀ ਤਿੰਨ ਕੰਧਾਂ ਵਿੱਚੋਂ, ਤਿੰਨ ਇੱਟਾਂ ਕੱਢ ਲਈਆਂ। ਅਸਾਲਟਾਂ ਦੀਆਂ ਬਾਇਰਲਾਂ ਵਿਚ ਦੀ ਕੱਢ ਕੇ, ਘੁੰਮਾ ਕੇ ਦੇਖੀਆਂ। ਇੱਕ ਤਰ੍ਹਾ ਨਾਲ ਮਿਥੀ ਕਿ ਏ ਕੇ ਸੰਤਾਲੀ ਦੀ ਗੋਲੀ ਕਿੱਥੋਂ ਤੱਕ ਮਾਰ ਕਰ ਸਕਦੀ ਹੈ? ਤਿੰਨੇ ਵੱਖੋ-ਵੱਖ ਦਿਸ਼ਾਵਾਂ ਵੱਲ ਪੁਜ਼ੀਸ਼ਨਾਂ ਲਈ ਪਏ ਸਨ। ਬਾਹਰੋਂ 'ਮੈਗਾ-ਸੈੱਟ' ਸਪੀਕਰ ਤੋਂ ਅਫ਼ਸਰ ਬੋਲਿਆ।
-"ਹੈਲੋ।।।।।।ਹੈਲੋ।।।।! ਮਨਪ੍ਰੀਤ ਸਿੰਘ ਕਾਕਾ ਧਿਆਨ ਨਾਲ ਸੁਣੋਂ...! ਮੈਂ ਤੁਹਾਡੇ ਇਲਾਕੇ ਦਾ ਡੀ. ਐੱਸ. ਪੀ. ਬੋਲ ਰਿਹਾ ਹਾਂ।।।।।।।ਸਾਡੀਆਂ ਫ਼ੋਰਸਾਂ ਨੇ ਤੁਹਾਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ।।।।।।।ਤੁਹਾਡਾ ਬਚ ਕੇ ਨਿਕਲਣਾ ਕਿਸੇ ਹਾਲਤ ਵਿਚ ਵੀ ਮੁਮਕਿਨ ਨਹੀਂ।।।।।ਥੋੜ੍ਹੇ ਜਿਹੇ ਅਸਲੇ ਨਾਲ ਤੁਸੀਂ ਸਾਡੀਆਂ ਫ਼ੋਰਸਾਂ ਦਾ ਮੁਕਾਬਲਾ ਨਹੀਂ ਕਰ ਸਕਦੇ।।।।।ਇਸ ਲਈ ਬੇਹਤਰ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਫ਼ੋਰਸਾਂ ਦੇ ਹਵਾਲੇ ਕਰ ਦਿਓ।।।।।।ਮੈਂ ਵਾਅਦਾ ਕਰਦਾ ਹਾਂ ਕਿ ਤੁਹਾਡੇ ਨਾਲ, ਹਰ ਹਾਲਤ ਵਿਚ ਹਮਦਰਦੀ ਨਾਲ ਪੇਸ਼ ਆਇਆ ਜਾਵੇਗਾ।।।।।ਮੈਂ ਇੱਕ ਵਾਰ ਫਿਰ ਹਦਾਇਤ ਕਰਦਾ ਹਾਂ ਕਿ ਆਪਣੇ ਆਪ ਆਤਮ ਸਮਰਪਣ ਕਰ ਦਿਓ।।।।।।।ਤੁਹਾਨੂੰ ਪੰਦਰਾਂ ਮਿੰਟ ਦਿੱਤੇ ਜਾਂਦੇ ਹਨ।।।।।।।।ਹੱਥ ਖੜ੍ਹੇ ਕਰਕੇ ਬਾਹਰ ਆ ਜਾਓ।।।।।।।।।।।।!!"
ਸਪੀਕਰ ਬੰਦ ਹੋ ਗਿਆ।
ਇੰਦਰਜੀਤ ਨੇ ਇਕ ਬਰੱਸਟ ਅਸਮਾਨ ਵੱਲ ਨੂੰ ਕੱਢ ਦਿੱਤਾ। ਜਿਸ ਦਾ ਸਪੱਸ਼ਟ ਇਸ਼ਾਰਾ ਸੀ ਕਿ ਕਾਕਾ ਕਦਾਚਿੱਤ ਬਾਹਰ ਨਹੀਂ ਆਵੇਗਾ। ਤੁਸੀਂ ਜਿਹੜੀ ਕਾਰਵਾਈ ਕਰਨੀ ਐਂ ਧਿਆਨ ਨਾਲ ਕਰੋ! ਤੁਹਾਡੀਆਂ ਗਿੱਦੜ ਭਬਕੀਆਂ ਇਹਨੂੰ ਡਰਾ ਨਹੀਂ ਸਕਣਗੀਆਂ!
-"ਤੂੰ ਮੇਰਿਆ ਸਾਲਿਆ ਕੀ ਕਰੀ ਜਾਨੈਂ..?"
-"ਬਾਈ, ਉਹ ਬਾਹਰ ਬੁੱਕੀ ਜਾਂਦੇ ਐ ਮੇਰੇ ਸਾਲੇ-ਤੇ ਆਪਾਂ ਚੁੱਪ ਕਰ ਜਾਈਏ..?"
-"ਤੇਰਾ ਪਿਉ ਸਮਾਨ ਆਪਣੇ ਕੋਲ ਅੱਗੇ ਈ ਘੱਟ ਐ-ਗੋਲੀ ਉਦੋਂ ਚਲਾਉਣੀ ਐਂ ਜਦੋਂ ਕੋਈ ਮਾਰ 'ਚ ਆਵੇ!"
-"ਠੀਕ ਐ ਬਾਈ-ਗਲਤੀ ਹੋ ਗਈ।"
ਫਿਰ ਚੁੱਪ ਵਰਤ ਗਈ।
ਇਧਰ ਕੌਡੀਆਂ ਵਾਲਾ, ਐੱਸ. ਪੀ. ਅਤੇ ਡੀ. ਐੱਸ. ਪੀ. ਵਿਚਕਾਰ ਆਕੜਿਆ ਬੈਠਾ ਸੀ। ਕਿੱਧਰੋਂ ਕਾਕੇ ਦਾ ਮਾਮਾ ਆ ਗਿਆ। ਲੱਗਦਾ ਸੀ ਉਸ ਨੇ ਕਾਫ਼ੀ ਦਾਰੂ ਪੀਤੀ ਹੋਈ ਸੀ। ਦਿਸਣ ਸਾਰ ਫ਼ੋਰਸ ਵਾਲਿਆਂ ਨੇ ਉਸ ਨੂੰ ਮਰੋੜ ਲਿਆ ਅਤੇ ਤਲਾਸ਼ੀ ਲੈ ਕੇ ਉਸ ਨੂੰ ਐੱਸ. ਪੀ. ਹੋਰਾਂ ਕੋਲ ਲੈ ਆਏ। ਉਸ ਦੀ ਡੱਬ 'ਚੋਂ ਸਿਰਫ਼ ਇੱਕ ਦਾਰੂ ਦਾ ਅਧੀਆ ਨਿਕਲਿਆ ਸੀ, ਜਿਹੜਾ ਸਿਪਾਹੀਆਂ ਨੇ ਅਫ਼ਸਰਾਂ ਅੱਗੇ ਲਿਆ ਰੱਖਿਆ।
ਡੀ. ਐੱਸ. ਪੀ. ਨੇ ਉਸ ਨੂੰ ਝੱਟ ਪਛਾਣ ਲਿਆ।
-"ਉਏ ਆ ਬਈ ਗੁਰਨਾਮ ਸਿਆਂ-ਛੱਡ ਦਿਓ ਇਹਨੂੰ ਬਈ!" ਡੀ. ਐੱਸ. ਪੀ. ਨੇ ਕਿਹਾ ਸੀ।
ਗੁਰਨਾਮ ਸਿੰਘ ਨੂੰ ਛੱਡ ਦਿੱਤਾ ਗਿਆ। ਉਸ ਨੇ ਮਧੋਲੇ ਕੁੱਕੜ ਵਾਂਗ ਖੰਭ ਜਿਹੇ ਝਿਣਕੇ ਅਤੇ ਅਫ਼ਸਰ ਨੂੰ ਪਛਾਣ ਲਿਆ।
-"ਸਾਸਰੀਕਾਲ ਜੀ ਸਰਦਾਰ ਜੀ...! ਸਾਸਰੀਕਾਲ...!!"
-"ਤੁਸੀਂ ਇਹਨੂੰ ਜਾਣਦੇ ਹੋ ਸਰ..?" ਕੌਡੀਆਂ ਆਲੇ ਨੇ ਅਫ਼ਸਰ ਨੂੰ ਪੁੱਛਿਆ।
-"ਬੜੀ ਚੰਗੀ ਤਰ੍ਹਾਂ..! ਇਹ ਤਾਂ ਮੇਰੀ ਮੱਝ ਲਈ ਹਰ ਰੋਜ ਮੇਰੇ ਘਰੇ ਪੱਠੇ ਸਿੱਟ ਕੇ ਆਉਂਦੈ।"
-"ਗੁਰਇਕਬਾਲ ਸਿਆਂ ਤੂੰ ਇਹਨੂੰ ਛੱਡ ਤੇ ਕਾਰਵਾਈ ਵੱਲ ਧਿਆਨ ਦੇਹ!" ਐੱਸ. ਪੀ. ਨੇ ਡੀ. ਐੱਸ. ਪੀ. ਨੂੰ ਕਿਹਾ।
-"ਸਾਹਿਬ ਬਹਾਦਰ...! ਇਹ ਕਾਕੇ ਅੱਤਵਿਾਦੀ ਦਾ ਸਕਾ ਮਾਮਾ ਐਂ!" ਡੀ. ਐੱਸ. ਪੀ. ਨੇ ਗੁੱਝਾ ਕਿਹਾ।
-"ਜੀਹਨੂੰ ਘੇਰਾ ਪਾਇਐ?"
-"ਹਾਂ ਸਾਹਿਬ ਬਹਾਦਰ!"
-"ਇਹਨੂੰ ਈ ਹਲਟ ਅੱਗੇ ਜੋੜ ਕੇ ਦੇਖ ਲੈ-ਕੀ ਐ ਹਾਲ਼ੀ ਨਿੱਕਲ ਈ ਆਵੇ? ਦਾਰੂ ਪੀ ਕੇ ਬੰਦਾ ਦਲੇਰ ਹੁੰਦੈ! ਕੀ ਐ ਬੰਦਾ ਪੇਸ਼ ਈ ਕਰ ਦੇਵੇ? ਜੇ ਉਹ ਕਹੇ ਕੱਤਰੇ ਪੇਸ਼ ਹੁੰਦੈ ਆਪਾਂ ਫ਼ੋਰਸ ਜ਼ਰੂਰ ਮਰਵਾਉਣੀਂ ਐਂ? ਜੇ ਗੁਰਇਕਬਾਲ ਸਿਆਂ ਗੁੜ ਦਿੱਤਿਆਂ ਵੈਰੀ ਮਰਦਾ ਹੋਵੇ-ਮਹੁਰਾ ਦੇਣ ਦੀ ਕੀ ਜ਼ਰੂਰਤ ਐ? ਇਹਦੇ ਕੱਢ ਕੋਈ ਕੁਤਕੁਤੀ-ਸ਼ਰਾਬੀ ਬੰਦੇ ਦਾ ਕੀ ਐ? ਫੂਕ 'ਚ ਲਿਆ ਕੇ ਚਾਹੇ ਟੈਂਕ ਮੂਹਰੇ ਖੜ੍ਹਾ ਕਰ ਦਿਓ! ਜੇ ਸਿੱਧੀ ਉਂਗਲ ਨਾਲ ਘਿਉ ਨਿਕਲ ਆਵੇ ਆਪਾਂ ਵਿੰਗੀ ਜ਼ਰੂਰ ਕਰਨੀ ਐਂ? ਇਹਨੂੰ ਘੁੱਟ ਹੋਰ ਲੁਆ ਤੇ ਲਾਲਚ ਲੂਲਚ ਦੇਹ-ਸਿਫ਼ਤਾਂ ਕਰ! ਜਦੋਂ ਜੱਟ ਗਿੱਬ ਜਾਵੇ ਫਿਰ ਹਾਥੀ ਨੂੰ ਕੱਟਾ ਦੱਸਣ ਲੱਗ ਪੈਂਦੈ!"
ਡੀ. ਐੱਸ. ਪੀ. ਜਿਪਸੀ ਵਿਚੋਂ ਅਧੀਆ ਚੁੱਕ ਕੇ ਗੁਰਨਾਮ ਸਿੰਘ ਨੂੰ ਪਿੱਛੇ ਲੈ ਗਿਆ।
-"ਆ ਬਈ ਗੁਰਨਾਮ ਸਿਆਂ-ਆਪਾਂ ਘੁੱਟ ਦਾਰੂ ਦੀ ਮਾਰਦੇ ਐਂ।"
-"ਦਾਰੂ ਦੀ ਘੁੱਟ ਤਾਂ ਮਾਰ ਲੈਨੇਂ ਆਂ ਜੀ-ਪਰ ਆਹ ਐਨਾ 'ਕੱਠ ਜਿਆ ਕਾਹਦਾ ਕੀਤਾ ਹੋਇਐ?" ਗੁਰਨਾਮ ਸਿੰਘ ਨੇ ਫ਼ੋਰਸਾਂ ਵੱਲ ਹੱਥ ਕਰਕੇ ਪੁੱਛਿਆ। ਦਾਰੂ ਦੇ ਨਸ਼ੇ ਨਾਲ ਝੋਲੇ ਖਾਂਦਾ ਉਹ ਤੁਤਲਾ ਰਿਹਾ ਸੀ। ਮੋਟੀ ਜ਼ਬਾਨ ਉਸ ਦੇ ਮੂੰਹ ਵਿਚ ਡੱਕ-ਡੱਕ ਵੱਜਦੀ ਸੀ।
-"ਫਿਕਰ ਨਾ ਕਰ-ਤੂੰ ਪਹਿਲਾਂ ਘੁੱਟ ਅੰਦਰ ਮਾਰ।"
ਗੁਰਨਾਮ ਨੇ ਅਧੀਆ ਮੂੰਹ ਨੂੰ ਲਾ ਕੇ ਪੌਣਾ ਪਊਆ ਸੂਤ ਧਰਿਆ। ਦਾਰੂ ਨੇ ਉਸ ਦੀ ਜੀਭ ਪੱਛ ਦਿੱਤੀ ਸੀ। ਉਸ ਨੇ ਬਕਬਕਾ ਜਿਹਾ ਮੂੰਹ ਸਰ੍ਹੋਂ ਦੀ ਗੰਦਲ ਖਾ ਕੇ ਠੀਕ ਕੀਤਾ। ਸੁੱਕੀ ਦਾਰੂ ਉਸ ਅੰਦਰ ਇਕ ਅੱਗ ਦੀ ਲੀਕ ਪਾਉਂਦੀ ਹੇਠਾਂ ਉਤਰੀ ਸੀ ਅਤੇ ਉਸ ਦੇ ਮੱਥੇ 'ਤੇ ਪਸੀਨਾ ਆ ਗਿਆ। ਜਿਹੜਾ ਉਸ ਨੇ ਪਰਨੇ ਨਾਲ ਸਾਫ਼ ਕਰ ਲਿਆ। ਗੁਰਨਾਮ ਜਿਪਸੀ ਨਾਲ ਢੋਅ ਲਾ ਕੇ ਖੜ੍ਹ ਗਿਆ।
-"ਹੁਣ ਕਾਇਮ ਐਂ?"
-"ਸਰਦਾਰ ਜੀ ਜਮਾਂ ਲੋਹੇ ਵਰਗਾ!"
-"ਲੈ ਫੇਰ ਸੁਣ...! ਸਾਨੂੰ ਅੱਜ ਈ ਖ਼ਬਰ ਮਿਲੀ ਸੀ ਕਿ ਕਾਕਾ ਤੇਰੇ ਘਰੇ ਐ-ਇਸ ਕਰਕੇ ਅਸੀਂ ਘੇਰਾ ਪਾਇਆ ਹੋਇਐ-ਤੇਰੀ ਉਡੀਕ 'ਚ ਅਸੀਂ ਕੋਈ ਗੋਲੀ ਨਹੀਂ ਚਲਾਈ-ਹਾਲਾਂ ਕਿ ਅੱਤਵਾਦੀ ਸਾਡੇ 'ਤੇ ਗੋਲੀ ਚਲਾ ਚੁੱਕੇ ਹਨ-ਪਰ ਮੈਂ ਤੇਰੇ ਮੂੰਹ ਨੂੰ ਚੁੱਪ ਰਿਹੈਂ-ਫੇਰ ਵੀ ਆਪਣੀ ਯਾਰੀ ਐ-ਨਹੀਂ ਮੈਂ ਹੁਣ ਨੂੰ ਹੁਕਮ ਦੇ ਕੇ ਤੇਰਾ ਸਾਰਾ ਘਰ ਉੜਵਾ ਸਕਦਾ ਸੀ-ਪਰ ਯਾਰ ਮਾਰ ਕਰਨੀਂ ਮੇਰੇ ਵਰਕੇ 'ਤੇ ਨਹੀਂ ਲਿਖੀ-ਮੈਂ ਤਾਂ ਹੁਣ ਤੱਕ ਤੇਰੀ ਯਾਰੀ ਕਰਕੇ ਚੁੱਪ ਵੱਟੀ ਰੱਖੀ ਐ-ਤੂੰ ਕਿਵੇਂ ਨਾ ਕਿਵੇਂ ਪਲੋਸ ਕੇ ਉਹਤੋਂ ਆਤਮ ਸਮਰਪਣ ਕਰਵਾ ਦੇਹ-ਸਾਰਿਆਂ ਦਾ ਈ ਫ਼ਾਇਦਾ ਐ-ਨਹੀਂ ਤਾਂ ਤੇਰੇ ਪ੍ਰੀਵਾਰ ਸਮੇਤ ਕੋਈ ਕੱਟਾ ਵੱਛਾ ਵੀ ਨਹੀਂ ਬਚਣਾ-ਗੱਲ ਅਜੇ ਤੱਕ ਮੇਰੇ ਹੱਥ ਵਿਚ ਐ-ਫੇਰ ਵਿਤੋਂ ਬਾਹਰ ਹੋ ਗਈ, ਮੈਨੂੰ ਦੋਸ਼ ਨਾ ਦੇਈਂ! ਐੱਸ. ਪੀ. ਆਇਆ ਬੈਠੈ ਤੇ ਕਈ ਵਾਰ ਗੋਲੀ ਚਲਵਾਉਣ ਲਈ ਆਖ ਚੁੱਕੈ-ਪਰ ਮੈਂ ਪੱਟੀ ਨਹੀਂ ਬੱਝਣ ਦਿੱਤੀ-ਮੈਂ ਇਹ ਹੀ ਕਹਿੰਦਾ ਆਉਨੈਂ ਬਈ ਗੁਰਨਾਮ ਸਿਉਂ ਮੇਰਾ ਜਿਗਰੀ ਮਿੱਤਰ ਐ-ਮੈਨੂੰ ਇਕ ਵਾਰ ਉਹਦੇ ਨਾਲ ਗੱਲ ਕਰ ਲੈਣ ਦਿਓ-ਅਫ਼ਸਰ ਮਸਾਂ ਈ ਮਨਾਇਐ-ਨਹੀਂ ਉਹ ਹੁਣ ਨੂੰ ਤੇਰਾ ਘਰ ਮਲੀਆਮੇਟ ਕਰਵਾ ਦਿੰਦਾ-ਲੈ ਗੁਰਨਾਮ ਸਿਆਂ ਮੈਂ ਆਪਣੀ ਦੋਸਤੀ ਕਰ ਕੇ ਜਿੰਨਾ ਕਰ ਦਿੱਤਾ, ਤੇਰੇ ਸਾਹਮਣੇਂ ਹੀ ਐ-ਪੀਠੇ ਆਟੇ ਦਾ ਛੱਟਣਾ ਕੀ? ਤੂੰ ਕਾਕੇ ਨੂੰ ਸਹੀ ਸਲਾਮਤ ਲਿਆ ਦੇ-ਕਸਮ ਖਾ ਕੇ ਆਖਦੈਂ, ਝਰੀਟ ਤੱਕ ਨਹੀਂ ਲੱਗਣ ਦਿੰਦਾ-ਹੋਰ ਦੱਸ? ਤੇਰੇ ਸਾਹਮਣੇਂ ਫ਼ੋਰਸ ਦੇਖ ਕਿੰਨੀ ਐਂ-ਭੱਜਣ ਅਸੀਂ ਉਹਨੂੰ ਦੇਣਾ ਨਹੀਂ-ਗੋਲੀ ਚੱਲੂ ਖੂਨ ਖਰਾਬਾ ਹੋਊ-ਜੇ ਘਾਣੀਂ ਪਿਆਰ ਸਤਿਕਾਰ ਨਾਲ ਰਾਸ ਆ ਜਾਵੇ, ਐਦੂੰ ਵੱਡੀ ਰੀਸ ਕੋਈ ਨਹੀਂ-ਜੇ ਫ਼ੋਰਸ ਦਾ ਉਹਨਾਂ ਨੇ ਕੋਈ ਬੰਦਾ ਮਾਰਤਾ-ਤੂੰ ਵਾਹਿਆ ਬੀਜਿਆ ਕਿਤੇ ਨਹੀਂ ਥਿਆਵੇਂਗਾ-ਪਨਾਂਹ ਦੇਣ ਦੇ ਦੋਸ਼ ਹੇਠ ਇਹਨਾਂ ਨੇ ਤੈਨੂੰ ਵੀ ਨਰੜ ਲੈਣੈਂ-ਬੁੜ੍ਹੀਆਂ ਕੁੜੀਆਂ ਨੂੰ ਬੇਪੱਤ ਕਰਨਗੇ-ਫ਼ਸਲਾਂ ਉਜਾੜਨਗੇ-ਵੀਹ ਕੁਛ ਕਰਨਗੇ-ਤੇ ਮੇਰੇ ਬਾਈ ਤੇਰਾ ਸਾਰੀ ਉਮਰ ਖਹਿੜਾ ਨਹੀਂ ਛੁੱਟਣਾ-ਮੈਂ ਤੈਨੂੰ ਆਖਰੀ ਵਾਰ ਆਪਣੀ ਮਿੱਤਰਤਾਈ ਦਾ ਵਾਸਤਾ ਦੇ ਕੇ ਕਹਿੰਨੈਂ, ਬਈ ਜਿਵੇਂ ਵੀ ਮੰਨਦੈ ਉਹਨੂੰ ਪਰੇਰ ਕੇ ਆਤਮ-ਸਮਰਪਣ ਕਰਵਾ-ਬਾਕੀ ਤੇਰੀ ਮਰਜ਼ੀ ਐ।" ਡੀ. ਐੱਸ. ਪੀ. ਨੇ ਧਮਕੀਆਂ, ਲਾਲਚ ਅਤੇ ਡਰਾਵਿਆਂ ਦੇ ਕਈ ਭੁਲੱਥੇ ਮਾਰੇ। ਉਹ ਗੱਲੀਂ ਬਾਤੀਂ ਇੱਟ 'ਤੇ ਪੱਥਰ ਸੁੱਟੀ ਜਾ ਰਿਹਾ ਸੀ।
ਗੁਰਨਾਮ ਦਾ ਨਸ਼ਾ ਖੋਟਾ ਹੋ ਗਿਆ। ਉਸ ਨੇ ਦਾਰੂ ਦੀਆਂ ਚਾਰ ਘੁੱਟਾਂ ਹੋਰ ਅੰਦਰ ਸੁੱਟ ਲਈਆਂ। ਪਰ ਹੁਣ ਉਸ ਨੂੰ ਦਾਰੂ ਕੌੜੀ ਨਾ ਲੱਗੀ।
-"ਪਰ ਸਰਦਾਰ ਜੀ, ਮੈਂ ਤਾਂ ਹੁਣੇਂ ਤੁਹਾਡੇ ਸਾਹਮਣੇਂ ਬਾਹਰੋਂ ਆਇਐਂ-ਮੈਨੂੰ ਉਹਦੇ ਆਏ ਦਾ ਪਤਾ ਨਹੀਂ।" ਗੁਰਨਾਮ ਸਿੰਘ ਨੇ ਚਲਾਕੀ ਖੇਡੀ।
-"ਗੁਰਨਾਮ ਸਿਆਂ..! ਮਿੱਤਰਾ ਜਾਗਦਿਆਂ ਨੂੰ ਪੈਂਦੀਂ ਨਾ ਪਾਅ-ਪੁਲੀਸ ਕੋਲ ਸਾਰਾ ਰਿਕਾਰਡ ਐ-ਵਿਆਹ ਤੋਂ ਬਾਅਦ ਉਹ ਰਹਿ ਹੀ ਤੇਰੇ ਕੋਲ ਰਿਹੈ-ਇਹ ਤਾਂ ਮੈਂ ਤੈਨੂੰ ਪਹਿਲਾਂ ਈ ਆਖ ਦਿੱਤੈ ਬਈ ਇਹ ਤਾਂ ਤੇਰੇ ਮੂੰਹ ਨੂੰ ਈ ਮੈਂ ਕੋਈ ਕਾਰਵਾਈ ਨਹੀਂ ਕਰਨ ਦਿੱਤੀ-ਨਹੀਂ ਤਾਂ ਹੁਣ ਨੂੰ ਫ਼ੋਰਸਾਂ ਨੇ ਇੱਟ ਨਾਲ ਇੱਟ ਖੜਕਾ ਦੇਣੀਂ ਸੀ-ਮੈਂ ਸੋਚਿਆ ਬਈ ਪਹਿਲਾਂ ਤੇਰੇ ਨਾਲ ਗੱਲ ਮੁਕਾ ਲਵਾਂ-ਫੇਰ ਕੱਲ੍ਹ ਨੂੰ ਮਿਹਣਾ ਮਾਰੇਂਗਾ ਬਈ ਸਰਦਾਰ ਜੀ ਮੈਨੂੰ ਤਾਂ ਪੁੱਛ ਲੈਂਦੇ!" ਉਸ ਨੇ ਹੋਰ ਦਾਅ ਸੁੱਟ ਕੇ ਗੁਰਨਾਮ ਸਿੰਘ ਨੂੰ ਚਿੱਤ ਕਰ ਦਿੱਤਾ।
ਗੁਰਨਾਮ ਸਿੰਘ ਨੇ ਸੋਚਿਆ ਕਿ ਡੀ. ਐੱਸ. ਪੀ. ਕਿੰਨਾ ਰੌਂਅ 'ਚ ਬੋਲ ਰਿਹਾ ਸੀ। ਨਹੀਂ ਤਾਂ ਫ਼ੋਰਸ ਮੂਹਰੇ ਕੀ ਜੋਰ ਸੀ? ਹੁਣ ਨੂੰ ਸੁਹਾਗਾ ਮਾਰ ਕੇ ਰਾਹ ਪੈਂਦੇ! ਇਹਨਾਂ ਦਾ ਕਿਹੜਾ ਕਿਸੇ ਨੇ ਹੱਥ ਫੜ ਲੈਣਾ ਸੀ? ਪੁਲਸ ਹੱਥ ਤਾਕਤਾਂ ਨੇ! ਹਰ ਰੋਜ ਹੀ ਮਾਰ-ਮਰਾਈ, ਉਜਾੜੇ ਅਤੇ ਤਸ਼ੱਦਦ ਦੀਆਂ ਖ਼ਬਰਾਂ ਕੰਨੀਂ ਪੈਂਦੀਆਂ ਸਨ। ਇਹ ਤਾਂ ਭਲਾ ਹੋਵੇ ਵਿਚਾਰੇ ਡੀ. ਐੱਸ. ਪੀ. ਦਾ, ਜਿਹੜਾ ਮੇਰੇ ਬਾਰੇ ਇਤਨਾ ਵਿਸ਼ਾਲ ਹਿਰਦਾ ਰੱਖਦਾ ਸੀ।
-"ਗੁਰਨਾਮ ਸਿਆਂ, ਕਿਹੜੀ ਸੋਚੀਂ ਪੈ ਗਿਆ?" ਸਰਦਾਰ ਨੇ ਉਸ ਨੂੰ ਹਲੂਣਿਆਂ।
-"ਸਰਦਾਰ ਜੀ..! ਤੁਸੀਂ ਮੇਰਾ ਐਨਾ ਸੋਚਿਐ-ਮੈਂ ਵੀ ਆਬਦਾ ਪੂਰਾ ਟੁੱਲ ਲਾਦੂੰ-ਇਹਨਾਂ ਛੋਹਰਾਂ ਨੇ ਬੜਾ ਦੁਖੀ ਕੀਤੈ-ਪਰ ਮੈਂ ਉਹਦੇ ਕੋਲ ਪਹੁੰਚੂੰ ਕਿਵੇਂ? ਕਿਤੇ ਨ੍ਹੇਰੇ ਵਿਚ ਉਹ ਮੈਨੂੰ ਥੋਡਾ ਬੰਦਾ ਸਮਝ ਕੇ ਪੁੜਪੜੀ 'ਚ ਨਾ ਮਾਰੇ? ਉਹਨਾਂ ਕੋਲੇ ਤਾਂ ਅਣਘੜਤ ਜਿਹੇ ਹਥਿਆਰ ਵੀ ਬੜੇ ਖ਼ਤਰਨਾਕ ਐ-ਉਹ ਨਾ ਹੋਵੇ ਬਈ ਥੋਡੀ ਫੋਰਸ ਮੈਨੂੰ ਸਾਂਭਦੀ ਫਿਰੇ।।।।!"
-"ਇਹਦੇ ਵੱਲੋਂ ਤੂੰ ਬਿਲਕੁਲ ਚਿੰਤਾ ਨਾ ਕਰ-ਆਪਣੇ ਕੋਲ ਸਾਰੇ ਈ ਸੰਦ ਐ-ਆਪਣੇ ਕੋਲੇ ਸਰਚ ਲਾਈਟਾਂ ਨੇ-ਸਪੀਕਰ ਐ-ਆਪਾਂ ਹੁਣੇਂ ਈ ਸਪੀਕਰ 'ਤੇ ਅਨਾਊਂਸ ਕਰ ਦਿੰਨੇਂ ਆਂ-ਤੂੰ ਆਪ ਬੋਲ ਲਈਂ-ਤੇਰੇ 'ਤੇ ਅਸੀਂ ਲਾਈਟਾਂ ਪਾਵਾਂਗੇ ਜਿਹੜੀ ਉਹਨੂੰ ਪਹਿਚਾਣ ਵੀ ਆ ਜਾਵੇ-ਤੂੰ ਉਹਨੂੰ ਆਖ ਬਈ ਮੈਂ ਆ ਰਿਹੈਂ ਗੋਲੀ ਨਾ ਚਲਾਈਂ।"
ਡੀ. ਐੱਸ. ਪੀ. ਇਕ ਤਰ੍ਹਾ ਨਾਲ ਸਾਂਭ ਕੇ ਜਿਹੇ ਉਸ ਨੂੰ ਜਿਪਸੀ ਕੋਲ ਲੈ ਗਿਆ।
-"ਸਰਚ ਲਾਈਟਾਂ ਚਾਲੂ ਕਰੋ...!" ਉਸ ਨੇ ਸਪੀਕਰ ਹੱਥ ਵਿਚ ਫੜਦਿਆਂ ਹੁਕਮ ਦਿੱਤੇ। ਹੁਕਮ ਤਾਮੀਲ ਹੋ ਗਿਆ। ਸਰਚ ਲਾਈਟਾਂ ਇਕ ਦਮ ਜਗ ਉਠੀਆਂ ਅਤੇ ਖੇਤਾਂ ਵਿਚ ਦਿਨ ਚੜ੍ਹ ਗਿਆ।
-"ਹੈਲੋ।।।।।।! ਹੈਲੋ।।।।।।!! ਮਨਪ੍ਰੀਤ ਸਿੰਘ ਕਾਕੇ।।।।।।! ਮੈਂ ਡੀ. ਐੱਸ. ਪੀ. ਗੁਰਇਕਬਾਲ ਸਿੰਘ ਬੋਲ ਰਿਹਾ ਹਾਂ।।।।ਧਿਆਨ ਨਾਲ ਸੁਣੋਂ! ਅਸੀਂ ਤੁਹਾਡੇ ਮਾਮਾ ਜੀ ਸਰਦਾਰ ਗੁਰਨਾਮ ਸਿੰਘ ਨੂੰ ਤੁਹਾਡੇ ਪਾਸ ਭੇਜ ਰਹੇ ਹਾਂ।।।ਇਸ ਲਈ ਗੋਲੀ ਨਾ ਚਲਾਉਣੀ।।।।!" ਡੀ. ਐੱਸ. ਪੀ. ਨੇ ਸਪੀਕਰ ਗੁਰਨਾਮ ਦੇ ਮੂੰਹ ਅੱਗੇ ਕਰ ਦਿੱਤਾ।
-"ਗੁਰਨਾਮ ਸਿਆਂ ਅਸੀਂ ਇਹਨਾਂ ਨੂੰ ਪਹਿਲਾਂ ਅਨਾਊਂਸਮੈਂਟ ਕਰਕੇ ਟਾਈਮ ਦੇ ਚੁੱਕੇ ਹਾਂ-ਪਰ ਕੋਈ ਬਾਹਰ ਨਹੀਂ ਆਇਆ-ਆਹ ਲੈ ਬੋਲ।।।।!"
-"ਇਹ ਬੋਲਦੈ...?" ਉਸ ਨੇ ਵੱਡੀ ਸਾਰੀ ਉਂਗਲ ਮਾਈਕਰੋਫ਼ੋਨ 'ਤੇ ਮਾਰੀ। ਮਿੰਨ੍ਹੀ ਸਪੀਕਰ "ਢੱਪ-ਢੱਪ" ਬੋਲ ਪਿਆ।
-"ਆਹੋ ਬੋਲਦੈ।"
ਗੁਰਨਾਮ ਸਿੰਘ ਬੋਲਣ ਲੱਗ ਪਿਆ।
-"ਕਾਕਿਆ।।।।।! ਮੈਂ ਤੇਰਾ ਮਾਮਾ ਜੀ ਬੋਲਦੈਂ-ਸੁਣਦੈਂ।।।।।?" ਗੁਰਨਾਮ ਸਿੰਘ ਉਤਰ ਉਡੀਕਣ ਲੱਗ ਪਿਆ।
-"ਗੁਰਨਾਮ ਸਿਆਂ! ਕਾਕੇ ਹੁਰੀਂ ਦੂਰ ਚੁਬਾਰੇ 'ਚ ਐ-ਤੈਨੂੰ ਉਹਨਾਂ ਦੀ ਅਵਾਜ਼ ਨਹੀਂ ਸੁਣਨੀਂ-ਤੂੰ ਜਿਹੜਾ ਕੁਛ ਬੋਲਣੈਂ ਬੋਲ ਕੇ ਦੱਸ ਦੇਹ-ਉਹਨਾਂ ਨੂੰ ਸਾਰਾ ਕੁਛ ਈ ਸੁਣ ਰਿਹੈ।" ਡੀ. ਐੱਸ. ਪੀ. ਨੇ ਸਮਝਾਇਆ ਤਾਂ ਗੁਰਨਾਮ ਸਿੰਘ ਫਿਰ ਮਾਈਕ 'ਤੇ ਹੱਥ ਮਾਰ ਕੇ ਬੋਲਣ ਲੱਗ ਪਿਆ:
-"ਕਾਕਿਆ..! ਮੈਂ ਤੇਰੇ ਕੋਲੇ ਆ ਰਿਹੈਂ! ਹੋਰ ਨਾ ਮੇਰੇ ਆਲਾ ਗੁੱਗਾ ਪੂਜ ਦੇਈਂ-ਮੈਂ 'ਕੱਲਾ ਈ ਆ ਰਿਹੈਂ, 'ਕੱਲਾ..! ਦੇਖੀਂ ਮੇਰਾ ਬੀਰ ਮੇਰੇ ਆਲਾ ਪਲੰਜਰ ਬਣਾ ਧਰੇਂ-ਫੈਰ ਨਾ ਕਰੀਂ-ਮੈਂ ਆਇਆ! ਤੂੰ ਚੁਬਾਰੇ 'ਚ ਈ ਰਹੀਂ-ਇਹ ਤੈਨੂੰ ਕੱਖ ਨਹੀਂ ਆਖਦੇ-ਡੀਸਪੀ ਸਾਹਬ ਮੇਰਾ ਜਾਰ ਐ-ਤੂੰ ਫਿਕਰ ਨਾ ਕਰੀਂ-ਮੈਂ ਆਉਣ ਲੱਗਿਐਂ-ਡੀਸਪੀ ਸਾਹਬ ਨੇ ਮੈਨੂੰ ਆਪ ਤੇਰੇ ਕੋਲੇ ਭੇਜਿਐ ਕਾਕਿਆ! ਤੂੰ ਫੈਰ ਨਾ ਕਰੀਂ ਮੇਰਾ ਬੀਰ! ਹੋਰ ਨਾ ਕੱਲ੍ਹ ਨੂੰ ਮੇਰਾ ਖੰਡ ਪਾਠ ਖੋਲ੍ਹਦੇ ਫਿਰਨ-ਤੂੰ ਮਾਮੇਂ ਦੇ ਸਿਰ 'ਤੇ ਐਸ਼ ਕਰੀਂ-ਮੌਜਾਂ ਲੁੱਟੀਂ ਤੇਰੀ 'ਵਾਅ ਵੱਲੀਂ ਨਹੀਂ ਕੋਈ ਝਾਕੂਗਾ-ਡੀਸਪੀ ਸਾਹਬ ਮੇਰਾ ਜਾਰ ਐ, ਜਿਗਰੀ ਜਾਰ! ਮੈਂ ਆਇਆ ਤੇ ਤੂੰ ਫੈਰ ਬਿਲਕੁਲ ਨਾ ਕਰੀਂ-।" ਗੁਰਨਾਮ ਦੀ ਸ਼ਰਾਬੀ ਅਵਾਜ਼ ਥਿੜਕ ਰਹੀ ਸੀ।
ਕਾਕੇ ਨੇ ਸੋਚਿਆ, ਅੱਜ ਇਹ ਮਰੂ ਨਾਲੇ ਮਰਵਾਊ!
-"ਗੋਲੀ ਨਾ ਚਲਾਇਓ...!" ਕਾਕੇ ਨੇ ਇੰਦਰਜੀਤ ਹੁਰਾਂ ਨੂੰ ਖ਼ਬਰਦਾਰ ਕੀਤਾ।
-"ਡੀਸਪੀ ਸਾਹਬ ਲੈਟ ਮੇਰੇ 'ਤੇ ਈ ਜਗਾਈ ਰੱਖਿਓ! ਹੋਰ ਨਾ ਉਹ ਮੇਰਾ ਕੌਡਾ ਚਿੱਤ ਕਰ ਦੇਣ!" ਗੁਰਨਾਮ ਨੇ ਰਹਿੰਦੀ ਦਾਰੂ ਦੀਆਂ ਘੁੱਟਾਂ ਭਰ ਲਈਆਂ।
-"ਤੂੰ ਬੇਫਿਕਰ ਹੋ ਕੇ ਜਾਹ।"
ਗੁਰਨਾਮ ਤੁਰ ਪਿਆ।
ਤਿੰਨੇ ਪਾਸਿਓਂ ਸਰਚ ਲਾਈਟਾਂ ਉਸ ਦੇ ਉਪਰ ਪੈ ਰਹੀਆਂ ਸਨ। ਉਹ ਡਿੱਕ ਡੋਲੇ ਖਾਂਦਾ ਫ਼ਸਲੋ-ਫ਼ਸਲੀ ਆ ਰਿਹਾ ਸੀ। ਕਾਕਾ ਮੌਕਾ ਬੋਚ ਕੇ, ਕੋਡਾ ਕੋਡਾ ਪੌੜੀਏਂ ਉਤਰ ਗਿਆ। ਮਾਮੀਂ ਅਤੇ ਗਗਨਦੀਪ ਡਰ ਨਾਲ ਸਹਿਮੀਆਂ ਖੂੰਜੇ ਲੱਗੀਆਂ ਬੈਠੀਆਂ ਸਨ। ਕੋਲ ਹੀ ਸੀਰੀ ਗੇਲਾ ਬੈਠਾ ਸੀ।
-"ਮਾਮੀਂ ਜੀ..! ਮਾਮਾ ਜੀ ਸ਼ਰਾਬੀ ਨੇ ਤੇ ਪੁਲਸ ਨੇ ਉਹਨਾਂ ਨੂੰ ਵਰਗਲਾ ਲਿਆ ਐ-ਤੁਸੀਂ ਉਹਦਾ ਕੋਈ ਬੰਨ੍ਹ-ਸੁੱਬ ਕਰੋ-ਹੋਰ ਨਾ ਸ਼ਰਾਬੀ ਹਾਲਤ ਵਿਚ ਭੜ੍ਹਕਿਆ ਸਾਡੀਆਂ ਅਸਾਲਟਾਂ ਖੋਹਣ ਆ ਪਵੇ।"
-"ਤੂੰ ਫਿਕਰ ਨਾ ਕਰ ਪੁੱਤ ਕਾਕਿਆ-ਅਸੀਂ ਉਹਦਾ ਮੱਕੂ ਬੰਨ੍ਹਦੇ ਐਂ-ਤੂੰ ਉਪਰ ਜਾਹ-ਗੇਲਿਆ।।।।।!" ਮਾਮੀਂ ਨੇ ਸੀਰੀ ਨੂੰ ਅਵਾਜ਼ ਮਾਰੀ।
-"ਹਾਂ ਚਾਚੀ...?"
-"ਤੂੰ ਰੱਸਾ ਲਿਆ ਕਰੜਾ ਜਿਆ ਕੋਈ!"
ਸੀਰੀ ਰੱਸਾ ਲੈਣ ਤੁਰ ਗਿਆ ਅਤੇ ਕਾਕਾ ਫੇਰ ਪੌੜੀਆਂ ਵਿਚ ਢਿੱਡ ਘਿਸੜਦਾ ਉਪਰ ਜਾ ਚੜ੍ਹਿਆ। ਇਤਨੀ ਦੇਰ ਵਿਚ ਇੰਦਰਜੀਤ ਅਤੇ ਦਿਲਜੀਤ ਨੇ ਗੱਲ ਮਿਥ ਲਈ ਕਿ ਜਦੋਂ ਦਾਅ ਲੱਗੇ, ਪੱਤੇ ਤੋੜ ਜਾਣੇਂ ਹਨ। ਉਹਨਾਂ ਦੀ ਜਾਨ ਨੂੰ ਬਣੀਂ ਪਈ ਸੀ।
ਮਾਮਾ ਬੱਕੜਵਾਹ ਕਰਦਾ ਚੁਬਾਰੇ ਦੇ ਬਿਲਕੁਲ ਨੇੜੇ ਆ ਗਿਆ ਸੀ। ਉਹ ਕਮਲਿਆਂ ਵਾਂਗ ਹੱਥ ਮਾਰਦਾ ਆਉਂਦਾ ਸੀ। ਅਜੇ ਉਹ ਅੰਦਰ ਹੀ ਵੜਿਆ ਸੀ ਕਿ ਮਾਮੀਂ ਅਤੇ ਗੇਲੇ ਸੀਰੀ ਨੇ ਉਸ ਨੂੰ ਡੱਡ ਵਾਂਗ ਚੁੱਕ ਲਿਆ। ਉਸ ਨੇ ਗਾਲ੍ਹਾਂ ਦੇਣੀਆਂ ਸੁਰੂ ਕਰ ਦਿੱਤੀਆਂ। ਉਸ ਦੇ ਪੈਰ ਹੇਠਾਂ ਨਹੀਂ ਲੱਗ ਰਹੇ ਸਨ। ਉਹ ਦੋਹਾਂ ਨੇ ਤੱਕੜੀ ਵਾਂਗ ਤੋਲਿਆ ਹੋਇਆ ਸੀ।
-"ਉਏ ਕੁੱਤੀਏ ਝੜ੍ਹੰਮੇਂ ਕੀ ਕਰਦੈਂ..? ਛੱਡ ਮੈਨੂੰ..! ਤੂੰ ਮੇਰਿਆਂ ਸਾਲਿਆਂ ਦੀਏ ਕੁੱਤੀਏ ਰੰਨੇਂ-ਤੂੰ ਮੈਥੋਂ ਮਰੇਂਗੀ-ਡੀਸਪੀ ਸਾਹਬ ਮੇਰਾ ਜਿਗਰੀ ਜਾਰ ਐ-।"
-"ਤੂੰ ਔਤਾਂ ਦਿਆ ਲਾ ਕੇ ਘੁੱਟ ਦਾਰੂ ਮੂੰਹ ਨੂੰ-ਜੁਆਕਾਂ ਨੂੰ ਮਰਵਾਉਣ ਤੁਰ ਪਿਐਂ-ਤੇਰੀ ਬੇੜੀ ਬਹਿਜੇ ਐਹੋ ਜਿਹੇ ਦੀ-ਜਿਹੜੇ ਤੇਰੇ ਬਾਰ 'ਚ ਤੋਪਾਂ ਬੀੜੀ ਖੜ੍ਹੇ ਐ-ਕਦੋਂ ਭਲੀ ਗੁਜਾਰਨਗੇ? ਲੱਗ ਪਿਆ ਕੁੱਤੇ ਮਾਂਗੂੰ ਭੌਂਕਣ-ਅਖੇ ਡੀ. ਐੱਸ. ਪੀ. ਮੇਰਾ ਯਾਰ ਐ-ਇਹ ਖਸਮਾਂ ਨੂੰ ਖਾਣੇਂ ਸਕੇ ਪਿਉ ਦੇ ਨਹੀਂ ਹੁੰਦੇ-ਤੇਰੇ ਕਿੱਥੋਂ ਬਣਨਗੇ?"
ਉਹਨਾਂ ਨੇ ਗੁਰਨਾਮ ਨੂੰ ਰੱਸਿਆਂ ਨਾਲ ਨਰੜ ਕੇ ਤਾਣੀਂ ਵਾਲੀ ਖੱਡੀ ਵਿਚ ਸੁੱਟ ਦਿੱਤਾ ਅਤੇ ਗਗਨਦੀਪ ਪਹਿਰੇ 'ਤੇ ਬਿਠਾ ਦਿੱਤੀ। ਜਦੋਂ ਉਹ ਗੰਦ ਬਕਣੋਂ ਨਾ ਹਟਿਆ ਤਾਂ ਉਸ ਦਾ ਮੂੰਹ ਵੀ ਬੰਨ੍ਹ ਦਿੱਤਾ ਗਿਆ। ਖੱਡੀ ਵਿੱਚੋਂ ਗੁਰਨਾਮ ਕੋਚਰ ਵਾਂਗ ਝਾਕ ਰਿਹਾ ਸੀ। ਫਿਰ ਉਸ ਦੇ ਘੁਰਾੜ੍ਹੇ ਸੁਰੂ ਹੋ ਗਏ।
ਰਾਤ ਦੇ ਦਸ ਵੱਜ ਗਏ ਸਨ। ਗੁਰਨਾਮ ਅਤੇ ਨਾ ਹੀ ਕੋਈ ਉਤਰ ਆਇਆ। ਅਫ਼ਸਰ ਨਿਰਾਸ਼ ਹੋ ਗਏ।
-"ਸਾਹਿਬ ਬਹਾਦਰ ਮੈਨੂੰ ਉਮੀਦ ਐ ਬਈ ਕਾਕੇ ਨੇ ਉਸ ਨੂੰ ਪਾਰ ਬੁਲਾ ਦਿੱਤਾ।" ਕੌਡੀਆਂ ਆਲਾ ਬੋਲਿਆ।
-"ਗੋਲੀ ਚੱਲਣ ਦੀ ਅਵਾਜ਼ ਤਾਂ ਆਈ ਨਹੀਂ।" ਸੀਨੀਅਰ ਅਫ਼ਸਰ ਨਾਮੰਨਤ ਸੀ।
-"ਹੋ ਸਕਦੈ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ ਹੋਵੇ-ਜਾਂ ਸੌਂ ਗਿਆ ਹੋਵੇ-ਸ਼ਰਾਬੀ ਦਾ ਕੀ ਐ?"
-"ਹੁਣ ਕੀ ਕਰੀਏ?"
-"ਆਪਣੇ ਦੋ ਆਦਮੀ ਅੰਦਰ ਐ-ਆਪਾਂ ਹਰ ਹਾਲਤ ਵਿਚ ਉਹਨਾਂ ਦੀ ਹਿਫ਼ਾਜ਼ਤ ਕਰਨੀ ਐਂ।"
-"ਸਾਹਿਬ ਬਹਾਦਰ ਇੱਕ ਗੱਲ ਆਖਾਂ?" ਠਾਣੇਦਾਰ ਨੇ ਐੱਸ. ਪੀ. ਨੂੰ ਪੁੱਛਿਆ।
-"ਬੋਲ?"
-"ਕਾਕੇ ਕੋਲ ਸਿਰਫ਼ ਪੰਜ ਸੌ ਰੌਂਦ ਐ-ਜਿਸ ਵਿਚੋਂ ਇਕ ਬਰੱਸਟ ਵੀ ਮਾਰਿਆ ਜਾ ਚੁੱਕੈ-ਮੇਰੀ ਸਕੀਮ ਤਾਂ ਇਹ ਹੈ ਕਿ ਕਿਵੇਂ ਨਾ ਕਿਵੇਂ ਉਹਨਾਂ ਤੋਂ ਫ਼ਾਇਰਿੰਗ ਕਰਵਾਈ ਜਾਵੇ-ਜਿਸ ਨਾਲ ਉਹਨਾਂ ਦੇ ਰੌਂਦ ਅਜਾਈਂ ਨਸ਼ਟ ਹੋ ਸਕਣ।"
-"ਤੇਰੇ ਦਿਮਾਗ 'ਚ ਹੈ ਕੋਈ ਸਕੀਮ-ਜਿਸ ਨਾਲ ਆਪਣੀ ਫ਼ੋਰਸ ਦਾ ਨੁਕਸਾਨ ਵੀ ਨਾ ਹੋਵੇ?"
ਠਾਣੇਦਾਰ ਨੇ ਸਕੀਮ ਸੋਚਣੀ ਸੁਰੂ ਕਰ ਦਿੱਤੀ। ਉਸ ਨੇ ਅਫ਼ੀਮ ਦਾ ਗੋਲਾ ਅੰਦਰ ਸੁੱਟਿਆ। ਸਕੀਮ ਫੁਰ ਪਈ ਅਤੇ ਪਾਸ ਵੀ ਹੋ ਗਈ।
ਇੱਕ ਪੁਰਾਣੀ ਜੀਪ ਸਿੱਧੀ ਕਰਕੇ, ਸਟੇਅਰਿੰਗ ਰੱਸੀ ਨਾਲ ਬੰਨ੍ਹ ਦਿੱਤਾ। ਲਾਸਟਿਕ ਪਾ ਕੇ ਰੇਸ ਸੀਮਤ ਕਰ ਦਿੱਤੀ ਗਈ। ਜੀਪ ਸਟਾਰਟ ਕੀਤੀ ਅਤੇ ਪਹਿਲਾ ਗੇਅਰ ਪਾ ਕੇ ਕਲੱਚ ਛੱਡ, ਜੀਪ ਕਾਕੇ ਹੁਰਾਂ ਦੇ ਚੁਬਾਰੇ ਨੂੰ ਤੋਰ ਦਿੱਤੀ।
ਸਰਚ ਲਾਈਟਾਂ ਚੁਬਾਰੇ ਨੂੰ ਸਿੱਧੀਆਂ ਕਰ ਦਿੱਤੀਆਂ। ਜੀਪ ਹੌਲ਼ੀ ਹੌਲ਼ੀ ਆਪਣੀ ਤੋਰ ਤੁਰ ਰਹੀ ਸੀ। ਪਰ ਜਾਂਦੀ ਜੀਪ 'ਤੇ ਲਾਈਟ ਨਹੀਂ ਪੈ ਰਹੀ ਸੀ।
ਜੀਪ ਸਿੱਧੀ, ਨੱਕ ਦੀ ਸੇਧ ਨੂੰ ਚੁਬਾਰੇ ਵੱਲ ਆ ਰਹੀ ਸੀ। ਕਾਕੇ ਨੇ ਸੋਚਿਆ, ਜੀਪ ਵਿਚ ਬੁਲਿਟ-ਪਰੂਫ਼ ਜੈਕਟਾਂ ਵਾਲੇ ਬੰਦੇ ਹੋਣਗੇ। ਉਸ ਨੇ ਇੱਕ-ਇੱਕ ਕਰਕੇ ਗੋਲੀ ਦਾਗਣੀਂ ਸੁਰੂ ਕਰ ਦਿੱਤੀ।
-"ਸਾਡੇ ਬਾਰੇ ਕੀ ਖਿਆਲ ਐ? ਅਸੀਂ ਗੋਲ਼ੀ ਚਲਾਈਏ..?" ਇੰਦਰਜੀਤ ਨੇ ਪੁੱਛਿਆ। ਉਹ ਕਾਕੇ 'ਤੇ ਗੋਲੀ ਚਲਾਉਣ ਬਾਰੇ ਸੋਚ ਗਿਆ ਸੀ। ਫਿਰ ਉਸ ਨੇ ਸੋਚਿਆ ਕਿ ਕਾਕਾ ਮਰਦਾ-ਮਰਦਾ ਵੀ ਸਾਨੂੰ ਲੈ ਬੈਠੇਗਾ! ਸੁੱਕੇ ਕਿਵੇਂ ਵੀ ਨਹੀਂ ਨਿਕਲਣ ਦਿੰਦਾ!
-"ਕੱਲੀ-'ਕੱਲੀ ਕਰਕੇ ਕੱਢਿਓ-ਬਰੱਸਟ ਨਹੀਂ ਮਾਰਨਾ-ਮੁਨੀਸ਼ਨ ਆਪਣੇ ਕੋਲ ਬਹੁਤ ਘੱਟ ਐ-ਇਸੇ ਤਰ੍ਹਾਂ ਈ ਹੌਲੀ-ਹੌਲੀ ਦਿਨ ਚੜ੍ਹਾ ਲਓ-ਤੜਕਿਓਂ ਦੇਖੀ ਜਾਊ।" ਕਾਕੇ ਨੇ ਇੱਟ ਪੁੱਟੀ ਹੋਈ ਵਾਲੇ ਮੋਰਚੇ 'ਤੇ ਪੁਜ਼ੀਸ਼ਨ ਲਈ ਪਿਆਂ ਹੀ ਕਿਹਾ।
ਇੰਦਰਜੀਤ ਅਤੇ ਦਿਲਜੀਤ ਨੇ ਵੀ ਇੱਕ-ਇੱਕ ਕਰਕੇ ਫ਼ਾਇਰਿੰਗ ਸੁਰੂ ਕਰ ਦਿੱਤੀ। ਗੋਲੀਆਂ ਅਫ਼ਸਰਾਂ ਵੱਲੋਂ ਨਾਲ ਦੀ ਨਾਲ ਗਿਣੀਆਂ ਜਾ ਰਹੀਆਂ ਸਨ।
ਜੀਪ ਚੁਬਾਰੇ ਦੇ ਬਿਲਕੁਲ ਨੇੜੇ ਆ ਗਈ।
-"ਉਏ ਗੋਲੀ ਚਲਾਉਣੀ ਬੰਦ ਕਰੋ..! ਜੀਪ ਤਾਂ ਬਿਲਕੁਲ ਖਾਲੀ ਐ।।।।!"
-"ਹੈਂ..! ਖਾਲੀ ਐ..?" ਇੰਦਰਜੀਤ ਹੁਰਾਂ ਨੇ ਗੋਲੀ ਚਲਾਉਣੀਂ ਬੰਦ ਕਰ ਦਿੱਤੀ।
-"ਇਹ ਪੁਲਸ ਦੀ ਇਕ ਚਾਲ ਸੀ।"
ਜੀਪ ਚੁਬਾਰੇ ਹੇਠਲੀ ਕੰਧ ਨਾਲ ਆ ਟਕਰਾਈ। ਕਾਕੇ ਨੇ ਕੰਧ ਨਾਲ ਕਈ ਵਾਰ ਮੱਥਾ ਠੋਹਕਰਿਆ। ਪੁਲੀਸ ਉਹਨਾਂ ਨੂੰ ਬੇਵਕੂਫ਼ ਬਣਾ ਗਈ ਸੀ। ਤਕਰੀਬਨ ਸੌ ਰੌਂਦ ਉਹ ਫੂਕ ਚੁੱਕੇ ਸਨ।
ਮਾਮੀਂ ਨੇ ਬਾਲਟੀ ਨਾਲ ਰੱਸਾ ਬੰਨ੍ਹ ਕੇ ਚਾਹ ਦੇ ਤਿੰਨ ਗਿਲਾਸ ਵਿਚ ਰੱਖੇ ਅਤੇ ਵਿਹੜੇ ਵਿਚੋਂ ਰੱਸਾ ਬਾਰੀ ਦੀਆਂ ਸੀਖਾਂ ਰਾਹੀਂ ਉਪਰ ਵਗਾਹ ਮਾਰਿਆ। ਦਿਲਜੀਤ ਨੇ ਰੱਸਾ ਫੜ ਕੇ ਬਾਲਟੀ ਉਪਰ ਖਿੱਚ ਲਈ ਅਤੇ ਚਾਹ ਦੇ ਗਿਲਾਸ ਕੱਢ ਕੇ ਫ਼ਰਸ਼ 'ਤੇ ਰੱਖ ਲਏ। ਬਾਲਟੀ ਮੁੜ ਹੇਠਾਂ ਵਗਾ ਦਿੱਤੀ।
ਚਾਹ ਪੀ ਕੇ ਉਹ ਕੁਝ ਕਾਇਮ ਹੋ ਗਏ ਸਨ।
ਇਧਰ ਫ਼ੋਰਸ ਨੇ ਵਾਇਰਲੈੱਸ 'ਤੇ ਫਿ਼ਰੋਜ਼ਪੁਰ ਤੋਂ ਬੁਲਿਟ-ਪਰੂਫ਼ ਟਰੈਕਟਰ ਮੰਗਵਾ ਲਏ ਸਨ। ਪੂਰੇ ਛੇ ਟਰੈਕਟਰ ਆ ਲੱਗੇ। ਅਫ਼ਸਰ ਕਾਕੇ ਨੂੰ ਹਰ ਹਾਲਤ ਵਿਚ ਜਿਉਂਦਾ ਫੜਨਾ ਚਾਹੁੰਦੇ ਸਨ। ਸਾਰੇ ਤਰੀਕੇ ਉਹਨਾਂ ਨੇ ਵਰਤ ਕੇ ਦੇਖ ਲਏ ਸਨ ਅਤੇ ਸਾਰੇ ਹੀ ਫ਼ੇਲ੍ਹ ਗਏ ਸਨ। ਸਿਰੇ ਕੋਈ ਨਹੀਂ ਚੜ੍ਹਿਆ ਸੀ। ਇਸ ਲਈ ਬੁਲਿਟ-ਪਰੂਫ਼ ਟਰੈਕਟਰਾਂ ਤੋਂ ਬਗੈਰ ਉਹਨਾਂ ਅੱਗੇ ਕੋਈ ਹੋਰ ਚਾਰਾ ਨਹੀਂ ਰਹਿ ਗਿਆ ਸੀ। ਅਫ਼ਸਰਾਂ ਦੇ ਦਿਲ ਵਿਚ ਇਹ ਸੀ ਕਿ ਖ਼ਾੜਕੂਆਂ ਵਿਚੋਂ ਗੁਰਪਾਲ, ਰੇਸ਼ਮ, ਰੈਂਸੀ ਜਾਂ ਕਾਕੇ ਹੋਰਾਂ ਵਿਚੋਂ ਇਕ ਵੀ ਜਿਉਂਦਾ ਹੱਥ ਆ ਜਾਵੇ ਤਾਂ ਖੁਫ਼ੀਆ ਭੇਦ ਕੱਢ ਕੇ ਸਾਰੀ ਲਹਿਰ ਦੀ ਸੰਘੀ ਘੁੱਟੀ ਜਾ ਸਕਦੀ ਸੀ। ਇਸ ਲਈ ਉਹ ਬੜੇ ਧਹੱਮਲ, ਸੂਝ ਅਤੇ ਸਬਰ ਸੰਤੋਖ ਤੋਂ ਕੰਮ ਲੈ ਰਹੇ ਸਨ। ਉਹਨਾਂ ਨੇ ਖ਼ਾੜਕੂ ਸਫ਼ਾਂ ਵਿਚ ਘੁੱਸਪੈਠ ਵੀ ਕਰਵਾ ਦਿੱਤੀ ਸੀ। ਪਰ ਕੋਈ ਖ਼ਾਸ, ਚੰਗਾ ਨਤੀਜਾ ਨਹੀਂ ਨਿਕਲਿਆ ਸੀ। ਬੱਸ ਇਕ ਦੋ ਮਾੜੀਆਂ ਮੋਟੀਆਂ 'ਇੰਨਫ਼ਾਰਮੇਸ਼ਨਜ਼' ਹੀ ਮਿਲੀਆਂ ਸਨ। ਸਿੱਟੇ ਤੌਰ 'ਤੇ ਕਾਰਵਾਈ ਖੁਦ ਉਹਨਾਂ ਨੂੰ ਆਪ ਕਰਨੀ ਪੈ ਰਹੀ ਸੀ।
ਸਵੇਰ ਦੇ ਤਿੰਨ ਵਜੇ ਬੁਲਿਟ-ਪਰੂਫ਼ ਟਰੈਕਟਰ ਹਰਕਤ ਵਿਚ ਆਏ। ਚਾਲਕਾਂ ਅਤੇ ਸੈਨਿਕਾਂ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਗਈ ਸੀ ਕਿ ਕਾਕੇ ਦੇ ਨਾਲ ਅੰਦਰ ਆਪਣੇ ਦੋ 'ਕੈਟ' ਹਨ, ਉਹਨਾਂ ਨੂੰ ਆਂਚ ਨਹੀਂ ਆਉਣੀ ਚਾਹੀਦੀ ਅਤੇ ਜੇ ਉਹ ਸਾਰੇ ਪਕੜੇ ਵੀ ਗਏ ਤਾਂ ਕਾਕੇ ਨੂੰ ਕਦਾਚਿੱਤ ਸ਼ੱਕ ਨਾ ਹੋਵੇ ਕਿ ਉਹ ਪੁਲੀਸ ਦੇ ਆਦਮੀ ਸਨ। ਇਸ ਲਈ ਉਹਨਾਂ ਨਾਲ ਵੀ ਵਕਤੀ ਤੌਰ 'ਤੇ ਕਾਕੇ ਵਾਲਾ ਸਲੂਕ ਹੀ ਕੀਤਾ ਜਾਵੇ ਅਤੇ ਮੁੜ ਦੋਨੋਂ ਸਹਿਯੋਗੀ ਬੰਦੇ ਠਾਣੇਦਾਰ ਨੂੰ ਸੌਂਪ ਦਿੱਤੇ ਜਾਣ।
ਮਾਰੋ-ਮਾਰ ਕਰਦੇ ਟਰੈਕਟਰ ਚੁਬਾਰੇ ਵੱਲ ਨੂੰ ਚੱਲ ਪਏ। ਕਾਕੇ ਨੇ ਲਾਈਟਾਂ ਦੀ ਹਿੱਲ-ਜੁੱਲ ਪਰਖੀ।
-"ਬੁਲਿਟ ਪਰੂਫ਼ ਟਰੈਕਟਰ ਆ ਰਹੇ ਐ-ਗੋਲੀਆਂ ਟਰੈਕਟਰਾਂ ਦੇ ਉਪਰਲੇ ਹਿੱਸੇ 'ਚ ਨਹੀਂ, ਹੇਠਲੇ ਹਿੱਸੇ 'ਚ ਮਾਰਨੀਐਂ-ਖ਼ਾਸ ਤੌਰ 'ਤੇ ਟਾਇਰਾਂ ਵਿਚ।"
-"ਪਰ ਬਾਈ...! ਜੇ ਟਰੈਕਟਰ ਪੈਂਚਰ ਵੀ ਹੋ ਗਏ-ਕੋਈ ਫ਼ਰਕ ਨਹੀਂ ਪੈਣਾ-ਕਿਉਂਕਿ ਫ਼ਸਲਾਂ ਵਿਚ ਦੀ ਤਾਂ ਟਰੈਕਟਰਾਂ ਨੇ ਫਿਰ ਵੀ ਆਰਾਮ ਨਾਲ ਤੁਰੇ ਆਉਣੈਂ।"
-"ਤੁਸੀਂ।।।।ਜਿਵੇਂ ਮੈਂ ਕਹਿੰਨੈਂ, ਕਰੋ!"
ਇੰਦਰਜੀਤ ਹੁਰਾਂ ਨੂੰ ਖੁੱਲ੍ਹੀ ਛੁੱਟੀ ਮਿਲ ਗਈ। ਹੁਣ ਉਹ ਦਿਲ ਖੋਲ੍ਹ ਕੇ ਫ਼ਾਇਰਿੰਗ ਕਰਨ ਲੱਗ ਪਏ।
ਟਰੈਕਟਰ ਨਜ਼ਦੀਕ ਆ ਰਹੇ ਸਨ। ਪਰ ਮੈਗਜ਼ੀਨ ਖਾਲੀ ਹੋ ਰਹੇ ਸਨ। ਚੁਬਾਰੇ ਵਿਚੋਂ ਚੱਲਦੀਆਂ ਗੋਲੀਆਂ ਟਰੈਕਟਰਾਂ ਦੀ ਪੱਚਰ ਵੀ ਨਹੀਂ ਉਖਾੜ ਸਕੀਆਂ ਸਨ। ਅਖੀਰ ਟਰੈਕਟਰ ਚੁਬਾਰੇ ਤੋਂ ਵਿੱਘਾ ਕੁ ਵਾਟ ਪਿੱਛੇ ਰੁਕ ਗਏ। ਮੱਠੀ-ਮੱਠੀ ਦੁਵੱਲੀ ਫ਼ਾਇਰਿੰਗ ਜਾਰੀ ਸੀ। ਟਰੈਕਟਰਾਂ ਵਾਲਿਆਂ ਦਾ ਕੰਮ ਸਿਰਫ਼ ਖ਼ਾੜਕੂਆਂ ਤੋਂ ਫ਼ਾਇਰਿੰਗ ਕਰਵਾਉਣਾ ਸੀ।
ਵਿਹੜੇ ਵਿਚ ਡਰੇ ਪਸ਼ੂ ਤ੍ਰਭਕ-ਤ੍ਰਭਕ ਉਠਦੇ ਸਨ।
ਸਵੇਰੇ ਪੰਜ ਵਜੇ ਕਾਕੇ ਦੀ ਅਸਾਲਟ ਖਾਲੀ ਹੋ ਗਈ!!
ਜਦੋਂ ਉਸ ਨੇ ਇੰਦਰਜੀਤ ਨੂੰ ਆਪਣੀ ਏ. ਕੇ. ਸੰਤਾਲੀ ਦੇਣ ਲਈ ਕਿਹਾ ਤਾਂ ਇੰਦਰਜੀਤ ਫੁਰਤੀ ਨਾਲ ਚੁਬਾਰੇ ਦਾ ਦਰਵਾਜਾ ਪਾਰ ਕਰ, ਬਾਹਰਲੇ ਪਾਸੇ ਹੇਠਾਂ ਛਾਲ ਮਾਰ ਗਿਆ।
-"ਉਏ ਗੱਦਾਰਾ...! ਕਿੱਥੇ ਭੱਜ ਚੱਲਿਐਂ...?" ਉਸ ਨੇ ਰਿਵਾਲਵਰ ਨਾਲ ਦੋ ਫ਼ਾਇਰ ਕਰ ਦਿੱਤੇ। ਪਰ ਇੰਦਰਜੀਤ ਹੇਠਾਂ ਛਾਲ ਮਾਰ ਚੁੱਕਾ ਸੀ। ਉਹ ਕੰਧ ਦੀ ਓਟ ਨਾਲ ਦੜਿਆ ਬੈਠਾ, ਟਰੈਕਟਰਾਂ ਵਾਲਿਆਂ ਨੂੰ ਹੱਥ ਨਾਲ ਉਪਰ ਵੱਲ ਇਸ਼ਾਰੇ ਕਰੀ ਜਾ ਰਿਹਾ ਸੀ। ਟਰੈਕਟਰਾਂ ਵਾਲੇ ਸਮਝ ਗਏ ਕਿ ਇਕ ਬੰਦਾ ਤਾਂ ਸਾਡਾ ਸਹੀ ਸਲਾਮਤ ਬਾਹਰ ਆ ਗਿਆ ਸੀ, ਪਰ ਇਕ ਅਜੇ ਅੰਦਰ ਹੀ ਸੀ।
ਕਾਕੇ ਨੇ ਦਿਲਜੀਤ ਨੂੰ ਅਸਾਲਟ ਫੜਾਉਣ ਲਈ ਕਿਹਾ ਤਾਂ ਉਸ ਨੇ ਵੀ ਨੱਠਣ ਦੀ ਕੋਸਿ਼ਸ਼ ਕੀਤੀ। ਅਜੇ ਉਹ ਦਰਵਾਜਿਓਂ ਛਾਲ ਮਾਰਨ ਹੀ ਲੱਗਿਆ ਸੀ ਕਿ ਕਾਕੇ ਨੇ ਰਿਵਾਲਵਰ ਦਾ ਸਾਰਾ ਮੈਗਜ਼ੀਨ ਉਸ ਵਿਚ ਦੀ ਪਾਰ ਕਰ ਦਿੱਤਾ। ਦਿਲਜੀਤ ਖਲ ਦੀ ਬੋਰੀ ਵਾਂਗ ਬਾਹਰ ਡਿੱਗਿਆ। ਉਹ ਖੂਨ ਨਾਲ ਲੱਥ-ਪੱਥ ਸੀ। ਗੋਲੀਆਂ ਉਸ ਦੇ ਸਾਰੀਆਂ ਹੀ ਲੱਗ ਗਈਆਂ ਸਨ।
ਇਕ ਟਰੈਕਟਰ ਨੇ ਉਹਨਾਂ ਨੂੰ ਓਟ ਆ ਦਿੱਤੀ ਅਤੇ ਵਾਇਰਲੈੱਸ 'ਤੇ ਸਰਚ-ਲਾਈਟਾਂ ਬੰਦ ਕਰਨ ਲਈ ਆਖ ਦਿੱਤਾ।
ਜਦ ਹੀ ਸਰਚ-ਲਾਈਟਾਂ ਬੰਦ ਹੋਈਆਂ, ਇੰਦਰਜੀਤ ਅਤੇ ਦਿਲਜੀਤ ਨੂੰ ਫ਼ੋਰਸ ਵਾਲਿਆਂ ਨੇ ਟਰੈਕਟਰ ਵਿਚ ਲੱਦਿਆ ਅਤੇ ਟਰੈਕਟਰ ਵਾਪਿਸ ਤੁਰ ਪਿਆ। ਹਦਾਇਤ 'ਤੇ ਸਰਚ-ਲਾਈਟਾਂ ਫਿਰ ਦਿਸਣਾ ਬੰਦ ਕਰਨ ਲੱਗ ਪਈਆਂ।
ਕਾਕੇ ਨੂੰ ਹੁਣ ਸ਼ੱਕ ਹੀ ਨਹੀਂ ਯਕੀਨ ਹੋ ਗਿਆ ਸੀ ਕਿ ਉਸ ਨਾਲ ਬੜਾ ਧੋਖਾ ਹੋ ਗਿਆ ਸੀ। ਇੰਦਰਜੀਤ ਹੁਰੀਂ ਪੁਲੀਸ ਦੇ 'ਕੈਟ' ਸਨ। ਜਿਹੜੀ ਗੱਲ ਮੀਟਿੰਗਾਂ ਵਿਚ ਵਾਰ-ਵਾਰ ਦੁਹਰਾਈ ਜਾਂਦੀ ਸੀ, ਅੱਜ ਉਹ ਉਸ ਨਾਲ ਖੁਦ ਹੀ ਬੀਤ ਗਈ ਸੀ। ਉਹ ਇਹਨਾਂ ਛੋਕਰਿਆਂ 'ਤੇ ਧਿਜਾਈ ਖਾ ਕੇ ਮਾਰਿਆ ਗਿਆ ਸੀ।
ਟਰੈਕਟਰ ਅਫ਼ਸਰਾਂ ਕੋਲ ਪੁੱਜ ਗਿਆ। ਦਿਲਜੀਤ ਮਰ ਚੁੱਕਾ ਸੀ। ਇੰਦਰਜੀਤ ਬਿਲਕੁਲ ਹਰੀ ਕਾਇਮ ਸੀ।
ਦਿਲਜੀਤ ਦੀ ਲਾਸ਼ ਪੋਸਟ-ਮਾਰਟਮ ਲਈ ਹਸਪਤਾਲ ਨੂੰ ਤੋਰ ਦਿੱਤੀ ਗਈ। ਇੰਦਰਜੀਤ ਨੇ ਦੋਨੋਂ ਅਸਾਲਟਾਂ ਐੱਸ. ਪੀ. ਅੱਗੇ ਰੱਖ ਦਿੱਤੀਆਂ। ਐੱਸ. ਪੀ. ਨੇ ਇੰਦਰਜੀਤ ਦਾ ਮੋਢਾ ਘੁੱਟ ਕੇ ਥਾਪੜਿਆ।
-"ਤੇਰੇ ਅਰਗਾ ਸੂਰਮਾਂ ਹਰ ਮਾਂ ਨੂੰ ਜੰਮਣਾ ਚਾਹੀਦੈ ਇੰਦਰਜੀਤ! ਮੈਨੂੰ ਤੇਰੇ 'ਤੇ ਬੜਾ ਫ਼ਖ਼ਰ ਹੈ!"
-"ਥੈਂਕਯੂ ਸਰ...!" ਉਹ ਮੌਤ ਦੇ ਮੂੰਹ 'ਚੋਂ ਬਚ ਕੇ ਆਇਆ, ਹੁਣ ਕੁਝ ਸੁਰਤ ਸੰਭਲ ਗਿਆ ਸੀ। ਐੱਸ. ਪੀ. ਨੇ ਉਸ ਅੱਗੇ ਥਰ੍ਹੀ-ਐਕਸ ਰੰਮ ਦੀ ਬੋਤਲ ਰੱਖ ਦਿੱਤੀ। ਇੰਦਰਜੀਤ ਨੇ ਰੰਮ ਦੀ ਬੋਤਲ 'ਚੋਂ ਕੰਗਣੀਂ ਵਾਲਾ ਗਿਲਾਸ ਭਰ ਕੇ ਅੰਦਰ ਸੁੱਟਿਆ ਅਤੇ ਫਿਰ ਘੁੱਟ ਕੁ ਪਾਣੀ ਪੀ ਕੇ ਬਾਕੀ ਡੋਲ੍ਹ ਦਿੱਤਾ। ਦਾਰੂ ਨੇ ਉਸ ਨੂੰ ਧੁੜਧੜੀ ਚਾੜ੍ਹ ਦਿੱਤੀ ਸੀ।
-"ਜਿਹੜਾ ਵਰ੍ਹਦੀਆਂ ਗੋਲੀਆਂ 'ਚੋਂ ਤੇ ਖਾਸ ਕਰਕੇ ਦੁਸ਼ਮਣ ਦੀ ਬੁੱਕਲ 'ਚੋਂ ਨਿਕਲ ਆਵੇ-ਉਹਦੇ ਵਰਗਾ ਸੂਰਮਾਂ ਜੱਗ 'ਤੇ ਨਹੀਂ ਹੁੰਦਾ।"
-"।।।।।।।।।" ਸਾਰੇ ਚੁੱਪ ਖੜ੍ਹੇ ਸਨ।
-"ਹੁਣ ਇਹ ਦੱਸ ਇੰਦਰਜੀਤ ਸਿਆਂ ਬਈ ਕਾਕੇ ਕੋਲ ਹੁਣ ਅਸਲਾ ਕਿੰਨੈਂ?" ਉਸ ਨੇ ਇੰਦਰਜੀਤ ਦੀ ਪਿੱਠ ਪਲੋਸਦਿਆਂ ਜਾਂਚ ਲੈਣੀ ਚਾਹੀ।
-"ਦੋ ਅਸਾਲਟਾਂ ਆਹ ਪਈਐਂ ਜੀ ਤੇ ਉਹਦੇ ਆਲੀ ਅਸਾਲਟ ਬਿਲਕੁਲ ਖਾਲੀ ਹੋ ਚੁੱਕੀ ਐ-ਇਕ ਮੈਗਜ਼ੀਨ ਉਸ ਨੇ ਦਿਲਜੀਤ 'ਤੇ ਖਾਲੀ ਕਰ ਦਿੱਤਾ ਤੇ ਹੁਣ ਉਹਦੇ ਕੋਲੇ ਇਕ ਰਿਵਾਲਵਰ ਤੇ ਇਕੋ-ਇਕ ਮੈਗਜ਼ੀਨ ਐਂ-ਜੀਹਦੇ ਵਿਚ ਵੱਧ ਤੋਂ ਵੱਧ ਛੇ ਗੋਲੀਆਂ ਹੋਣਗੀਆਂ।"
-"ਪੱਕੀ ਗੱਲ ਐ?"
-"ਇਕ ਸੌ ਇਕ ਪ੍ਰਸਿੰਟ ਪੱਕੀ ਸਰ!"
-"ਚੁਬਾਰੇ 'ਚ ਹੋਰ ਕੌਣ-ਕੌਣ ਐਂ?"
-"ਕਾਕਾ 'ਕੱਲਾ ਈ ਐ ਜੀ।"
-"ਬਾਕੀ ਸਾਰਾ ਪ੍ਰੀਵਾਰ ਕਿੱਥੇ ਐ?"
-"ਸਾਰੇ ਹੇਠਾਂ ਈ ਲੁਕੇ ਬੈਠੇ ਐ ਸਰ!"
ਐੱਸ. ਪੀ. ਨੇ ਵਾਇਰਲੈੱਸ 'ਤੇ ਬੁਲਿਟ-ਪਰੂਫ਼ ਟਰੈਕਟਰਾਂ ਨੂੰ ਘਰ ਅੰਦਰ ਵੜਨ ਦਾ ਅਬਦਾਲੀ ਫੁਰਮਾਨ ਜਾਰੀ ਕਰ ਦਿੱਤਾ ਅਤੇ ਕਾਕੇ ਨੂੰ ਜਿਉਂਦਾ ਫੜਨ ਲਈ ਹੁਕਮ ਦੇ ਦਿੱਤਾ। ਗੋਲੀ ਸਿੱਕੇ ਬਾਰੇ ਪੂਰੀ ਜਾਣਕਾਰੀ ਵੀ ਦੇ ਦਿੱਤੀ।
ਕਾਕੇ ਕੋਲ ਰਿਵਾਲਵਰ ਵਿਚ ਸਿਰਫ਼ ਤਿੰਨ ਗੋਲੀਆਂ ਹੀ ਰਹਿ ਗਈਆਂ ਸਨ।
ਉਸ ਨੇ ਦਿਲ ਵਿਚ ਕੋਈ ਫ਼ੈਸਲਾ ਲਿਆ।
ਟਰੈਕਟਰਾਂ ਨੇ ਬਾਹਰਲਾ ਲੱਕੜ ਦਾ ਦਰਵਾਜਾ ਤੋੜ ਦਿੱਤਾ ਅਤੇ ਅੰਦਰ ਵੜ ਗਏ। ਕਾਕੇ ਨੂੰ ਆਪਣਾ ਅੰਤ ਨਜ਼ਰ ਆਇਆ। ਸਿਰਫ਼ ਬਾਕੀ ਬਚਦੀਆਂ ਤਿੰਨ ਗੋਲੀਆਂ ਨਾਲ ਉਹ ਕਰ ਵੀ ਕੀ ਸਕਦਾ ਸੀ? ਉਸ ਨੇ ਨੀਲੇ ਘੋੜੇ ਵਾਲੇ ਮਾਲਕ ਨੂੰ ਯਾਦ ਕੀਤਾ:
-"ਹੇ ਕਲਗੀਧਰ ਪਿਤਾ! ਤੇਰੇ ਹੁਕਮ ਅਨੁਸਾਰ ਜਿਤਨੀ ਕੁ ਸੇਵਾ ਪੰਥ ਦੀ ਲਾਈ ਸੀ, ਉਹ ਤੇਰੇ ਪੁੱਤਰ ਨੇ ਨਿਭਾਅ ਦਿੱਤੀ-ਹੁਣ ਦੁਸ਼ਮਣ ਦਰਵਾਜੇ 'ਤੇ ਆ ਚੁੱਕਿਐ-ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਚੋਜੀ ਪ੍ਰੀਤਮ! ਤੇਰਾ ਸੂਰਮਾਂ ਸਿੰਘ ਕਦੇ ਵੀ ਦੁਸ਼ਮਣ ਅੱਗੇ ਗੋਡੇ ਨਹੀਂ ਟੇਕੇਗਾ ਸੱਚੇ ਪਾਤਿਸ਼ਾਹ! ਚੜ੍ਹਦੀਆਂ ਕਲਾਂ ਵਿਚ ਰਹਿ ਕੇ ਸ਼ਹੀਦੀ ਪ੍ਰਾਪਤ ਕਰੇਗਾ ਮਿਹਰਾਂ ਦੇ ਸਾਈਂ! ਆਪਣੇ ਪਵਿੱਤਰ ਚਰਨਾਂ ਵਿਚ ਨਿਵਾਜ਼ ਲੈਣਾ ਸੱਚੇ ਪਾਤਿਸ਼ਾਹ ਜੀਓ! ਬਾਕੀ ਮੈਦਾਨਿ-ਜੰਗ ਵਿਚ ਜੂਝਦੇ ਸਿੰਘਾਂ ਨੂੰ ਚੜ੍ਹਦੀ ਕਲਾ ਬਖ਼ਸ਼ਣੀਂ ਤੇ ਸੁਮੱਤ ਦੇਣੀ ਜੀ! ਬੋਲੇ... ਸੋ... ਨਿਹਾਲ ....!! ਸਤਿ....ਸ੍ਰੀ.... ਅਕਾਲ....!!!" ਤੇ ਕਾਕੇ ਨੇ ਜੈਕਾਰਾ ਗਜਾ ਕੇ ਰਿਵਾਲਵਰ ਪੁੜਪੜੀ ਨਾਲ ਲਾ ਘੋੜਾ ਦੱਬ ਦਿੱਤਾ.....।
ਜਦ ਬਖ਼ਤਰਬੰਦ ਟਰੈਕਟਰ ਵਾਲਿਆਂ ਨੇ ਜੈਕਾਰਾ ਅਤੇ ਫਿਰ ਗੋਲੀ ਚੱਲਣ ਦੀ ਅਵਾਜ਼ ਸੁਣੀ ਤਾਂ ਉਹ ਹੱਕੇ ਬੱਕੇ ਰਹਿ ਗਏ। ਪਰ ਉਪਰ ਜਾਣ ਦਾ ਕੋਈ ਹੌਸਲਾ ਨਹੀਂ ਕਰ ਰਿਹਾ ਸੀ। ਮੌਤ ਨੂੰ ਮਾਸੀ ਕੌਣ ਆਖੇ? ਇਕ ਜਵਾਨ ਨੇ ਵਾਇਰਲੈੱਸ ਫੜ ਲਈ।
-"ਹੈਲੋ! ਐੱਸ. ਪੀ. ਜਨਾਬ ਬੋਲ ਰਹੇ ਹਨ?"
-"ਹਾਂ-ਬੋਲੋ?" ਉਧਰੋਂ ਅਵਾਜ਼ ਆਈ।
-"ਜਨਾਬ ਸਾਨੂੰ ਉਮੀਦ ਹੈ ਕਿ ਅੱਤਿਵਾਦੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।"
-"ਤੁਹਾਨੂੰ ਕਿਵੇਂ ਪਤੈ?"
-"ਜਨਾਬ! ਪਹਿਲਾਂ ਉਸ ਨੇ ਬੋਲੇ ਸੋ ਨਿਹਾਲ -ਸਤਿ ਸ੍ਰੀ ਅਕਾਲ ਕਿਹਾ ਤੇ ਫਿਰ ਗੋਲੀ ਚੱਲੀ-ਇਸ ਦਾ ਮਤਲਬ....!"
-"ਨਹੀਂ...! ਇਹ ਦੁਸ਼ਮਣ ਦੀ ਕੋਈ ਚਾਲ ਵੀ ਹੋ ਸਕਦੀ ਹੈ-ਸਾਵਧਾਨ ਰਹਿਣੈਂ! ਦੋ ਜਵਾਨ ਘਰਦਿਆਂ ਨੂੰ ਲੈ ਕੇ ਬਚਾਅ ਕੇ ਉਪਰ ਜਾਓ ਤੇ ਬੜੇ ਧਿਆਨ ਨਾਲ ਪੁਸ਼ਟੀ ਕਰੋ ਔਰ ਮੈਨੂੰ ਤੁਰੰਤ ਸੂਚਿਤ ਕਰੋ!" ਐੱਸ. ਪੀ. ਮੁੱਠੀਆਂ ਮੀਟ ਕੇ ਰਹਿ ਗਿਆ। ਕਾਕੇ ਨੂੰ ਜਿਉਂਦਾ ਫੜਨ ਲਈ ਸਾਰੀ ਫ਼ੋਰਸ ਬਾਰਾਂ-ਤੇਰਾਂ ਘੰਟੇ ਤੋਂ ਜੱਦੋਜਹਿਦ ਕਰ ਰਹੀ ਸੀ। ਪਰ ਸਫ਼ਲਤਾ ਫਿਰ ਵੀ ਹੱਥ ਨਹੀਂ ਆਈ ਸੀ। ਅਫ਼ਸਰ ਨੇ ਕੌੜ ਬੋਤੇ ਵਾਂਗ ਦੰਦ ਪੀਹੇ ਸਨ। ਪੈਰਾਂ ਹੇਠੋਂ ਖੁਰਗੋ ਪੱਟੀ ਸੀ।
ਫ਼ੋਰਸ ਵਾਲਿਆਂ ਨੇ ਮਾਮੀਂ ਗੁਰਦੇਵ ਕੌਰ ਅਤੇ ਗਗਨਦੀਪ ਨੂੰ ਬੱਕਰੀਆਂ ਦੇ ਇੱਜੜ ਵਾਂਗ ਅੱਗੇ ਲਾ ਲਿਆ। ਬੁਲਿਟ-ਪਰੂਫ਼ ਜੈਕਟਾਂ ਪਾਈਆਂ ਹੋਣ ਦੇ ਬਾਵਜੂਦ ਵੀ ਉਹ ਬੜੀ ਚੁਸਤੀ ਨਾਲ ਡਰ-ਡਰ ਕੇ ਪੌੜੀਆਂ ਚੜ੍ਹ ਰਹੇ ਸਨ।
ਜਦ ਚੁਬਾਰੇ ਦੇ ਮੁੱਖ ਦਰਵਾਜੇ ਰਾਹੀਂ ਮਾਮੀਂ ਨੇ ਅੰਦਰ ਝਾਤੀ ਮਾਰੀ ਤਾਂ ਕਾਕਾ ਚੌਫ਼ਾਲ ਫ਼ਰਸ਼ 'ਤੇ ਪਿਆ ਸੀ। ਉਸ ਦੇ ਹੱਥ ਵਿਚ ਰਿਵਾਲਵਰ ਸੀ ਅਤੇ ਸਿਰ ਖੱਖੜੀਆਂ ਵਾਂਗ ਖਿੱਲਰਿਆ ਪਿਆ ਸੀ। ਖੂਨ ਦਾ ਫੁਆਰਾ ਵਗ ਕੇ ਰੁਕ ਗਿਆ ਸੀ। ਮਾਮੀਂ ਨੇ ਦੁਹੱਥੜ ਮਾਰੀ:
-"ਵੇ ਤੈਨੂੰ ਦੁੱਧ ਮੱਖਣਾਂ ਨਾਲ ਪਾਲਿਆ ਸੀ ਵੇ ਮੇਰਿਆ ਲਾਡਲਿਆ ਪੁੱਤਾ...!"
-"ਵੇ ਮੈਂ ਤੈਨੂੰ ਬਥੇਰ੍ਹਾ ਵਰਜ ਰਹੀ ਵੇ ਮੇਰਿਆ ਅਣਖੀ ਸ਼ੇਰਾ...!!"
-"ਵੇ ਮੈਂ ਤੇਰੇ ਮਾਂ ਪਿਉ ਨੂੰ ਕਿਹੜਾ ਜਵਾਬ ਦਿਊਂਗੀ ਵੇ ਮੇਰਿਆ ਮਨਪ੍ਰੀਤਿਆ....!!!" ਮਾਮੀਂ ਕਾਕੇ ਦਾ ਲਹੂ ਲਿੱਬੜਿਆ ਮੂੰਹ ਆਪਣੀ ਚੁੰਨੀ ਨਾਲ ਪੂੰਝ ਰਹੀ ਸੀ। ਇਕ ਚੀਕ ਚਿਹਾੜਾ ਮੱਚਿਆ ਹੋਇਆ ਸੀ। ਪਰ ਗਗਨਦੀਪ ਨੇ ਆਪਣੇ ਸ਼ਹੀਦ ਦੀ ਲਾਸ਼ ਦੇਖ ਕੇ ਅੱਖੋਂ ਇਕ ਵੀ ਹੰਝੂ ਨਾ ਵਹਾਇਆ।
ਫ਼ੋਰਸ ਨੇ ਲਾਸ਼ ਨਾਲੋਂ ਮਾਮੀਂ ਨੂੰ ਤੋੜ ਲਿਆ।
ਜਦ ਫ਼ੋਰਸ ਨੇ ਵਾਇਰਲੈੱਸ 'ਤੇ ਕਾਕੇ ਦੀ ਮੌਤ ਬਾਰੇ ਪੁਸ਼ਟੀ ਕਰ ਦਿੱਤੀ ਤਾਂ ਪਾਸੇ ਲੱਗੀ ਫ਼ੋਰਸ ਇਕ ਦਮ ਚੁਬਾਰੇ ਵੱਲ ਨੂੰ ਹਿੱਲ ਪਈ। ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਸੀ। ਖ਼ੈਰ! ਅਫ਼ਸਰ ਕੁਝ ਕੁ ਸੰਤੁਸ਼ਟ ਸਨ ਕਿ ਸਿਰਫ਼ ਇਕ ਜਾਨੀ ਨੁਕਸਾਨ ਨਾਲ ਹੀ ਸਰ ਗਿਆ ਸੀ। ਇਸ ਲਈ ਫ਼ੋਰਸ ਬਹੁਤੀ ਗੁੱਸੇ ਵਿਚ ਨਹੀਂ ਸੀ।
-"ਗੁਰਨਾਮ ਕਿੱਥੇ ਐ?" ਅਚਾਨਕ ਡੀ. ਐੱਸ. ਪੀ. ਨੇ ਪੁੱਛਿਆ।
ਗੁਰਦੇਵ ਕੌਰ ਨੇ ਅੰਦਰ ਵੱਲ ਇਸ਼ਾਰਾ ਕੀਤਾ ਤਾਂ ਡੀ. ਐੱਸ. ਪੀ. ਨੇ ਉਸ ਨੂੰ ਖੱਡੀ ਵਿਚੋਂ ਬਾਹਰ ਕਢਵਾ ਲਿਆ।
ਅਫ਼ਸਰ ਨੇ ਸੋਚਿਆ ਕਿ ਅੱਤਿਵਾਦੀਆਂ ਨੇ ਉਸ ਨੂੰ ਬੰਨ੍ਹ ਕੇ ਇੱਥੇ ਸੁੱਟ ਦਿੱਤਾ ਸੀ। ਉਸ ਦਾ ਨਸ਼ਾ ਉੱਤਰ ਗਿਆ ਸੀ ਅਤੇ ਹੁਣ ਉਹ ਡੌਰ-ਭੌਰਿਆਂ ਵਾਂਗ ਝਾਕ ਰਿਹਾ ਸੀ।
-"ਕਾਕਾ ਕਿੱਥੇ ਐ?" ਉਸ ਘਬਰਾਏ ਹੋਏ ਨੇ ਡੀ. ਐੱਸ. ਪੀ. ਨੂੰ ਪੁੱਛਿਆ।
-"ਕਾਕਾ ਮਾਰਿਆ ਗਿਆ-ਜਦੋਂ 'ਕੱਲਾ ਬੰਦਾ ਪਹਾੜ ਨਾਲ ਮੱਥਾ ਲਾਵੇ-ਉਦੋਂ ਇਹੀ ਹਸ਼ਰ ਹੁੰਦੈ ਗੁਰਨਾਮ ਸਿਆਂ।"
-"ਦੁਨੀਆਂ 'ਤੇ ਆਉਣਾ ਜਾਣਾ ਤਾਂ ਬਣਿਆਂ ਹੀ ਹੈ ਡੀ. ਐੱਸ. ਪੀ. ਸਾਹਿਬ!" ਗਗਨਦੀਪ ਅਫ਼ਸਰ ਸਾਹਮਣੇਂ ਆ ਖੜ੍ਹੀ ਹੋਈ।
-"ਕਿਸੇ ਨੇ ਪਹਿਲਾਂ ਤੁਰ ਜਾਣੈਂ ਤੇ ਕਿਸੇ ਨੇ ਪਿੱਛੋਂ-ਬਾਬੇ ਦੀ ਬਾਣੀਂ ਆਖਦੀ ਐ: ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।। ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।।"
-"ਇਹ ਬੀਬੀ ਕੌਣ ਐ?"
-"ਮੈਂ ਉਸ ਸੂਰਮੇਂ ਕਾਕੇ ਦੀ ਪਤਨੀ ਐਂ ਸਰ!" ਕੁੜੀ ਨੇ ਬੜੇ ਮਾਣ ਨਾਲ ਆਖਿਆ।
-"ਬੀਬੀ..! ਇਹ ਜਿ਼ੰਦਗੀ ਕਿਤੇ ਨਿੱਤ ਨਿੱਤ ਮਿਲਦੀ ਐ..? ਬੰਦੇ ਨੇ ਕਿਤੇ ਨਿੱਤ ਨਿੱਤ ਜੰਮਣੈਂ..?"
-"ਜੰਮਣੈਂ ਸਰ..! ਜ਼ਰੂਰ ਜੰਮਣੈਂ..!! ਇਕ ਕਾਕਾ ਤਾਂ ਸ਼ਹੀਦ ਹੋ ਗਿਆ ਤੇ ਦੂਜਾ ਕਾਕਾ ਮੇਰੀ ਕੁੱਖ ਵਿਚ ਪਲ ਰਿਹੈ।"
ਡੀ. ਐੱਸ. ਪੀ. ਨੇ ਹੈਰਾਨਗੀ ਨਾਲ ਕੁੜੀ ਵੱਲ ਤੱਕਿਆ। ਉਸ ਦੇ ਮਨ 'ਤੇ ਕੋਈ ਡਰ, ਭੈਅ ਜਾਂ ਅਫ਼ਸੋਸ ਦਾ ਕਣ ਨਹੀਂ ਸੀ। ਉਸ ਨੇ ਕੁੜੀ ਨਾਲ ਬਹੁਤੀ ਬਹਿਸ ਕਰਨੀ ਫ਼ਜੂਲ ਸਮਝੀ। ਅਫ਼ਸਰ ਮੁਤਾਬਿਕ ਕੁੜੀ ਬੇਵਕੂਫ਼ ਸੀ। ਬੇਰਹਿਮ ਸੀ, ਜਿਸ ਨੂੰ ਆਪਣੇਂ ਪਤੀ ਮਰੇ ਦਾ ਕੋਈ ਅਫ਼ਸੋਸ ਨਹੀਂ ਸੀ।
ਕਾਕੇ ਦੀ ਲਾਸ਼ ਪੋਸਟ ਮਾਰਟਮ ਲਈ ਤੋਰ ਦਿੱਤੀ। ਡੀ. ਐੱਸ. ਪੀ. ਸ਼ਨਾਖਤ ਲਈ ਗੁਰਨਾਮ ਸਿੰਘ ਨੂੰ ਨਾਲ ਲੈ ਗਿਆ।
ਤਮਾਮ ਫ਼ੋਰਸ ਕੂਚ ਕਰ ਗਈ। ਇਕ ਛਾਉਣੀਂ ਹਿੱਲਣ ਦਾ ਭੁਲੇਖਾ ਪੈਂਦਾ ਸੀ। ਫ਼ੋਰਸ ਦੇ ਜਾਣ ਤੋਂ ਬਾਅਦ ਮਾਮੀਂ ਨੇ ਰੋਣਾ ਸੁਰੂ ਕਰ ਦਿੱਤਾ। ਪਰ ਗਗਨਦੀਪ ਨੇ ਰੋਕ ਦਿੱਤਾ।
-"ਭੂਆ ਜੀ..! ਉਹ ਮਰੇ ਨਹੀਂ ਅਮਰ ਹੋ ਗਏ ਐ-ਸ਼ਹੀਦ ਹੋਏ ਐ-ਸ਼ਹੀਦ ਹੋ ਕੇ ਬੰਦਾ ਅਮਰ ਹੋ ਜਾਂਦੈ-ਤੁਸੀਂ ਰੋ ਕੇ ਇਕ ਸ਼ਹੀਦ ਦੀ ਤੌਹੀਨ ਨਾ ਕਰੋ...!"
-"ਤੂੰ ਹੁਣ ਕੀਹਦੇ ਆਸਰੇ ਜੀਏਂਗੀ ਧੀਏ..? ਕਾਕਾ ਤਾਂ ਸਾਥੋਂ ਮੁੱਖ ਮੋੜ ਗਿਐ।"
-"ਨਹੀਂ..! ਕਾਕੇ ਨੇ ਸਾਥੋਂ ਮੁੱਖ ਨਹੀਂ ਮੋੜਿਆ ਭੂਆ ਜੀ-ਕਾਕਾ ਤਾਂ ਮੇਰੇ ਪੇਟ 'ਚ ਪਲ ਰਿਹੈ।"
-"ਧੀਆਂ ਪੁੱਤ ਆਬਦੀ ਥਾਂ ਤੇ ਮਾਲਕ ਆਬਦੀ ਥਾਂ ਹੁੰਦੈ ਦੀਪ! ਪਹਾੜ ਜਿੱਡੀ ਜਿੰਦਗੀ ਕਿਹੜੇ ਆਹਰ 'ਤੇ ਕੱਟੇਂਗੀ? ਤੇਰੀ ਤਾਂ ਅਜੇ ਉਮਰ ਈ ਨਿਆਣੀਂ ਐਂ!"
-"ਭੂਆ ਜੀ..! ਮੈਂ ਗੁਰਬਾਣੀ ਆਸਰੇ ਅਤੇ ਦਸਵੇਂ ਪਿਤਾ ਦੀ ਓਟ ਆਸਰੇ ਜੀਆਂਗੀ-ਹੁਣ ਆਪਾਂ ਸਸਕਾਰ ਕਰਨ ਦੀ ਤਿਆਰੀ ਕਰੀਏ-ਫੁੱਫੜ ਜੀ ਉਹਨਾਂ ਦੀ ਦੇਹ ਲੈ ਕੇ ਆਉਣ ਈ ਵਾਲੇ ਹੋਣਗੇ, ਗੇਲਿਆ...!"
-"ਹਾਂ ਭੈਣੇਂ?" ਗੇਲਾ ਹਾਜ਼ਰ ਸੀ।
-"ਤੂੰ ਵੀਰੇ ਦੌਧਰ ਜਾਹ ਤੇ ਡਾਲੀ ਨੂੰ ਲੈ ਕੇ ਆ-ਤੇ ਆਉਂਦਾ ਹੋਇਆ ਬੁੱਟਰ ਵੀ ਸੁਨੇਹਾਂ ਦਿੰਦਾ ਆਈਂ।"
-"ਡਾਲੀ ਦੇ ਪਿਉ ਦਾ ਨਾਂ ਕੀ ਐ ਭੈਣੇਂ?"
-"ਉਹਨਾਂ ਨੂੰ ਕਲਕੱਤੇ ਆਲੇ ਕਹਿੰਦੇ ਐ।"
ਸਾਈਕਲ ਲੈ ਕੇ ਸੀਰੀ ਤੁਰ ਗਿਆ।
-"ਦੀਪ..! ਕਾਕੇ ਦੇ ਪਿੰਡ ਅਮਰ ਸਿਉਂ ਹੋਰਾਂ ਕੋਲ ਕੀਹਨੂੰ ਭੇਜੀਏ? ਮੈਥੋਂ ਤਾਂ ਉਹਨਾਂ ਦੇ ਮੱਥੇ ਨਹੀਂ ਲੱਗਿਆ ਜਾਣਾ।" ਗੁਰਦੇਵ ਕੌਰ ਫਿਰ ਫਿੱਸ ਪਈ। ਉਸ ਨੂੰ ਦਿਲੋਂ ਹੌਲ ਪਈ ਜਾ ਰਹੇ ਸਨ ਕਿ ਵਿਚਾਰੇ ਬਿਰਧ ਮਾਪੇ ਜੁਆਨ ਪੁੱਤ ਦੀ ਮੌਤ ਸੁਣ ਕੇ ਕਿਵੇਂ ਸਹਾਰਨਗੇ? ਪਾਲ ਪੋਸ ਕੇ ਜੁਆਨ ਕੀਤਾ ਸ਼ੇਰ ਵਰਗਾ ਪੁੱਤ ਭਰ ਜੁਆਨੀ ਵਿਚ ਵਿਛੋੜਾ ਦੇ ਗਿਆ ਸੀ।
-"ਭੂਆ ਜੀ! ਇਹਦੇ ਵਿਚ ਕਿਹੜਾ ਕਿਸੇ ਦਾ ਕੋਈ ਕਸੂਰ ਐ? ਉਹ ਕੌਮ ਲਈ ਸ਼ਹੀਦ ਹੋਏ ਐ! ਉਹਨਾਂ ਨੇ ਆਪਣੇ ਲੋਕਾਂ ਲਈ ਆਪਾ ਵਾਰਿਐ-ਸਾਨੂੰ ਤਾਂ ਉਹਨਾਂ 'ਤੇ ਅਥਾਹ ਮਾਣ ਹੋਣਾ ਚਾਹੀਦੈ-ਜੇ ਉਹਨਾਂ ਦਾ ਵਿਛੋੜਾ ਅਸੀਂ ਨਹੀਂ ਜਰ ਸਕਾਂਗੇ-ਫੇਰ ਹੋਰ ਕੌਣ ਜਰੂ? ਫੇਰ ਤਾਂ ਉਹ ਹੀ ਗੱਲ ਹੋ ਗਈ ਅਖੇ ਭਗਤ ਸਿੰਘ ਸ਼ਹੀਦ ਵਰਗੇ ਘਰ ਘਰ ਜੰਮਣ-ਪਰ ਸਾਡੇ ਨਾ ਜੰਮੇਂ।"
-"ਪਰ ਧੀਏ! ਮਾਪਿਆਂ ਨੂੰ ਇਹੋ ਜਿਹੀਆਂ ਕਾਗਜੀ ਗੱਲਾਂ ਕਦੋਂ ਧਰਵਾਸ ਦਿੰਦੀਐਂ? ਜੁਆਨ ਪੁੱਤ ਦੀ ਲਾਅਸ਼ ਦੇਖ ਕੇ ਉਹਨਾਂ ਦਾ ਤਾਂ ਕਾਲਜਾ ਪਾਟ ਜਾਊ-ਕਦੋਂ ਸਬਰ ਆਉਂਦੈ-ਉਹਦੀ ਮਾਂ ਤਾਂ ਦੇਖ ਕੇ ਊਂਈਂ ਫੁੜਕ ਜੂ?" ਗੁਰਦੇਵ ਕੌਰ ਦਾ ਹੜ੍ਹ ਫਿਰ ਹਿੱਲ ਪਿਆ।
ਕੁੜੀ ਬੇਵੱਸ ਹੋ ਕੇ ਰਹਿ ਗਈ। ਗੁਰਦੇਵ ਕੌਰ ਦੀਆਂ ਗੱਲਾਂ ਕੋਈ ਕੋਰੀਆਂ ਝੂਠ ਵੀ ਨਹੀਂ ਸਨ। ਇਕ ਬਰਾਬਰ ਦੇ ਪੁੱਤ ਦਾ ਵਿਛੋੜਾ ਮਾਪਿਆਂ ਲਈ ਦਿਲ 'ਤੇ ਨਾਸੂਰ ਬਣ ਜਾਣਾ ਸੀ। ਚਾਹੇ ਪੁੱਤ ਲੋਕਾਂ ਦੀ ਖੁਸ਼ਹਾਲੀ ਲਈ ਸ਼ਹੀਦ ਹੋਇਆ ਸੀ, ਪਰ ਮਾਪਿਆਂ ਦੀ ਡੰਗੋਰੀ ਤਾਂ ਹੱਥੋਂ ਡਿੱਗ ਕੇ ਟੁੱਟ ਗਈ ਸੀ। ਸਹਾਰਾ ਸਿਰੋਂ ਉਠ ਗਿਆ ਸੀ। ਸਿਆਣੇਂ ਆਖਦੇ ਹਨ ਕਿ ਪੁੱਤ ਤਾਂ ਜੰਮਦੇ ਹੀ ਗੱਭਰੂ ਹੁੰਦੇ ਹਨ। ਤੇ ਕਾਕਾ ਤਾਂ ਗੱਭਰੂ ਤੁਰ ਗਿਆ ਸੀ। ਮਾਪਿਆਂ ਨੂੰ ਕਾਹਦਾ ਦੋਸ਼ ਸੀ? ਗਿਆਂ ਨੂੰ ਕੋਈ ਮੋੜ ਕੇ ਲਿਆਇਐ? ਪਤਾ ਨਹੀਂ ਰੱਬ ਨੇ ਕੀ ਲੀਲ੍ਹਾ ਰਚੀ ਹੈ, ਇਕ ਵਾਰ ਗਿਆ ਬੰਦਾ ਕਦੀ ਨਹੀਂ ਮੁੜਦਾ। ਹਾਏ...! ਕੀ ਹੁਣ ਮੇਰੇ ਕਾਕੇ ਨੇ ਕਦੇ ਵੀ ਨਹੀਂ ਮੁੜਨਾ? ਮੈਂ ਤਾਂ ਮਾੜੇ ਕਰਮਾਂ ਵਾਲੀ ਨੇ ਦਿਲ ਜਾਨੀ ਨਾਲ ਰੱਜ ਕੇ ਗੱਲਾਂ ਵੀ ਨਹੀਂ ਕੀਤੀਆਂ। ਗਲਵਕੜੀ ਪਾ ਕੇ ਪਿਆਸ ਨਹੀਂ ਬੁਝਾਈ!
ਕੁੜੀ ਦਾ ਦਿਲ ਡੁੱਬਕੀਆਂ ਖਾਣ ਲੱਗ ਪਿਆ। ਪਰ ਫਿਰ ਉਸ ਨੇ ਥਾਲੀ ਦੇ ਪਾਣੀ ਵਾਂਗ ਡੋਲਦੇ ਮਨ ਨੂੰ ਥੰਮ੍ਹਿਆਂ।
ਦੀਪ! ਤੈਨੂੰ ਤੇਰੇ ਕਾਕੇ ਨੇ ਅਜਿਹਾ ਅਨਮੋਲ ਤੋਹਫ਼ਾ ਬਖ਼ਸਿ਼ਐ, ਜਿਹੜਾ ਕਿਸੇ ਕਰਮਾਂ ਵਾਲੀ ਔਰਤ ਨੂੰ ਨਸੀਬ ਹੁੰਦੈ! ਤੂੰ ਤਾਂ ਵੱਡੇ ਭਾਗਾਂ ਵਾਲੀ ਹੈਂ ਦੀਪ! ਸਾਰੇ ਗ਼ਮ ਪਰਾਂਹ ਵਗਾਹ ਮਾਰ ਅਤੇ ਸ਼ਹੀਦ ਦੀ ਅਮਾਨਤ ਨੂੰ ਜਨਮ ਦੇ ਕੇ, ਉਸ ਦਾ ਤੋਹਫ਼ਾ ਮਿਥ ਕੇ ਚਾਵਾਂ-ਮਲਾਰਾਂ ਨਾਲ ਪਾਲ!
ਗਗਨਦੀਪ ਕਿਸੇ ਹੌਸਲੇ ਨਾਲ ਉਠੀ।
-"ਭੂਆ ਜੀ...!"
ਗੁਰਦੇਵ ਕੌਰ ਨੇ ਖ਼ਾਮੋਸ਼, ਭਿੱਜੀਆਂ ਅੱਖਾਂ ਉਪਰ ਉਠਾਈਆਂ।
-"ਚਾਹ ਬਣਾ ਕੇ ਦੇਵਾਂ?"
-"ਮੇਰੇ ਤਾਂ ਧੀਏ ਲੰਘਣੀ ਨਹੀਂ।" ਗੁਰਦੇਵ ਕੌਰ ਦਾ ਲਹੂ-ਲੁਹਾਣ ਹੋਇਆ ਮਨ ਫਿਰ ਨੱਕੋ-ਨੱਕ ਭਰ ਆਇਆ।
-"ਡੁੱਬ ਜਾਣਾ ਵਿਹੜੇ 'ਚ ਜੁਆਕਾਂ ਮਾਂਗੂੰ ਖਰੂਦ ਕਰਦਾ ਫਿਰਦਾ ਹੁੰਦਾ ਸੀ-ਮਿਲਟ 'ਚ ਅੱਖੋਂ ਓਹਲੇ ਹੋ ਗਿਆ-ਮੇਰੇ ਤਾਂ ਦਿਲ ਤੋਂ ਨਹੀਂ ਉਤਰਦਾ-ਹਾਏ...!!" ਗੁਰਦੇਵ ਕੌਰ ਨੇ ਫਿਰ ਕੀਰਨੇਂ ਸੁਰੂ ਕਰ ਦਿੱਤੇ।
-"ਮੇਰੇ ਤਾਂ ਕੁੜ੍ਹੇ ਦੀਪ ਘਨੇੜਿਆਂ 'ਤੇ ਖੇਡਦਾ ਰਿਹੈ! ਕਦੇ ਦੰਦੀ ਵੱਢਿਆ ਕਰੇ-ਕਦੇ ਚੂੰਢੀ ਵੱਢਿਆ ਕਰੇ-ਕਦੇ ਘਰੂਟ ਮਾਰਨ ਲੱਗ ਜਿਆ ਕਰੇ-ਕਿਤੇ ਟੁੱਟ ਪੈਣੇਂ ਨੇ ਜਾਣ ਕੇ ਉਤੇ ਮੂਤ ਦਿਆ ਕਰਨਾ-ਮੇਰੇ ਤਾਂ ਉਹਦਾ ਭੋਲ਼ਾ ਜਿਆ ਮੂੰਹ ਕਾਲ਼ਜੇ ਧਸਿਆ ਪਿਐ।" ਮਾਮੀਂ ਨੇ ਮੂੰਹ ਮੂਹਰੇ ਹੱਥ ਰੱਖ ਕੇ ਨੀਰ ਰੋਕਣ ਦਾ ਯਤਨ ਕੀਤਾ।
-"ਕਿੰਨੀਆਂ ਗਾਲ੍ਹਾਂ ਦੇਈ ਜਾਵਾਂ-ਮਾਂ ਦੇ ਸ਼ੇਰ ਨੇ ਕਦੇ ਗੁੱਸਾ ਨਹੀਂ ਸੀ ਕੀਤਾ-ਕਿੰਨੀ ਲਾਹ ਪਾਅ ਕਰੀਦੀ ਸੀ-ਕਦੇ ਮੱਥੇ ਵੱਟ ਨਹੀਂ ਸੀ ਪਾਇਆ-ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆਂ ਵਿਆ ਸੀ ਸਤਜੁਗੀ।"
-"ਆਹ ਤਾਂ ਪਤਾ ਨਹੀਂ ਕਿੱਥੋਂ ਮਾੜੀ ਮੱਤ ਮਿਲ ਗਈ ਡੁੱਬੜੇ ਨੂੰ-ਕਦੇ ਕੀੜੀ 'ਤੇ ਪੈਰ ਨਹੀਂ ਸੀ ਧਰਿਆ ਜਿਉਣ ਜੋਕਰੇ ਨੇ।" ਲੱਗਦਾ ਸੀ ਗੁਰਦੇਵ ਕੌਰ ਨੇ ਗੱਲਾਂ ਕਰਕੇ ਮਨ ਹੌਲਾ ਕਰ ਲਿਆ ਸੀ। ਉਹ ਥਮ੍ਹਲੇ ਨਾਲ ਬੈਠੀ-ਬੈਠੀ ਹੀ ਸੌਂ ਗਈ।
ਸੋਗੀ ਮਾਹੌਲ ਵਿਚ ਦੁਪਿਹਰ ਹੋ ਗਈ। ਪਸ਼ੂ ਭੁੱਖੇ ਤਿਹਾਏ ਖੜ੍ਹੇ ਸਨ। ਗਗਨਦੀਪ ਨੂੰ ਬੇਜ਼ਬਾਨਾਂ 'ਤੇ ਤਰਸ ਆ ਗਿਆ। ਉਸ ਨੇ ਕੁਤਰੇ ਵਾਲੀ ਮਸ਼ੀਨ ਕੋਲੋਂ ਟੋਕਰਾ ਲੈ ਕੇ ਪਸੂਆਂ ਨੂੰ ਪੱਠੇ ਪਾਉਣੇਂ ਸੁਰੂ ਕਰ ਦਿੱਤੇ। ਭੁੱਖੇ ਪਸੂਆਂ ਨੂੰ ਭੁੱਖ ਨਵਿਰਤ ਕਰਦਿਆਂ ਦੇਖ ਦੀਪ ਮਾਨਸਿਕ ਤੌਰ 'ਤੇ ਕਿਸੇ ਹੱਦ ਤੱਕ ਸੰਤੁਸ਼ਟ ਹੋ ਗਈ। ਉਹ ਸੋਚ ਰਹੀ ਸੀ ਕਿ ਇਹਨਾਂ ਦਰਵੇਸ਼ਾਂ ਦਾ ਕੀ ਕਸੂਰ ਸੀ? ਗ਼ਮ ਦੇ ਬੋਝ ਵਿਚ ਇਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾਵੇ?
ਜਦੋਂ ਪਸੂਆਂ ਨੇ ਪੱਠੇ ਖਾ ਲਏ ਤਾਂ ਉਸ ਨੇ ਖੁਰਨੀ ਕੋਲ ਕੜਾਹੀਆ ਰੱਖ ਕੇ ਅੱਡੋ-ਅੱਡੀ ਸਾਰੇ ਪਸੂਆਂ ਨੂੰ ਬਾਲਟੀ ਨਾਲ ਪਾਣੀ ਪਿਆ ਦਿੱਤਾ।
ਦੁਪਿਹਰੋਂ ਬਾਅਦ ਤਿੰਨ ਵੱਜ ਗਏ।
ਪੋਸਟ ਮਾਰਟਮ ਤੋਂ ਬਾਅਦ ਕਾਕੇ ਦੀ ਲਾਸ਼ ਆ ਗਈ। ਸ਼ਨਾਖਤ ਮਾਮੇਂ ਗੁਰਨਾਮ ਸਿੰਘ ਨੇ ਹੀ ਕੀਤੀ। ਲਾਸ਼ ਇਕ ਸ਼ਰਤ 'ਤੇ ਦਿੱਤੀ ਸੀ ਕਿ ਜਾਣ ਸਾਰ ਸਸਕਾਰ ਕਰ ਦਿੱਤਾ ਜਾਵੇਗਾ। ਕੌਡੀਆਂ ਆਲਾ ਗੁਰਨਾਮ ਨੂੰ ਪਨਾਂਹ ਦੇਣ ਦੇ ਦੋਸ਼ ਹੇਠ ਮੜ੍ਹਨਾ ਚਾਹੁੰਦਾ ਸੀ, ਪਰ ਡੀ. ਐੱਸ. ਪੀ. ਗੁਰਇਕਬਾਲ ਸਿੰਘ ਦੇ ਰਹਿਮ ਸਦਕਾ ਉਹ ਬਚ ਗਿਆ ਸੀ। ਪਰ ਠਾਣੇਦਾਰ ਨੇ ਢੇਰੀ ਨਹੀਂ ਢਾਹੀ ਸੀ। ਉਹ ਮਜ਼ਬੂਰੀ ਵੱਸ, ਵਕਤੀ ਤੌਰ 'ਤੇ ਚੁੱਪ ਕਰ ਗਿਆ ਸੀ। ਉਸ ਨੇ ਸੋਚਿਆ ਸੀ ਕਿ ਸਮੁੰਦਰ ਵਿਚੋਂ ਮੱਛੀ ਮਗਰਮੱਛ ਤੋਂ ਬਚ ਕੇ ਜਾਵੇਗੀ ਕਿੱਥੇ? ਆਖਰ ਨੂੰ ਤਾਂ ਪਾਣੀ ਨੇ ਪੁਲਾਂ ਹੇਠ ਦੀ ਹੀ ਵਗਣਾ ਸੀ! ਬੱਕਰੇ ਦੀ ਮਾਂ ਕਦੋਂ ਤੱਕ ਸੁੱਖਾਂ ਮਨਾਊ? ਆਖਰ ਤਾਂ ਉਸ ਨੇ ਕਿਸਾਈਆਂ ਹੱਥ ਆਉਣਾ ਹੀ ਸੀ! ਜਿੱਥੇ ਮਰਜ਼ੀ ਭੱਜ ਲਵੇ, ਅਖੀਰ ਨੂੰ ਵਹਿੜਕੇ ਨੇ ਪੰਜਾਲੀ ਹੇਠ ਆਉਣਾ ਹੀ ਸੀ। ਆਖਰ ਨੂੰ ਤਾਂ ਪੁੱਤ ਬਸੰਤੇ ਨੇ ਹੱਟੀ 'ਤੇ ਹੀ ਬੈਠਣਾ ਸੀ। ਠਾਣੇਦਾਰ ਨੇ ਆਪਣੇ ਆਪ ਨੂੰ ਦਲੀਲਾਂ ਦੇ ਕੇ ਟਿਕਾਅ ਲਿਆ ਸੀ।
ਤਕਰੀਬਨ ਚਾਰ ਕੁ ਵਜੇ ਸਾਰੇ ਰਿਸ਼ਤੇਦਾਰ ਆ ਗਏ। ਗੁਰਨਾਮ ਨੇ ਸ਼ਹਿਰੋਂ ਘਰਾਟਾਂ ਵਾਲਾ ਫ਼ੌਜੀ ਦੁਖਦਾਈ ਖ਼ਬਰ ਦੇ ਕੇ ਕਾਕੇ ਦੇ ਪਿੰਡ ਨੂੰ ਤੋਰ ਦਿੱਤਾ ਸੀ।
ਇਕ ਚੀਕ ਚਿਹਾੜਾ ਮੱਚਿਆ ਹੋਇਆ ਸੀ। ਕਾਕੇ ਦੀ ਮਾਂ ਨੂੰ ਵਾਰ ਵਾਰ ਗਸ਼ ਪੈਂਦੀ ਸੀ। ਡਾਲੀ ਤੇ ਦੀਪ ਉਸ ਨੂੰ ਸਾਂਭ ਰਹੀਆਂ ਸਨ। ਬਿੰਦੇ ਝੱਟੇ ਪਾਣੀ ਪਿਆ ਰਹੀਆਂ ਸਨ। ਡਾਲੀ ਵੀ ਸੂਰਮੇਂ ਵੀਰ ਨੂੰ ਰੋਈ ਨਹੀਂ ਸੀ। ਉਸ ਦੀ ਨਜ਼ਰ ਵਿਚ ਕਾਕਾ ਵੀਰ ਮਹਾਨ ਸੀ, ਅਮਰ ਸੀ। ਜਿਸ ਨੇ ਦੁਸ਼ਮਣ ਅੱਗੇ ਹਥਿਆਰ ਨਹੀਂ ਸੁੱਟੇ ਸਨ। ਮਰਦੇ ਦਮ ਤੱਕ ਅਣਖ਼ ਦੀ ਜਿਉਣੀਂ ਜਿੳਂੁਇਆ ਸੀ।
ਪਾੜੀ ਝੀੜੀ ਲਾਸ਼ ਦਾ ਇਸ਼ਨਾਨ ਕਰਵਾਇਆ ਗਿਆ। ਖੇਤਾਂ ਵਿਚ ਲੱਕੜਾਂ ਸੁੱਟ ਕੇ ਸਸਕਾਰ ਕਰ ਦਿੱਤਾ। ਜਿਉਂ ਹੀ ਲਾਂਬੂ ਲਾਇਆ, ਬੁੜ੍ਹੀਆਂ ਦੀ ਕੁਰਲਾਹਟ ਹੋਰ ਉਚੀ ਉਠੀ ਸੀ।
ਕਾਕੇ ਦੀ ਬਿਰਧ ਮਾਂ ਰੋਂਦੀ ਧਾਹ ਨਹੀਂ ਧਰਦੀ ਸੀ।
ਬਾਪੂ ਦੀ ਕੰਗਰੋੜ ਟੁੱਟ ਗਈ ਸੀ।
-"ਬਾਹਲਾ ਰੋ ਨਾ ਜਸਮੇਲ ਕੁਰੇ..! ਦਿਲ ਰੱਖ..! ਦੀਪ ਆਪਣੀ ਦਾ ਪੈਰ ਭਾਰਾ ਐ..! ਤੇਰੇ ਰੋਣ ਨਾਲ ਹੌਕਾ ਨਾ ਖਿੱਚਜੇ..।" ਗੁਰਦੇਵ ਕੌਰ ਨੇ ਕਿਹਾ।
ਮਾਂ ਦਾ ਰੋਣ ਠੱਲ੍ਹ ਗਿਆ।
ਉਸ ਨੇ ਕਿਸੇ ਹਸਰਤ ਨਾਲ ਦੀਪ ਵੱਲ ਤੱਕਿਆ। ਮਾਂ ਨੂੰ ਮਹਿਸੂਸ ਹੋਇਆ ਕਿ ਮੇਰਾ ਕਾਕਾ ਮਰਿਆ ਨਹੀਂ, ਸਹੀ ਸਲਾਮਤ ਸੀ। ਉਸ ਨੇ ਆਪਣੇ ਬੁੱਢੇ ਹੱਡਾਂ ਨਾਲ ਦੀਪ ਨੂੰ ਘੁੱਟਿਆ। ਦੀਪ ਨੂੰ ਸੱਸ ਦੇ ਚੁੱਭਦੇ ਹੱਡ ਵੀ ਪਿਆਰੇ ਪਿਆਰੇ ਲੱਗੇ। ਉਸ ਨੇ ਸੋਚਿਆ ਕਿ ਇਸ ਦੇਵੀ ਵਰਗੀ ਮਾਂ ਨੇ ਕਾਕੇ ਸੂਰਮੇਂ ਨੂੰ ਜਨਮ ਦਿੱਤਾ। ਦੀਪ ਸੱਸ ਦੇ ਪੈਰ ਘੁੱਟਣ ਲੱਗ ਪਈ।
-"ਨਾ ਧੀਏ ਐਨਾ ਭਾਰ ਨਾ ਚੜ੍ਹਾ।" ਸੱਸ ਨੇ ਪੈਰ ਖਿੱਚ ਲਏ। ਉਸ ਨੇ ਆਪਣੀ ਕੁਲ ਦੀ ਜੜ੍ਹ ਹਰੀ ਰੱਖਣ ਵਾਲੀ ਦੀਪ ਦਾ ਮੂੰਹ ਚੁੰਮਿਆਂ।
ਤੀਜੇ ਦਿਨ ਫੁੱਲ ਚੁਗੇ ਗਏ।
ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾ ਦਿੱਤਾ ਗਿਆ। ਡਾਲੀ ਅਤੇ ਗਗਨਦੀਪ ਮਨੋਂ-ਤਨੋਂ ਸੇਵਾ ਵਿਚ ਜੁਟੀਆਂ ਹੋਈਆਂ ਸਨ। ਕਾਕੇ ਦੇ ਫੁੱਲ ਪੋਟਲੀ ਵਿਚ ਪਾ ਕੇ ਦਰਵਾਜੇ ਦੇ ਬਾਹਰ ਪਿੱਪਲ 'ਤੇ ਟੰਗੇ ਹੋਏ ਸਨ।
ਰਾਤ ਨੂੰ ਦੀਪ ਨੇ ਫੁੱਫੜ ਗੁਰਨਾਮ ਸਿੰਘ ਨੂੰ ਆਪਣੇ ਕੋਲ ਬੁਲਾਇਆ। ਗੁਰਨਾਮ ਸਿੰਘ ਝੱਟ ਹਾਜ਼ਰ ਹੋ ਗਿਆ।
-"ਕੀ ਗੱਲ ਐ ਦੀਪਿਆ...?" ਉਹ ਹੈਰਾਨ ਸੀ।
-"ਫੁੱਫੜ ਜੀ...! ਇਹਨਾਂ ਨਾਲ ਜਿਹੜੇ ਦੋ ਮੁੰਡੇ ਇੰਦਰਜੀਤ ਅਤੇ ਦਿਲਜੀਤ ਸੀ-ਉਹ ਨਹੀਂ ਕਿਤੇ ਦਿਸੇ-ਤੇ ਨਾ ਹੀ ਉਹਨਾਂ ਦੀਆਂ ਲਾਸ਼ਾਂ ਕਿਤੇ ਦਿਸੀਐਂ-ਉਹ ਕਿੱਧਰ ਗਏ?" ਦੀਪ ਨੇ ਇਕ ਗੁੱਝਾ ਭੇਦ ਭਰਿਆ ਰਹੱਸ ਉਜਾਗਰ ਕੀਤਾ।
-".........!" ਗੁਰਨਾਮ ਸਿੰਘ ਵੀ ਉਲਝ ਕੇ ਰਹਿ ਗਿਆ। ਇਹ ਗੱਲ ਤਾਂ ਉਸ ਦੇ ਦਿਮਾਗ ਵਿਚ ਆਈ ਹੀ ਨਹੀਂ ਸੀ।
-"ਦਾਲ 'ਚ ਕੁਛ ਕਾਲਾ ਜਰੂਰ ਐ-ਉਹ ਐਨੇ ਚਿਰ ਤੋਂ ਐਥੇ ਰਹਿੰਦੇ ਸੀ-ਜੱਥੇਬੰਦੀ, ਰੈਂਸੀ ਤੇ ਇੰਦਰਜੀਤ ਹੋਰਾਂ ਤੋਂ ਬਗੈਰ ਕਿਸੇ ਨੂੰ ਵੀ ਪਤਾ ਨਹੀਂ ਸੀ-ਉਹਨਾਂ ਦਾ ਐਥੇ ਰਹਿਣ ਦਾ ਭੇਦ ਪੁਲਸ ਕੋਲੇ ਕਿਸ ਨੇ ਖੋਲ੍ਹਿਆ?"
-"ਕਿਤੇ ਉਹ ਸਾਲੇ ਪੁਲਸ ਦੇ ਬੰਦੇ ਤਾਂ ਨਹੀਂ ਸੀ?" ਗੁਰਨਾਮ ਸਿੰਘ ਨੇ ਪਰਨਾ ਲਾਹ ਕੇ ਸਿਰ ਦੀਆਂ ਜਟੂਰੀਆਂ ਖੁਰਕੀਆਂ।
-"ਮੈਨੂੰ ਪੂਰੀ ਸ਼ੱਕ ਐ ਬਈ ਜਦੋਂ ਫ਼ੋਰਸ ਨੇ ਘੇਰਾ ਪਾਇਆ-ਉਹ ਦਾਅ ਮਾਰ ਕੇ ਨਿਕਲ ਗਏ ਹੋਣਗੇ ਤੇ ਪੁਲਸ ਨੇ ਫੜ ਕੇ ਕਿਸੇ ਸੁਰੱਖਿਅਤ ਜਗਾਹ 'ਤੇ ਪਹੁੰਚਾ ਦਿੱਤੇ ਹੋਣਗੇ।"
-"ਬਿਲਕੁਲ ਹੋ ਸਕਦੈ।"
-"ਇਸ ਦਾ ਮਤਲਬ ਬਾਕੀ ਦੇ ਖ਼ਾੜਕੂ ਵੀਰਾਂ ਨੂੰ ਖ਼ਬਰਦਾਰ ਕਰਨਾ ਜ਼ਰੂਰੀ ਐ।"
-"ਤੈਨੂੰ ਕਿਸੇ ਟਿਕਾਣੇਂ ਦਾ ਪਤੈ?"
ਕੁੜੀ ਉਲਝ ਕੇ ਰਹਿ ਗਈ। ਕਿਸੇ ਵੀ ਟਿਕਾਣੇਂ ਦੀ ਉਸ ਨੂੰ ਖ਼ਬਰ ਨਹੀਂ ਸੀ। ਉਹ ਰਾਤ ਨੂੰ ਗੁਰਪਾਲ ਹੋਰਾਂ ਦੇ ਟਿਕਾਣੇਂ 'ਤੇ ਜ਼ਰੂਰ ਗਈ ਸੀ। ਪਰ ਕਿਹੜਾ ਪਿੰਡ ਸੀ? ਕਿਹੜੀ ਥਾਂ ਸੀ? ਇਸ ਬਾਰੇ ਉਸ ਨੂੰ ਉਕਾ ਹੀ ਖ਼ਬਰ ਨਹੀਂ ਸੀ। ਨਾ ਹੀ ਇਸ ਬਾਰੇ ਜਾਨਣ ਦੀ ਉਸ ਨੇ ਕੋਸਿ਼ਸ਼ ਹੀ ਕੀਤੀ ਸੀ। ਉਸ ਨੂੰ ਕਾਕੇ ਦੀ ਹੋਣੀ ਬਾਰੇ ਕੀ ਪਤਾ ਸੀ?
-"ਸ਼ਾਇਦ ਰੈਂਸੀ ਇਕ ਅੱਧੇ ਦਿਨ ਤੱਕ ਗੇੜਾ ਮਾਰੇ-ਉਹਨੂੰ ਸਾਰੀ ਖ਼ਬਰ ਦੇ ਕੇ ਤੋਰ ਦਿਆਂਗੇ।"
ਫ਼ੈਸਲਾ ਹੋ ਗਿਆ।
-"ਦੀਪ..! ਕਹਿੰਦੇ ਨੂੰ ਤਾਂ ਮੈਨੂੰ ਸੰਗ ਜਿਹੀ ਆਉਂਦੀ ਐ-ਪਰ ਇੱਕ ਗੱਲ ਆਖਾਂ..?" ਗੁਰਨਾਮ ਸਿੰਘ ਨੇ ਮੁੜ ਪਰਨਾ ਸਿਰ 'ਤੇ ਰੱਖ ਲਿਆ।
-"ਕਹੋ ਫੁੱਫੜ ਜੀ..?"
-"ਮੈਂ ਤਾਂ ਪਰਸੋਂ ਭੋਗ ਵਾਲੇ ਦਿਨ ਅੰਮ੍ਰਿਤ ਛਕ ਲੈਣੈਂ।"
-"ਇਹਦੇ ਵਿਚ ਸੰਗਣ ਆਲੀ ਕਿਹੜੀ ਗੱਲ ਐ?" ਕੁੜੀ ਹੈਰਾਨ ਸੀ।
-"ਗੁਰੂ ਦੇ ਲੜ ਲੱਗਣਾ-ਆਪਣਾ ਜੀਵਨ ਸਫ਼ਲ ਕਰਨਾ ਹੈ-ਸੰਗਣ ਦੀ ਇਹਦੇ 'ਚ ਕਾਹਦੀ ਜ਼ਰੂਰਤ ਐ?" ਡਾਲੀ ਬੋਲੀ।
-"ਲੋਕ ਕੀ ਆਖਣਗੇ..? ਬਈ ਕੱਲ੍ਹ ਦਾ ਸ਼ਰਾਬੀ ਕਵਾਬੀ ਅੱਜ ਖਾਲਸਾ ਬਣ ਤੁਰਿਆ? ਉਹ ਤਾਂ ਸਗੋਂ ਇਉਂ ਆਖਣਗੇ ਬਈ ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।"
-"ਸਵੇਰ ਦਾ ਭੁੱਲਿਆ ਅਗਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਆਖਦੇ! ਬਾਕੀ ਰਹੀ ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਦੀ ਗੱਲ-ਜੇ ਰੱਬ ਨੇ ਬਿੱਲੀ ਨੂੰ ਸੁਮੱਤ ਬਖਸ਼ੀ ਤਾਂ ਹੀ ਹੱਜ ਨੂੰ ਚੱਲੀ-ਲੋਕਾਂ ਦਾ ਕੀ ਐ? ਉਹਨਾਂ ਨੇ ਤਾਂ ਕੁਛ ਨਾ ਕੁਛ ਆਖੀ ਜਾਣੈਂ! ਨਿੰਦਿਆ ਚੁਗਲੀ ਕਰਨੀ ਤਾਂ ਲੋਕਾਂ ਦਾ ਇੱਕ ਆਹਰ ਐ-ਇੱਕ ਵਿਸ਼ਾ ਐ-ਟਾਈਮ ਪਾਸ ਕਰਨ ਦਾ ਇੱਕ ਢੰਗ ਐ-ਤੁਹਾਡਾ ਉਹ ਕੁਛ ਨਹੀਂ ਵਿਗਾੜ ਸਕਦੇ-ਉਹਨਾਂ ਨੂੰ ਨਿੰਦਿਆ ਕਰੀ ਜਾਣ ਦਿਓ-ਤੁਸੀਂ ਆਪਣਾ ਅੱਗਾ ਸੁਆਰੋ! ਨਿੰਦਿਆ ਕਰਨ ਵਾਲੇ ਆਪਦਾ ਕੀਤਾ ਪਾਉਣਗੇ-ਗੁਰਬਾਣੀ ਵੀ ਕਹਿੰਦੀ ਐ: ਅਸੰਖ ਨਿੰਦਕ ਸਿਰਿ ਕਰਹਿ ਭਾਰੁ।।"
-"ਇਹ ਵੀ ਠੀਕ ਐ।" ਗੁਰਨਾਮ ਸਿੰਘ ਸੰਤੁਸ਼ਟ ਹੋ ਗਿਆ।
-"ਅੰਮ੍ਰਿਤ ਤਾਂ ਮੈਂ ਵੀ ਛਕ ਲੈਣੈਂ।" ਗੁਰਦੇਵ ਕੌਰ ਨੇ ਪਿੱਛਿਓਂ ਕਿਹਾ।
-"ਮੈਂ ਤਾਂ ਤੇਰੇ ਫੁੱਫੜ ਦੀ ਦਾਰੂ ਕਰਕੇ ਨਹੀਂ ਛਕਿਆ-ਨਹੀਂ ਦਿਲ ਤਾਂ ਕਦੋਂ ਦਾ ਕਰਦਾ ਸੀ ਗੁਰੂ ਵਾਲੇ ਬਣਨ ਨੂੰ।"
-"ਜੇ ਤੁਸੀਂ ਅੰਮ੍ਰਿਤਪਾਨ ਕਰੋਗੇ ਤਾਂ ਪਿੱਛੇ ਮੈਂ ਵੀ ਨਹੀਂ ਹਟਾਂਗੀ।" ਡਾਲੀ ਨੇ ਕਿਹਾ।
-"ਤੂੰ ਦੀਪ...?"
-"ਮੈਂ ਕਿਉਂ ਪਿੱਛੇ ਰਹੂੰ?"
-"ਬੋਲੇ ਸੋ ਨਿਹਾਲ....!" ਡਾਲੀ ਨੇ ਜੈਕਾਰਾ ਛੱਡਿਆ।
-"ਸਤਿ ਸ੍ਰੀ ਅਕਾਲ....!!" ਸਾਰਿਆਂ ਨੇ ਉਤਰ ਮੋੜਿਆ।
ਸਾਰੇ ਰਿਸ਼ਤੇਦਾਰ ਅਚੰਭੇ ਜਿਹੇ ਨਾਲ ਇਧਰ ਝਾਕੇ। ਬਈ ਇਹਨਾਂ ਨੂੰ ਕੀ ਹੋ ਗਿਆ? ਪਰ ਕਿਸੇ ਨੂੰ ਵੀ ਸਮਝ ਨਹੀਂ ਪਈ ਸੀ।
ਕੰਡਕਟਰਾਂ ਵਾਲਾ ਝੋਲਾ ਲਈ ਰਾਤ ਨੂੰ ਰੈਂਸੀ ਆ ਗਿਆ। ਅਖ਼ਬਾਰਾਂ ਤੋਂ ਉਸ ਨੂੰ ਸਾਰਾ ਕੁਛ ਹੀ ਪਤਾ ਲੱਗ ਗਿਆ ਸੀ। ਦੋ ਦਿਨ ਉਹ ਕਿਸੇ ਨਾ ਟਾਲੇ ਜਾ ਸਕਣ ਵਾਲੇ ਕੰਮ ਵਿਚ ਰੁੱਝਿਆ ਰਿਹਾ ਸੀ। ਜਿਸ ਕਰਕੇ ਆ ਨਾ ਸਕਿਆ।
ਆਉਣਸਾਰ ਰੈਂਸੀ ਦੀਪ ਦੇ ਗਲ ਲੱਗ ਰੋ ਪਿਆ।
-"ਰੈਂਸੀ..! ਤੂੰ ਰੋਨੈਂ...? ਐਡਾ ਵੱਡਾ ਗੁਰੀਲਾ ਹੋ ਕੇ..?"
-"ਮੈਂ ਸ਼ਹੀਦ ਕਾਕੇ ਨੂੰ ਨਹੀਂ-ਕਾਕੇ ਬਾਈ ਨੂੰ ਰੋਨੈਂ ਭਾਬੀ...!" ਉਸ ਦੇ ਨੇਤਰ ਭਰ ਆਏ।
-"ਹਰ ਸ਼ਹੀਦ ਕਿਸੇ ਨਾ ਕਿਸੇ ਦਾ ਕੁਛ ਲੱਗਦਾ ਹੁੰਦੈ ਰੈਂਸੀ! ਕਿਸੇ ਦਾ ਭਰਾ-ਕਿਸੇ ਦਾ ਪੁੱਤ-ਕਿਸੇ ਦਾ ਭਤੀਜਾ ਅਤੇ ਕਿਸੇ ਦਾ....!" ਕੁੜੀ ਆਪਣੇ 'ਤੇ ਆ ਕੇ ਗੱਲ ਬੋਚ ਗਈ।
-"ਭਾਬੀ..! ਹੁਣ ਮੈਂ ਕੌਡੀਆਂ ਵਾਲੇ ਬੁੱਚੜ ਨੂੰ ਕਿਸੇ ਹਾਲਤ ਵਿਚ ਵੀ ਨਹੀਂ ਬਖਸ਼ਣਾ!" ਉਸ ਦਾ ਹੁਣ ਤੱਕ ਹਮੇਸ਼ਾ ਦਾਅ ਖੁੰਝਦਾ ਰਿਹਾ ਸੀ।
-"ਫ਼ਾਇਦਾ ਕੀ ਹੋਊ..? ਇੱਕ ਕੌਡੀਆਂ ਆਲਾ ਮਰੂ-ਕੋਈ ਹੋਰ ਆ ਜਾਊ।" ਡਾਲੀ ਬੋਲੀ।
-"ਆਉਣ ਜਾਂ ਨਾ ਆਉਣ ਨਾਲ ਕੋਈ ਫ਼ਰਕ ਪਵੇ ਜਾਂ ਨਾ ਪਵੇ-ਕੌਡੀਆਂ ਆਲੇ ਦੇ ਹੱਥ ਸਿਰਲੱਥ ਯੋਧਿਆਂ ਦੇ ਖੂਨ ਨਾਲ ਰੰਗੇ ਹੋਏ ਐ-ਮੈਂ ਤਾਂ ਬੱਸ ਇਹ ਹੀ ਹਿਸਾਬ ਕਿਤਾਬ ਪੂਰਾ ਕਰਨੈਂ-ਹੋਰ ਮੇਰੀ ਜਿ਼ੰਦਗੀ ਦਾ ਨਿਸ਼ਾਨਾ ਰਹਿ ਹੀ ਨਹੀਂ ਗਿਆ।"
-"ਚੱਲ ਤੂੰ ਰੋਟੀ ਖਾ-ਚਾਹ ਪੀ ਤੇ ਗੁਰੂ ਗਰੰਥ ਸਾਹਿਬ ਅੱਗੇ ਮੱਥਾ ਟੇਕ।"
ਗਗਨਦੀਪ ਉਸ ਨੂੰ ਬਾਹੋਂ ਫੜ ਕੇ ਅੰਦਰ ਲੈ ਗਈ। ਉਹ ਸਾਊ ਬੱਚੇ ਵਾਂਗ ਨਾਲ ਤੁਰ ਪਿਆ ਸੀ।
ਰੈਂਸੀ ਨੇ ਰੋਟੀ ਖਾ ਲਈ ਸੀ।
ਚਾਹ ਪੀ ਲਈ ਸੀ।
ਜਦ ਉਹ ਮੱਥਾ ਟੇਕ ਕੇ ਮੁੜਿਆ ਤਾਂ ਦੀਪ ਨੇ ਉਸ ਨੂੰ ਇੰਦਰਜੀਤ ਹੋਰਾਂ 'ਤੇ ਸ਼ੱਕ ਵਾਲੀ ਗੱਲ ਦੱਸੀ।
ਰੈਂਸੀ ਪੈਰ ਤੋਂ ਹੀ ਬਾਹਰ ਨੂੰ ਛਾਲ਼ੀਂ ਹੋ ਗਿਆ।
ਡਾਲੀ ਨੇ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਦੀਪ ਨੇ ਉਸ ਦਾ ਮੋਢਾ ਫੜ ਕੇ ਰੋਕ ਲਿਆ।
-"ਉਹਨੂੰ ਜਾਣ ਦੇ ਡਾਲੀ-ਇਹਦਾ ਜਾਣਾ ਜ਼ਰੂਰੀ ਐ-ਬਾਕੀ ਖ਼ਾੜਕੂਆਂ ਨੂੰ ਖ਼ਬਰ ਕਰਨੀ ਲਾਜ਼ਮੀ ਹੈ-ਨਹੀਂ ਤਾਂ ਸਾਰੇ ਇਹਨਾਂ ਵਾਂਗ ਈ ਧੋਖੇ ਦਾ ਸਿ਼ਕਾਰ ਹੋ ਸਕਦੇ ਐ-ਜੇ ਮੈਂ ਇਹ ਗੱਲ ਉਹਨੂੰ ਰੋਟੀ ਖਾਣ ਤੋਂ ਪਹਿਲਾਂ ਦੱਸ ਦਿੰਦੀ ਤਾਂ ਉਹਨੇ ਰੋਟੀ ਵੀ ਨਹੀਂ ਖਾਣੀਂ ਸੀ-ਇਸ ਲਈ ਮੈਂ ਸਾਰੀ ਗੱਲ ਰੋਟੀ ਖਾਣ ਤੋਂ ਬਾਅਦ ਦੱਸੀ ਐ-ਅੱਜ ਉਸ ਨੇ ਰੱਜ ਕੇ ਰੋਟੀ ਖਾ ਲਈ-ਹੁਣ ਪੂਰੇ ਦੋ ਦਿਨ ਨਹੀਂ ਡੋਲਦਾ।"
-"ਕਲਗੀਧਰ ਪਿਤਾ ਨੇ ਵੀ ਸਿੰਘਾਂ ਨੂੰ ਕੀ ਪਿਉਂਦ ਚਾਹੜੀ ਹੈ-ਭੁੱਖੇ ਤਿਹਾਏ ਰਹਿ ਕੇ ਵੀ ਚੜ੍ਹਦੀਆਂ ਕਲਾਂਵਾਂ ਵਿਚ ਵਿਚਰਦੇ ਐ।" ਡਾਲੀ ਨੇ ਸਤਿਕਾਰ ਵਿਚ ਸਿਰ 'ਤੇ ਚੁੰਨੀ ਲੈ ਕੇ ਦਸਵੇਂ ਪਾਤਿਸ਼ਾਹ ਦੀ ਫ਼ੋਟੋ ਅੱਗੇ ਸਿਰ ਝੁਕਾਇਆ।
-"ਡਾਲੀ..! ਆਪਾਂ ਸਕੂਲਾਂ ਕਾਲਜਾਂ ਵਿਚ ਪੁਰਾਤਨ ਸਿੰਘਾਂ ਦਾ ਇਤਿਹਾਸ ਪੜ੍ਹਦੇ ਹੁੰਦੇ ਸੀ-ਅਜੋਕਾ ਸੰਘਰਸ਼ ਜੇ ਪੁਰਾਤਨ ਜੱਦੋਜਹਿਦਾਂ ਦਾ ਦੁਹਰਾਓ ਨਹੀਂ ਤਾਂ ਹੋਰ ਕੀ ਐ?"
-"ਮੇਰੀ ਨਜ਼ਰ ਵਿਚ ਸਿੱਧਾ ਹਥਿਆਰਬੰਦ ਸੰਘਰਸ਼ ਵੀ ਕਾਮਯਾਬੀ ਦੀ ਮੰਜਿ਼ਲ ਹਾਸਲ ਨਹੀਂ ਕਰ ਸਕਦਾ ਦੀਪ!"
-"ਇਹ ਤੇਰਾ ਵਹਿਮ ਹੈ ਡਾਲੀ! ਪੂਰੇ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲੈ- ਠੀਕ ਹੈ ਤੂੰ ਮੇਰੇ ਨਾਲੋਂ ਵੱਧ ਪੜ੍ਹੀ ਲਿਖੀ ਐਂ-ਪੰਜਵੇਂ ਪਾਤਸ਼ਾਹ-ਸ਼ਹੀਦਾਂ ਦੇ ਸਿਰਤਾਜ਼-ਬਾਣੀ ਦੇ ਬੋਹਿਥ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚੀਏਤਾ ਨੇ ਤੱਤੀ ਤਵੀ 'ਤੇ ਬੈਠਿਆਂ ਕਿਹਾ ਸੀ: ਤੇਰਾ ਕੀਆ ਮੀਠਾ ਲਾਗੈ।। ਹਰ ਨਾਮੁ ਪਦਾਰਥ ਨਾਨਕ ਮਾਂਗੈ।। ਗੁਰੂ ਅਰਜਨ ਦੇਵ ਜੀ ਨੇ ਲਾਸਾਨੀ ਸ਼ਹੀਦੀ ਦਿੱਤੀ ਤਾਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ, ਹਥਿਆਰਬੰਦ ਹੋ ਕੇ ਬਦਲਾ ਲਿਆ-ਨੌਂਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਾਂਤਮਈ ਸ਼ਹੀਦੀ ਦਿੱਤੀ ਤਾਂ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰ ਚੁੱਕ ਕੇ ਮੁਗਲਾਂ ਨੂੰ ਪੁਦੀੜਾਂ ਪੁਆਈਆਂ-ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੇ ਸਰਹਿੰਦ ਦੀ ਦੀਵਾਰ ਵਿਚ ਖੜ੍ਹ ਕੇ ਸ਼ਾਂਤਮਈ ਸ਼ਹੀਦੀਆਂ ਪਾਈਆਂ ਤਾਂ ਇਸ ਦਾ ਬਦਲਾ ਖ਼ਾਲਸਾ ਪੰਥ ਦੇ ਪਹਿਲੇ ਸੂਰਮੇਂ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ-ਹਰ ਸ਼ਾਂਤਮਈ ਦਿੱਤੀ ਸ਼ਹੀਦੀ ਬਾਅਦ ਕਰਾਂਤੀਕਾਰੀ ਲਹਿਰ ਦਾ ਉਠਣਾ ਇੱਕ ਕੁਦਰਤੀ ਨਿਯਮ ਹੈ।"
ਡਾਲੀ, ਦੀਪ ਦੇ ਗਿਆਨ-ਸਾਗਰ ਤੋਂ ਦੰਗ ਰਹਿ ਗਈ ਸੀ। ਉਸ ਦੀ ਨਜ਼ਰ ਵਿਚ ਦੀਪ ਪੜ੍ਹੀ ਲਿਖੀ ਘੱਟ ਅਤੇ ਸਾਗ-ਘੋਟੂ ਵੱਧ ਸੀ। ਡਾਲੀ ਅਵਾਕ ਰਹਿ ਗਈ ਸੀ।
-"ਆ ਆਪਾਂ ਗੁਰਬਾਣੀ ਸਰਵਣ ਕਰੀਏ।"
ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਜਾ ਬੈਠੀਆਂ। ਗੁਰਬਾਣੀ ਦਾ ਪ੍ਰਵਾਹ ਕੰਨਾਂ ਵਿਚ ਅੰਮ੍ਰਿਤ ਬਣ ਘੁਲ ਰਿਹਾ ਸੀ। ਰੱਬੀ ਨੂਰ ਚਿਹਰੇ ਵਾਲੇ ਬਾਬੇ ਗ੍ਰੰਥੀ ਦੇ ਮੂੰਹੋਂ ਧੁਰ ਕੀ ਬਾਣੀ ਝਰ ਰਹੀ ਸੀ:

-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ।।

ਉਹ ਗੁਰਬਾਣੀ ਦੀਆਂ ਕੀਲੀਆਂ ਮੰਤਰ-ਮੁਗਧ ਹੋਈਆਂ ਬੈਠੀਆਂ ਸਨ। ਗੁਰਦੇਵ ਕੌਰ ਨੇ ਉਹਨਾਂ ਨੂੰ ਆ ਹਲੂਣਿਆਂ।
-"ਰੌਲ ਦਾ ਟੈਮ ਹੋਣ ਆਲੈ-ਚਾਹ ਧਰੋ!"
ਦੋਨੋਂ ਮੱਥਾ ਟੇਕ ਕੇ ਬਾਹਰ ਆ ਗਈਆਂ।
ਨਿਰ-ਵਿਘਨ ਸੇਵਾ ਚਲਦੀ ਰਹੀ।
ਤੀਜੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਕੱਠ ਕੋਈ ਬਹੁਤਾ ਨਹੀਂ ਹੋਇਆ ਸੀ। ਇਕ ਮੁਕਾਬਲੇ ਵਿਚ ਮਾਰੇ ਗਏ ਖ਼ਾੜਕੂ ਦੇ ਭੋਗ 'ਤੇ ਤਾਂ ਕਿਸੇ ਦਿਲ-ਜਿ਼ਗਰੇ ਵਾਲੇ ਬੰਦੇ ਨੇ ਹੀ ਆਉਣਾ ਸੀ!
ਬਚਨ ਅਨੁਸਾਰ ਅੰਮ੍ਰਿਤਪਾਨ ਕਰਨ ਵਾਲੇ, ਅੰਮ੍ਰਿਤਪਾਨ ਕਰਨ ਲਈ ਕੇਸੀ ਇਸ਼ਨਾਨ ਕਰਕੇ ਤਿਆਰ-ਬਰ-ਤਿਆਰ ਸਨ। ਕਕਾਰ ਉਹਨਾਂ ਨੂੰ ਪਹਿਨਾ ਦਿੱਤੇ ਗਏ। ਪੰਜਾਂ ਪਿਆਰਿਆਂ ਨੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਾਰਿਆਂ ਨੂੰ ਗੁਰੂ ਵਾਲੇ ਬਣਾ ਦਿੱਤਾ। ਹੁਣ ਉਹ ਚੜ੍ਹਦੀਆਂ ਕਲਾਂ ਵਾਲੇ ਸਿੰਘ ਅਤੇ ਸਿੰਘਣੀਆਂ ਸਨ। ਪੰਜਾਂ ਪਿਆਰਿਆਂ ਵਿਚੋਂ ਇਕ ਸਿੰਘ ਨੇ ਉਹਨਾਂ ਨੂੰ ਮਰਿਆਦਾ ਤੋਂ ਜਾਣੂੰ ਕਰਵਾਇਆ।
-"ਭਾਈ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਗੁਰੂ ਵਾਲੇ ਬਣੇਂ ਹੋ-ਅੱਜ ਤੋਂ ਤੁਹਾਡੇ ਮਾਤਾ, ਮਾਤਾ ਸਾਹਿਬ ਕੌਰ ਜੀ ਅਤੇ ਪਿਤਾ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ-ਨੇਕ ਕਿਰਤ ਕਰਨੀ-ਵੰਡ ਕੇ ਛਕਣਾ ਅਤੇ ਦਸਵੰਧ ਕੱਢਣਾ ਗੁਰੂ ਜੀ ਦਾ ਹੁਕਮ ਐਂ-ਅੰਮ੍ਰਿਤ ਵੇਲੇ ਉਠ ਕੇ ਭਾਈ ਨਿੱਤਨੇਮ ਕਰਨੈਂ-ਨਿੱਤਨੇਮ ਕਰਦਿਆਂ ਦਸਾਂ ਗੁਰੂਆਂ ਨੂੰ ਹਾਜਰ ਨਾਜਰ ਸਮਝਣੈਂ-ਗੁਰੂ ਗਰੰਥ ਸਾਹਿਬ ਜੀ ਤੋਂ ਬਗੈਰ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਅਤੇ ਆਂਡਾ, ਮੀਟ, ਸ਼ਰਾਬ, ਪਰ-ਮਰਦ, ਪਰ-ਨਾਰੀ, ਅਤੇ ਤੰਬਾਕੂ ਨੂੰ ਹੱਥ ਨਹੀਂ ਲਾਉਣਾ-ਅੱਜ ਤੋਂ ਤੁਹਾਡਾ ਆਪਾ ਗੁਰੂ ਨੂੰ ਸਮਰਪਤ ਹੈ-ਮੜ੍ਹੀ ਮਸਾਣੀਂ ਨਹੀਂ ਪੂਜਣੀ-ਜੰਡ 'ਤੇ ਸੰਧੂਰ ਨਹੀਂ ਭੁੱਕਣਾ-ਮੂਰਤੀ ਪੂਜਾ ਨਹੀਂ ਕਰਨੀ-ਨੂੰਹ ਧੀ ਮਾਰਨ ਵਾਲਿਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ-ਵਰਤ ਨਹੀਂ ਰੱਖਣੇਂ-ਕੋਈ ਹੋਰ ਪਾਖੰਡ ਨਹੀਂ ਕਰਨਾ-ਭਗਤ ਕਬੀਰ ਜੀ ਪਵਿੱਤਰ ਬਾਣੀ ਵਿਚ ਫੁਰਮਾਉਂਦੇ ਹਨ: ਛੋਡਹਿ ਅੰਨੁ ਕਰਹਿ ਪਾਖੰਡ।। ਨਾ ਸੁਹਾਗਨਿ ਨਾ ਓਹਿ ਰੰਡ।। ਇਸ ਲਈ ਭਾਈ! ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹਿ।। ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ ਲੇ।। ਪੰਜ ਕਕਾਰਾਂ ਦਾ ਪੂਰਨ ਸਤਿਕਾਰ ਕਰਨੈਂ-ਕੇਸਾਂ ਦੀ ਬੇਅਦਬੀ ਨਹੀਂ ਕਰਨੀ-ਕੇਸਾਂ ਦਾ ਪੰਜ ਕਕਾਰਾਂ ਵਿਚ ਪ੍ਰਥਮ ਸਥਾਨ ਹੈ ਭਾਈ! ਗੁਰਮਤਿ ਰਹਿਣੀ ਵਿਚ ਵਿਚਰਨੈਂ-ਗੁਰੂ ਜੀ ਨੇ ਫ਼ੁਰਮਾਨ ਕੀਤੈ: ਰਹਿਣੀ ਰਹੈ ਸੋਈ ਸਿੱਖ ਮੇਰਾ।। ਉਹ ਸਾਹਿਬ ਮੈਂ ਉਸ ਕਾ ਚੇਰਾ।। ਸੋ ਭਾਈ ਤੁਸੀਂ ਭਾਗਾਂ ਵਾਲੇ ਹੋ-ਇਸ ਲਈ ਮੈਂ ਇੱਕ ਵਾਰ ਫਿਰ ਤੁਹਾਨੂੰ ਵਧਾਈ ਦਿੰਦਾ ਹਾਂ-ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।"
ਦੇਗ ਵਰਤ ਗਈ।
ਲੰਗਰ ਛਕਣ ਉਪਰੰਤ ਗੁਰਦੇਵ ਕੌਰ, ਗੁਰਨਾਮ ਸਿੰਘ, ਕਾਕੇ ਦੀ ਮਾਂ ਜਸਮੇਲ ਕੌਰ, ਬਾਪੂ ਅਮਰ ਸਿੰਘ, ਡਾਲੀ ਅਤੇ ਗਗਨਦੀਪ ਕਾਕੇ ਦੇ ਫੁੱਲ ਤਾਰਨ ਲਈ ਕੀਰਤਪੁਰ ਸਾਹਿਬ ਨੂੰ ਤੁਰ ਪਏ। ਘਰਾਟਾਂ ਵਾਲੇ ਪੁਲ ਤੋਂ ਉਹਨਾਂ ਨੇ ਲੁਧਿਆਣੇਂ ਵਾਲੀ ਬੱਸ ਫੜ ਲਈ। ਲੁਧਿਆਣੇਂ ਤੋਂ ਉਹਨਾਂ ਨੇ ਰੋਪੜ ਰਾਹੀਂ ਕੀਰਤਪੁਰ ਸਾਹਿਬ ਪੁੱਜਣਾ ਸੀ।
ਕੀਰਤਪੁਰ ਸਾਹਿਬ ਜਾ ਕੇ ਉਹਨਾਂ ਨੇ ਫੁੱਲ ਤਾਰ ਦਿੱਤੇ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪਹੁੰਚ, ਦੇਗ ਲੈ ਅਰਦਾਸ ਕਰਵਾ ਦਿੱਤੀ। ਅੱਜ ਦੀ ਰਾਤ ਉਹਨਾਂ ਨੇ ਕੀਰਤਪੁਰ ਸਾਹਿਬ ਹੀ ਰਹਿਣਾ ਸੀ। ਗੁਰੂ ਕੇ ਲੰਗਰ 'ਚੋਂ ਲੰਗਰ ਛਕ ਉਹਨਾਂ ਫਿਰ ਗੁਰੂ ਘਰ ਹਾਜ਼ਰੀ ਲੁਆਈ ਅਤੇ ਗੁਰੂ ਕੇ ਨਿਵਾਸ ਆ ਗਏ। ਵਰਾਂਡੇ ਵਿਚ ਬੇਸ਼ੁਮਾਰ ਦੁਨੀਆਂ ਕੰਬਲ ਲੈ ਕੇ ਪਈ ਹੋਈ ਸੀ। ਉਹਨਾਂ ਨੇ ਵੀ ਇੱਕ ਖੂੰਜੇ ਵਾਲੀ ਥਾਂ ਦੇਖ ਕੇ ਕੰਬਲ ਵਿਛਾਅ ਲਏ ਅਤੇ ਪੈ ਗਏ। ਬਾਹਰੋਂ ਗੁਰਬਾਣੀ ਸੁਣਾਈ ਦੇ ਰਹੀ ਸੀ।
ਕਾਕੇ ਦਾ ਬਾਪ ਅਮਰ ਸਿੰਘ ਚੁੱਪ ਚਾਪ ਲੇਟਿਆ ਹੋਇਆ ਸੀ। ਫੁੱਲ ਤਾਰਨ ਆਈ ਦੁਨੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ। ਕੋਈ ਭਰਾ ਦੇ ਫੁੱਲ ਤਾਰਨ ਆਇਆ ਹੋਇਆ ਸੀ, ਕੋਈ ਬਾਪੂ ਦੇ ਫੁੱਲ। ਕੋਈ ਮਾਂ ਦੇ ਫੁੱਲ ਤਾਰਨ ਆਇਆ ਸੀ ਅਤੇ ਕੋਈ ਮਾਂ ਪੁੱਤ ਦੇ ਫੁੱਲ ਤਾਰਨ ਆਈ ਹੋਈ ਸੀ। ਅਜ਼ੀਬ ਹੀ ਚੁਰਾਸੀ ਦਾ ਗੇੜ ਸੀ। ਲੈਣ ਦੇਣ ਦੇ ਸਬੰਧ ਸਨ। ਗੁਰੂ ਦਾ ਭਾਣਾ ਸੀ। ਗੁਰੂ ਦੇ ਚੋਜ ਸਨ। ਕੁਦਰਤ ਦਾ ਪਹੀਆ ਸੀ, ਜਿਸ ਨੇ ਨਿਰੰਤਰ ਗਿੜਦੇ ਜਾਣਾ ਸੀ।
ਮਾਨੁੱਖ ਤਾਂ ਗੁਰੂ ਦੀ ਇੱਕ ਕੱਠਪੁਤਲੀ ਹੈ ਅਤੇ ਇਸ ਕੱਠਪੁਤਲੀ ਦੀ ਡੋਰ ਸਿਰਫ਼ ਗੁਰੂ ਦੇ ਹੱਥ ਹੈ। ਜੋ ਗੁਰੂ ਨੂੰ ਭਾਉਂਦਾ ਹੈ, ਉਹ ਹਰ ਹਾਲਤ ਵਿਚ ਹੋ ਕੇ ਰਹਿਣਾ ਹੈ। ਜੋ ਆਇਆ ਸੋ ਚਲਸੀ ਸਭੁ ਕੋ ਆਈ ਵਾਰੀਐ।। ਦੇ ਕਥਨ ਅਨੁਸਾਰ ਚੱਲਣਾ ਹੀ ਪੈਣਾ ਹੈ। ਇਸ ਨਾਸ਼ਵਾਨ ਸਰੀਰ 'ਤੇ ਕਾਹਦਾ ਮਾਣ? ਮਹਿਲ ਮਾੜੀਆਂ ਦੇ ਕਾਹਦੇ ਦਾਅਵੇ? ਗੁਰਬਾਣੀ ਦੇ ਕਥਨ ਅਨੁਸਾਰ: ਧਨ ਭੂਮਿ ਕਾ ਜੋ ਕਰੇ ਗੁਮਾਨੁ ਸੋ ਮੂਰਖੁ ਅੰਧਾ ਅਗਿਆਨੁ।। ਜਾਂਦੀ ਵਾਰੀ ਇਕ ਕੱਫ਼ਣ ਨਸੀਬ ਹੋਣਾ ਹੈ ਜਾਂ ਨਹੀਂ!
-"ਕੀਹਦੇ ਫੁੱਲ ਤਾਰਨ ਆਇਐਂ ਗੁਰਮੁਖਾ..?" ਇਕ ਬਿਰਧ ਬਾਬੇ ਨੇ ਅਮਰ ਸਿੰਘ ਨੂੰ ਦਿਲੋਂ ਦੁਖੀ, ਖ਼ਾਮੋਸ਼ ਪਏ ਨੂੰ ਪੁੱਛਿਆ। ਬਾਬੇ ਦੀਆਂ ਅੱਖਾਂ ਅੰਦਰ ਧਸ ਗਈਆਂ ਸਨ। ਪਰ ਫਿਰ ਵੀ ਬੋਡੇ ਸਰੀਰ ਵਿਚ ਫੁਰਤੀ ਜਾਪਦੀ ਸੀ।
-"ਆਪਣੇ ਪੁੱਤ ਦੇ..! 'ਕੱਲਾ 'ਕੱਲਾ ਈ ਸੀ...।" ਅਮਰ ਸਿੰਘ ਦੀ ਅਵਾਜ਼ ਵਿਚ ਸਾਗਰ ਥਰਕਿਆ। ਗਲ਼ ਬੋਝਲ ਹੋ ਗਿਆ ਅਤੇ ਬੋਲ ਘਗਿਆ ਗਿਆ।
-"ਬੜੀ ਮਾੜੀ ਹੋਈ!" ਬਿਰਧ ਨੇ ਆਖਿਆ।
-"ਕੀ ਕਰੀਏ, ਬਾਬਾ? ਬਥੇਰ੍ਹਾ ਚੰਦਰੀ ਦੁਨੀਆਂ ਤੋਂ ਲਕੋ ਲਕੋ ਕੇ ਪਾਲਿਆ-ਪਰ ਹੋਣੀਂ ਨੇ ਪੱਟੀ ਨਹੀਂ ਬੱਝਣ ਦਿੱਤੀ-ਸੌ ਜੰਗਲ ਪਾੜ ਕੇ ਆ ਵੱਜੀ....!"
-"ਹੌਸਲਾ ਰੱਖ ਭੈੜ੍ਹਿਆ! ਕਿਉਂ ਦਿਲ ਹੌਲਾ ਕੀਤੈ? ਮਰਦ ਨਹੀਂ ਰੋਂਦੇ ਹੁੰਦੇ! ਮੇਰੇ ਵੱਲੀਂ ਦੇਖ ਲੈ-ਮੈਂ ਪੰਜਵੇਂ ਤੇ ਆਖਰੀ ਪੁੱਤ ਦੇ ਫੁੱਲ ਤਾਰਨ ਆਇਐਂ-ਘਰ ਵਾਲੀ ਵੀ ਮਰਨ ਦਾ ਬਹਾਨਾ ਜਿਹਾ ਈ ਭਾਲਦੀ ਐ-ਪਤਾ ਨਹੀਂ ਜਾਂਦੇ ਨੂੰ ਫਿਰ ਮੁੜਨਾ ਪਊ-ਜਿੱਥੇ ਆਪਣਾ ਕੋਈ ਜੋਰ ਨਹੀਂ ਚੱਲਣਾ-ਉਥੇ ਰੋਣ ਚੀਕਣ ਦਾ ਕੀ ਫਾਇਦਾ? ਜਿਸ ਕੀ ਵਸਤੁ ਤਿਸੁ ਆਗੇ ਰਾਖੈ।। ਨਾਨਕੁ ਤਿਨੁ ਕੈ ਮਾਨੇ ਮਾਥੈ।। ਜੀਹਦੀ ਚੀਜ ਐ-ਉਹ ਲੈ ਜਾਂਦੈ-ਅਸੀਂ ਆਬਦਾ ਕਬਜਾ ਜਮਾ ਕੇ ਬੈਠ ਜਾਨੇ ਐਂ।"
ਅਮਰ ਸਿੰਘ ਨੇ ਬਾਬੇ ਨੂੰ ਗਹੁ ਨਾਲ ਤੱਕਿਆ।
ਬਾਬੇ ਦੇ ਚਿਹਰੇ 'ਤੇ ਪੰਜ ਪੁੱਤਰਾਂ ਦੇ ਵਿਛੋੜੇ ਦਾ ਕੋਈ ਦਾਗ਼ ਨਹੀਂ ਸੀ। ਉਹ ਰੱਬ ਦੀ ਰਜ਼ਾ ਵਿਚ ਰਾਜ਼ੀ ਸੀ।
-"ਗੁਰਮੁਖਾ...! ਦਸਵੇਂ ਪਿਤਾ ਨੇ ਆਪਣੇ ਚਾਰੇ ਲਾਲ ਵਾਰ ਕੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਕਰਜ ਉਤਾਰ ਕੇ ਸੁਰਖ਼ਰੂ ਹੋਇਆ ਕਿਹਾ ਸੀ-ਜਦ ਮਾਤਾ ਸੁੰਦਰੀ ਜੀ ਨੇ ਆਪਣੇ ਚਾਰੇ ਲਾਲ ਮੰਗੇ ਤਾਂ ਗੁਰੂ ਸਾਹਿਬ ਨੇ ਬੜੇ ਮਾਣ ਨਾਲ ਸਿੰਘਾਂ ਵੱਲ ਹੱਥ ਕਰਕੇ ਕਿਹਾ ਸੀ: ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।। ਚਾਰ ਮੂਏ ਤੋ ਕਿਆ ਭਇਆ, ਜੀਵਤਿ ਕਈ ਹਜਾਰ।। ਤੂੰ ਗੁਰੂ ਦਾ ਹਿਰਦਾ ਦੇਖ ਲੈ ਕਿੱਡਾ ਸੀ? ਜਦੋਂ ਸਾਰਾ ਪ੍ਰੀਵਾਰ ਸਰਸਾ ਨਦੀ ਕਿਨਾਰੇ ਵਿਛੜ ਗਿਆ-ਨਾਲ ਦੇ ਸਿੰਘ ਸ਼ਹੀਦ ਹੋ ਗਏ-ਮਾਤਾ ਗੁਜਰੀ ਸਮੇਤ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ-ਇਕੱਲੇ, ਮਾਛੀਵਾੜੇ ਦੇ ਜੰਗਲਾਂ ਵਿਚ ਇੱਟ ਦਾ ਸਿਰਹਾਣਾ ਲਾ ਕੇ ਪਏ ਤਾਂ ਕੁਝ ਪਲ ਉਦਾਸੀ ਦੇ ਆਏ ਤਾਂ ਆਪਣੇ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ ਸੁਣਾਇਆ-ਪਰ ਗਿ਼ਲਾ ਨਹੀਂ ਕੀਤਾ-ਸਿ਼ਕਵਾ ਨਹੀਂ ਦਿਖਾਇਆ-ਜੋਤੀ ਜੋਤਿ ਸਮਾਉਣ ਦੇ ਸਮੇਂ ਤੱਕ ਚੜ੍ਹਦੀਆਂ ਕਲਾਂ ਵਿਚ ਹੀ ਵਿਚਰੇ।"
-"ਧੰਨ ਐਂ..! ਧੰਨ ਐਂ ਦਸਵੇਂ ਪਿਤਾ ਤੇਰੀ ਕਮਾਈ-ਧੰਨ ਐਂ ਤੂੰ ਮਾਲਕਾ..!" ਅਮਰ ਸਿੰਘ ਪਾਣੀ ਮਿਲੀ ਸੁੱਕੀ ਵੇਲ ਵਾਂਗ ਹੌਂਸਲੇ ਨਾਲ ਉਠ ਬੈਠਾ। ਉਸ ਅੰਦਰ ਕੋਈ ਤਾਕਤ ਪ੍ਰਵੇਸ਼ ਕਰ ਗਈ ਸੀ। ਬਾਬਾ ਉਸ ਨੂੰ ਕੋਈ ਬੁੱਧੂ ਜੱਟ ਨਹੀਂ, ਸਗੋਂ ਕੋਈ ਮਹਾਂਪੁਰਖ ਜਾਪਿਆ। ਉਸ ਨੂੰ ਕੰਡੇ 'ਚ ਹੋਇਆ ਦੇਖ ਕੇ ਬਾਬਾ ਫਿਰ ਬੋਲਿਆ:
-"ਜੇ ਇਕ ਰੋਟੀ ਦੀ ਥਾਂ ਅੱਧੀ ਰੋਟੀ ਵੀ ਮਿਲੇ ਗੁਰਮੁਖਾ! ਫਿਰ ਵੀ: ਤੂੰ ਦਾਤਾ ਦਾਤਾਰੁ ਤੇਰਾ ਦਿੱਤਾ ਖਾਵਣਾ, ਕਹਿ ਕੇ ਛਕ ਲਈਏ-ਉਸ ਅਕਾਲ ਪੁਰਖ ਦੇ ਹਮੇਸ਼ਾ ਬਣੇਂ ਰਹੀਏ-ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ।। ਦੂਜਾ ਕਾਹੇ ਸਿਮਰੀਐ ਜੰਮਹਿ ਤੇ ਮਰ ਜਾਇ।। ਹਰ ਦੁੱਖ ਸੁੱਖ ਵਿਚ ਉਹਨੂੰ ਧਿਆ ਕੇ ਦੇਖ-ਫੇਰ ਦੇਖ ਤੇਰੀ ਕਾਇਆ ਕਿਵੇਂ ਪਲਟਦੀ ਐ-ਤੇਰਾ ਤਾਂ ਅੰਮ੍ਰਿਤ ਵੀ ਛਕਿਆ ਲੱਗਦੈ?"
-"ਅੰਮ੍ਰਿਤ ਤਾਂ ਮੈਂ ਬਾਬਾ ਛੋਟੀ ਉਮਰ ਵਿਚ ਹੀ ਛਕ ਲਿਆ ਸੀ।" ਅਮਰ ਸਿੰਘ ਫਿਰ ਲੇਟ ਗਿਆ।
-"ਫੇਰ ਕੀਹਦਾ ਆਸਰਾ ਭਾਲਦੈਂ? ਬਾਣੀ ਆਸਰੇ ਗੁਰੂ ਦੇ ਚਰਨੀਂ ਜੁੜਿਆ ਰਿਹਾ ਕਰ! ਜਿਥੈ ਹਰਿ ਅਰਾਧੀਐ ਤਿਥੈ ਹਰਿ ਮਿਤੁ ਸਹਾਈ।। ਮਨ ਨੂੰ ਇਕਾਗਰ ਕਰਨਾ ਜ਼ਰੂਰੀ ਐ-ਜੇ ਇਹ ਹੀ ਡੋਲਦਾ ਫਿਰਦਾ ਹੈ ਤਾਂ ਸਾਡੀ ਸਾਰੀ ਘਾਲ ਬੇਅਰਥ ਹੈ-ਮਨ ਪ੍ਰਦੇਸੀ ਜੇ ਥੀਐ ਸਭ ਦੇਸ ਪਰਾਇਆ।।" ਬਾਬਾ ਬੋਲੀ ਜਾ ਰਿਹਾ ਸੀ। ਪਰ ਅਮਰ ਸਿੰਘ ਦੇ ਘੁਰਾੜ੍ਹੇ ਵੱਜਣ ਲੱਗ ਪਏ।
ਬਾਬੇ ਦੀ ਬਾਣੀ ਅਤੇ ਗੁਣੀ ਗਿਆਨੀ ਬਚਨਾਂ ਨੇ ਉਸ ਦੇ ਮਨ ਦਾ ਬੋਝ ਖੁਰਚ ਸੁੱਟਿਆ ਸੀ।
ਬਾਬੇ ਨੇ ਕੀਰਤਨ ਸੋਹਿਲੇ ਦਾ ਪਾਠ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਪੈ ਗਿਆ।
ਜਦ ਸਵੇਰੇ ਸਾਰੇ ਉਠੇ ਤਾਂ ਅਮਰ ਸਿੰਘ ਪੂਰੀ ਤਰ੍ਹਾਂ ਤਰੋ-ਤਾਜ਼ਾ ਸੀ। ਪਰ ਮਾਤਾ ਜਸਮੇਲ ਕੌਰ ਕੁਝ ਉਦਾਸ ਸੀ।
-"ਤੂੰ ਸ਼ੁਕਰ ਕਰ ਜਸਮੇਲ ਕੁਰੇ! ਤੇਰਾ ਸ਼ੇਰ ਪੰਥ ਦੇ ਲੇਖੇ ਲੱਗਿਐ....!" ਅਮਰ ਸਿੰਘ ਨੇ ਕਿਹਾ।
ਉਹਨਾਂ ਚਾਹ ਪੀਤੀ।
ਹੁਕਮਨਾਮਾ ਸਰਵਣ ਕੀਤਾ, ਵਿਆਖਿਆ ਸੁਣੀ ਅਤੇ ਵਾਪਿਸੀ ਲਈ ਤੁਰ ਪਏ। ਬੇਬੇ ਮੁੜ ਮੁੜ ਪਿੱਛੇ ਦੇਖ ਰਹੀ ਸੀ। ਉਹ ਇਕੱਲੇ ਜਾ ਰਹੇ ਸਨ। ਬੇਬੇ ਦਾ ਕਾਕਾ ਤਾਂ ਇੱਥੇ ਹੀ ਰਹਿ ਗਿਆ ਸੀ। ਬੇਬੇ ਡਿੱਗਦਾ ਕਾਲਜਾ ਘੁੱਟੀ ਸਾਰਿਆਂ ਸਮੇਤ ਰੋਪੜ ਵਾਲੀ ਬੱਸ ਆ ਬੈਠੀ।

ਬਾਕੀ ਅਗਲੇ ਹਫ਼ਤੇ....



ਹੋਰ ਪੜੋ...

ਪੁਰਜਾ ਪੁਰਜਾ ਕਟਿ ਮਰੈ (ਕਾਂਡ 13)

ਬਲਿਹਾਰ ਅਤੇ ਦਿਲਰਾਜ ਨੂੰ ਸਹਿਣੇਂ ਠਾਣੇ ਵਿਚੋਂ ਤਬਦੀਲ ਕਰਕੇ ਠਾਣੇਦਾਰ ਗੜਗੱਜ ਸਿੰਘ "ਕੌਡੀਆਂ ਆਲੇ" ਦੇ ਸਪੁਰਦ ਕਰ ਦਿੱਤਾ। ਐੱਸ. ਪੀ. ਦੀ ਕੌਡੀਆਂ ਆਲੇ ਨੂੰ ਸਖ਼ਤ ਹਦਾਇਤ ਸੀ ਕਿ ਇਹਨਾਂ ਦੋਵੇਂ ਮੁੰਡਿਆਂ ਵਿਚੋਂ ਬੈਂਕ ਡਕੈਤੀ ਅਤੇ ਨੰਬਰਦਾਰ ਦੇ ਪ੍ਰੀਵਾਰ ਦੇ ਕਤਲ ਕੱਢਣੇ ਸਨ। ਇਸ ਕਾਮਯਾਬੀ ਤੋਂ ਬਾਅਦ ਐੱਸ. ਪੀ. ਨੇ ਪੁਲੀਸ ਮੁਖੀ ਕੋਲ ਕੌਡੀਆਂ ਆਲੇ ਦੀ ਪ੍ਰਮੋਸ਼ਨ ਲਈ ਸਿ਼ਫ਼ਾਰਸ਼ ਕਰਨੀ ਸੀ। ਕੌਡੀਆਂ ਵਾਲੇ ਲਈ ਇਹ ਇਕ ਚੈਲਿੰਜ ਸੀ। ਉਸ ਦੀ ਤਰੱਕੀ ਅਤੇ ਅਣਖ਼-ਇੱਜ਼ਤ ਦਾ ਸੁਆਲ ਸੀ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਠਾਣੇਦਾਰ ਕੁਝ ਵੀ ਕਰ ਸਕਦਾ ਸੀ।
ਇਧਰ ਖ਼ਾੜਕੂਆਂ ਨੇ ਅਖ਼ਬਾਰਾਂ ਵਿਚ ਬਿਆਨ ਲੁਆ ਦਿੱਤੇ ਸਨ ਕਿ ਅਗਰ ਦਿਲਰਾਜ ਅਤੇ ਬਲਿਹਾਰ 'ਤੇ ਅਣ-ਮਾਨੁੱਖੀ ਤਸ਼ੱਦਦ ਕੀਤਾ ਤਾਂ ਢੁਕਵਾਂ ਉੱਤਰ ਦਿੱਤਾ ਜਾਵੇਗਾ ਅਤੇ ਇਸ ਦੀ ਜਿ਼ੰਮੇਵਾਰੀ ਪੰਜਾਬ ਪੁਲੀਸ ਦੀ ਹੋਵੇਗੀ। ਇਸ ਲਈ ਬਲਿਹਾਰ ਅਤੇ ਦਿਲਰਾਜ ਨੂੰ ਕਿਸੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ।
ਬਲਿਹਾਰ ਅਤੇ ਦਿਲਰਾਜ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਚੈਨ ਨਹੀਂ ਸੀ। ਉਹਨਾਂ ਮੁਹਤਬਰ ਆਦਮੀਆਂ ਨੂੰ ਨਾਲ ਲੈ ਕੇ ਠਾਣਿਆਂ ਵਿਚ ਗੇੜੇ ਮਾਰਨੇ ਸੁਰੂ ਕਰ ਦਿੱਤੇ। ਪਰ ਪੁਲੀਸ ਬਲਿਹਾਰ ਅਤੇ ਦਿਲਰਾਜ ਦੀ ਗ੍ਰਿਫ਼ਤਾਰੀ ਪ੍ਰਤੀ ਮੁਨੱਕਰ ਸੀ। ਜਦੋਂ ਦਿਲਰਾਜ ਦਾ ਬਿਰਧ ਬਾਪ ਕੌਡੀਆਂ ਆਲੇ ਕੋਲ ਫ਼ਰਿਆਦ ਲੈ ਕੇ ਪਹੁੰਚਿਆ ਤਾਂ ਕੌਡੀਆਂ ਆਲੇ ਨੇ ਉਸ ਦੀ ਦਾਹੜ੍ਹੀ ਪੁੱਟ ਦਿੱਤੀ ਅਤੇ ਬੁੱਢੇ ਹੱਡ ਕੁੱਟ-ਕੁੱਟ ਕੇ ਘਰ ਤੋਰ ਦਿੱਤਾ। ਬਜੁਰਗ ਸਰੀਰਕ ਅਤੇ ਮਾਨਸਿਕ ਪੀੜ ਹਿਰਦੇ ਵਿਚ ਲੁਕਾਈ, ਔਟਲਿਆ ਫਿਰਦਾ ਸੀ। ਕਿਤੇ ਸੁਣਵਾਈ ਨਹੀਂ ਸੀ। ਕੋਈ ਅਪੀਲ, ਦਲੀਲ ਨਹੀਂ ਸੁਣਦਾ ਸੀ। ਵਕੀਲ ਅਜਿਹੇ ਕੇਸਾਂ ਨੂੰ ਹੱਥ ਪਾਉਣੋਂ ਡਰਦੇ ਸਨ। ਜਦੋਂ ਦਾ ਪੁਲੀਸ ਨੇ ਇੱਕ ਵਕੀਲ, ਪ੍ਰੀਵਾਰ ਸਮੇਤ ਗੁੰਮ ਕੀਤਾ ਸੀ। ਉਦੋਂ ਤੋਂ ਵਕੀਲ ਅੱਤਿਵਾਦ ਦੇ ਕੇਸਾਂ ਨੂੰ ਹੱਥ ਪਾਉਣੋਂ ਗੁਰੇਜ਼ ਕਰਦੇ ਸਨ।
ਕੌਡੀਆਂ ਵਾਲਾ ਤਿੰਨ ਦਿਨ ਤੋਂ ਬਲਿਹਾਰ ਅਤੇ ਦਿਲਰਾਜ 'ਤੇ ਤਸ਼ੱਦਦ ਢਾਹ ਰਿਹਾ ਸੀ। ਦਿਲਰਾਜ ਦੇ ਹੱਥਾਂ ਪੈਰਾਂ ਦੇ ਨਹੁੰ ਜਮੂਰਾਂ ਨਾਲ ਖਿੱਚ ਦਿੱਤੇ ਗਏ ਸਨ। ਲੱਤਾਂ ਬਾਹਾਂ ਚੀਰ ਕੇ ਲੂਣ-ਮਿਰਚਾਂ ਪਾਈਆਂ ਹੋਈਆਂ ਸਨ। ਇਸ ਤੋਂ ਬੁਰਾ ਹਾਲ ਬਲਿਹਾਰ ਦਾ ਸੀ। ਉਸ ਦੇ ਹੱਥ ਪੈਰ ਪੱਥਰ ਦੀ ਸਿਲ਼ ਉਪਰ ਰੱਖ ਕੇ, ਹਥੌੜੇ ਨਾਲ ਫ਼ੇਹੇ ਗਏ ਸਨ ਅਤੇ ਪੱਟਾਂ ਡੌਲਿਆਂ ਵਿਚੋਂ ਦੀ ਗਰਮ ਸਰੀਏ ਲੰਘਾਏ ਗਏ ਸਨ। ਮੁੰਡਾ ਗਰਮ ਸਲਾਖਾਂ ਨਾਲ ਥਾਂ-ਥਾਂ ਤੋਂ ਪਰੋਇਆ ਪਿਆ ਸੀ। ਸਾਰੀ ਸਾਰੀ ਰਾਤ ਉਹਨਾਂ ਦੇ ਪੀਕ ਪਏ ਜ਼ਖਮਾਂ 'ਤੇ ਡੰਡੇ ਵਰ੍ਹਦੇ ਰਹਿੰਦੇ ਅਤੇ ਪੀਣ ਲਈ ਪਾਣੀ ਤੱਕ ਨਾ ਦਿੱਤਾ ਜਾਂਦਾ। ਪਰ ਕੌਡੀਆਂ ਵਾਲੇ ਦੇ ਕੱਖ ਪੱਲੇ ਨਹੀ ਪਿਆ ਸੀ। ਦੋ ਰਾਤਾਂ ਅਤੇ ਤਿੰਨ ਦਿਨਾਂ ਵਿਚ ਉਹ ਮੁੰਡਿਆਂ ਦੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਕਢਵਾ ਸਕਿਆ ਸੀ। ਇਹ ਉਸ ਲਈ ਡੁੱਬ ਮਰਨ ਵਾਲੀ ਗੱਲ ਸੀ। ਉਹ ਮਾਯੂਸੀ ਨਾਲ ਕੰਧਾਂ ਵਿਚ ਟੱਕਰਾਂ ਮਾਰਦਾ ਫਿਰਦਾ ਸੀ। ਐੱਸ. ਪੀ. ਵਾਰ-ਵਾਰ ਉਸ ਨੂੰ ਫ਼ੋਨ ਤੇ ਫ਼ੋਨ ਕਰ ਰਿਹਾ ਸੀ। ਪਰ ਕੌਡੀਆਂ ਵਾਲੇ ਕੋਲ ਦੱਸਣ ਲਈ ਕੁਝ ਵੀ ਨਹੀਂ ਸੀ। ਉਹ ਸਾਰੇ ਤਸ਼ੱਦਦ ਦਾ ਵੇਰਵਾ ਵਿਸਥਾਰ ਸਹਿਤ ਐੱਸ. ਪੀ. ਨੂੰ ਦੱਸਦਾ। ਪਰ ਉਹ ਅੱਗਿਓਂ ਕੋਈ "ਰਾਜ" ਜਾਨਣ ਦਾ ਇੱਛੁਕ ਸੀ। ਕੀਤਾ ਜਾ ਰਿਹਾ ਤਸ਼ੱਦਦ ਉਸ ਲਈ ਕੋਈ ਵੀ ਮਾਹਨਾ ਨਹੀਂ ਰੱਖਦਾ
ਸੀ। ਉਹ ਪੇਡ ਗਿਣਨ ਦਾ ਨਹੀਂ, ਅੰਬ ਖਾਣ ਦਾ ਆਦੀ ਸੀ। ਉਸ ਅਨੁਸਾਰ ਕੱਟੇ ਨੂੰ ਮਣ ਦੁੱਧ ਦਾ ਕੋਈ ਫ਼ਾਇਦਾ ਨਹੀਂ ਸੀ। ਕੱਟਾ ਤਾਂ ਮੱਝ ਪਸਮਾਉਣ ਦਾ ਇੱਕ ਹਥਿਆਰ ਸੀ।
ਰਾਤ ਨੂੰ ਫਿਰ ਦੋਨੋਂ ਮੁੰਡੇ ਕੁਤਰਾ-ਕੁਤਰਾ ਕਰਕੇ, ਹਲਾਲ ਕਰਨੇ ਸੁਰੂ ਕਰ ਦਿੱਤੇ। ਪਰ ਬਲਹਿਾਰ ਨੇ ਬੇਹੋਸ਼ ਹੋਣ ਤੋਂ ਪਹਿਲਾਂ ਸਿਰਫ਼ ਇਤਨਾ ਹੀ ਆਖਿਆ;
-"ਬੁੱਚੜ ਠਾਣੇਦਾਰਾ..! ਤੂੰ ਆਬਦਾ ਜੋਰ ਲਾ ਕੇ ਹਟੀਂ..! ਸਾਡੇ ਮੂੰਹੋਂ ਇੱਕ ਲਫ਼ਜ਼ ਨਹੀਂ ਨਿਕਲੂਗਾ..।" ਤੇ ਦਿਲਰਾਜ ਨੇ ਆਖਿਆ ਸੀ;
-"ਮਰਿਆਂ 'ਚੋਂ ਜੋ ਕੁਛ ਮਰਜ਼ੀ ਐ ਕੱਢੀ ਜਾਈਂ ਕੁੱਤੇ ਦਿਆ ਬੀਆ! ਪਰ ਜਿਉਂਦੇ ਜੀਅ ਤੂੰ ਸਾਡੇ 'ਚੋਂ ਕੋਈ ਭੇਦ ਨਹੀਂ ਕੱਢ ਸਕਦਾ।"
ਸੁਣ ਕੇ ਠਾਣੇਦਾਰ ਨੇ ਕੰਧ 'ਚ ਟੱਕਰ ਮਾਰੀ!
ਇਸ ਤਸ਼ੱਦਦ ਦੀ ਤੁਰਦੀ ਤੁਰਦੀ ਗੱਲ ਕੁਲਬੀਰ ਦੇ ਕੰਨਾਂ ਨਾਲ ਜਾ ਟਕਰਾਈ। ਉਹ ਕਰੋਧ ਵਿਚ ਪਾਗਲ ਹੋ ਉਠਿਆ। ਉਸ ਨੇ ਰਾਤ ਨੂੰ ਸਾਥੀ ਇਕੱਠੇ ਕਰ ਲਏ।
-"ਸਾਥੀਓ! ਜੇ ਆਪਾਂ ਪੁਲਸ ਨੂੰ ਮੂੰਹ ਤੋੜਵਾਂ ਉੱਤਰ ਨਾ ਮੋੜਿਆ ਤਾਂ ਪੁਲਸ ਆਪਾਂ ਨੂੰ ਘੋਗਲਕੰਨਾ ਸਮਝ ਕੇ ਹੋਰ ਨੁਕਸਾਨ ਕਰੇਗੀ...!"
-".........!" ਸਾਰੇ ਸੁਣ ਰਹੇ ਸਨ।
-"ਤੁਹਾਨੂੰ ਪਤਾ ਈ ਐ ਕਿ ਪੁਲਸ ਨੇ ਆਪਣੇ ਤਿੰਨ ਏ ਕਲਾਸ ਖ਼ਾੜਕੂ ਪ੍ਰੀਤਮ, ਮਾਸਟਰ ਜੀ ਅਤੇ ਬਾਲੀ ਹੋਰਾਂ ਦਾ ਸਿ਼ਕਾਰ ਖੇਡਿਆ ਅਤੇ ਦੋ ਫੜੇ ਗਏ ਖ਼ਾੜਕੂਆਂ ਬਲਿਹਾਰ ਅਤੇ ਦਿਲਰਾਜ 'ਤੇ ਕੌਡੀਆਂ ਆਲੇ ਵੱਲੋਂ ਅਣ-ਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ-ਇਸ ਲਈ ਭਰਾਵੋ! ਜਿੰਨਾ ਚਿਰ ਆਪਾਂ ਇਹਨਾਂ 'ਤੇ ਡੰਡਾ ਨਹੀਂ ਫੇਰਦੇ-ਇਹਨਾਂ ਨੇ ਖੁਰਕ ਕਰਨੋਂ ਨਹੀਂ ਹਟਣਾ-ਆਪਾਂ ਨੂੰ ਪੁਲਸ ਨੂੰ ਵੰਡਣ ਲਈ ਇੱਕ ਵੱਡਾ ਐਕਸ਼ਨ ਕਰਨਾ ਹੋਊਗਾ।"
-"ਪਰ ਐਕਸ਼ਨ ਹੋਊ ਕਿਹੋ ਜਿਆ ਪ੍ਰਧਾਨਾ?"
-"ਇਹ ਕੱਲ੍ਹ ਨੂੰ ਪਤਾ ਲੱਗੂ-ਪਰ ਇੱਕ ਗੱਲ ਅੱਜ ਮੈਂ ਹੋਰ ਸਹੀ-ਸਪੱਸ਼ਟ ਕਰ ਦੇਣਾ ਚਾਹੁੰਨੈ! ਬਈ ਜੋ ਐਕਸ਼ਨ ਮੈਂ ਕਹਾਂਗਾ, ਉਹ ਹੀ ਕਰਨਾ ਪੈਣੈਂ! ਅਗਰ ਕਿਸੇ ਨੂੰ ਨਹੀਂ ਮਨਜੂਰ, ਬੇਸ਼ੱਕ ਜੱਥੇਬੰਦੀ ਛੱਡ ਕੇ ਦੂਜੀ ਜੱਥੇਬੰਦੀ ਨਾਲ ਜਾ ਰਲੇ-ਖੁੱਲ੍ਹੀ ਛੁੱਟੀ ਐ।"
-"ਪਰ ਪ੍ਰਧਾਨਾ ਜਦੋਂ ਤੈਨੂੰ ਲੈਫ਼ਟੀਨੈਂਟ ਜਨਰਲ ਥਾਪਿਆ ਸੀ ਤਾਂ ਜੱਥੇਦਾਰ ਹੋਰਾਂ ਦਾ ਹੁਕਮ ਸੀ ਕਿ ਹਰ ਵੱਡਾ ਛੋਟਾ ਐਕਸ਼ਨ ਜੱਥੇਬੰਦੀਆਂ ਦੀ ਸਲਾਹ ਨਾਲ ਕੀਤਾ ਜਾਵੇ।" ਰੈਂਸੀ ਨੇ ਕਿਹਾ। ਉਹ ਕਦੋਂ ਦਾ ਕੁਲਬੀਰ ਨੂੰ ਗਹੁ ਨਾਲ ਸੁਣ ਰਿਹਾ ਸੀ। ਪਲੱਸ-ਟੂ ਦਾ ਵਿਦਿਆਰਥੀ ਰਬਿੰਦਰ ਰੈਂਸੀ ਭੰਗੜੇ ਵਿਚ ਪੰਜਾਬ ਪੱਧਰ 'ਤੇ ਅਵਾਰਡ ਹਾਸਲ ਕਰ ਚੁੱਕਾ ਸੀ। ਪਰ ਲਗਾਤਾਰ ਵੱਜਦੇ ਛਾਪਿਆਂ ਨੇ ਉਸ ਨੂੰ ਸਟੇਜ਼ੀ ਮਸਤੀ ਮਾਨਣ ਨਾ ਦਿੱਤੀ ਤਾਂ ਉਹ ਸਭ ਕਾਸੇ ਨੂੰ ਲੱਤ ਮਾਰ ਖ਼ਾੜਕੂ ਸਫ਼ਾਂ ਵਿਚ ਆ ਰਲਿਆ। ਸਟੇਜਾਂ 'ਤੇ ਧੁੰਮਾਂ ਪਾਉਣ ਵਾਲਾ ਰੈਂਸੀ ਹੁਣ ਮਾਰੂ ਹਥਿਆਰ ਚੁੱਕ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦਾ ਫਿਰਦਾ ਸੀ। ਉਸ ਨੇ ਆਪਣਾ ਕੋਮਲ ਕਲਾਕਾਰ ਦਿਲ ਪੱਥਰ ਵਰਗਾ ਕਠੋਰ ਬਣਾ ਲਿਆ ਸੀ। ਵਕਤ ਦੇ ਖਦੇੜੇ ਮੁੰਡੇ ਸਾਹਮਣੇ ਹਥਿਆਰ ਚੁੱਕਣ ਤੋਂ ਸਿਵਾਏ ਕੋਈ ਰਸਤਾ ਹੀ ਨਹੀਂ ਰਹਿ ਗਿਆ ਸੀ।
-"ਅਗਰ ਆਪਾਂ ਹਰ ਐਕਸ਼ਨ ਜੱਥੇਦਾਰ ਹੋਰਾਂ ਦੀ ਸਲਾਹ ਨਾਲ ਕਰਨ ਲੱਗੇ ਤਾਂ ਆਪਾਂ ਆਪਣੇ ਨਿਸ਼ਾਨੇ 'ਤੇ ਕਦੇ ਵੀ ਪੁੱਜ ਨਹੀਂ ਸਕਾਂਗੇ-ਸੋ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਬਈ ਜਿਸ ਨੂੰ ਮੇਰਾ ਫ਼ੈਸਲਾ ਮਨਜੂਰ ਨਹੀਂ, ਉਹ ਬੇਧੜਕ ਚਲਾ ਜਾਵੇ-।"
-"ਬੇਕਸੂਰਾਂ ਦੇ ਕਤਲ ਕਦੀ ਵੀ ਆਪਣੇ ਹੱਕ ਵਿਚ ਨਹੀਂ ਤੁਰਨਗੇ-ਲੋਕਾਂ ਦੀ ਨਜ਼ਰ ਵਿਚ ਲਹਿਰ ਬਦਨਾਮ ਹੀ ਹੋਵੇਗੀ-ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਾਂ ਕੱਖ ਦੇ ਨਹੀਂ-ਅਗਰ ਆਪਾਂ ਬੇਕਸੂਰ ਬੰਦੇ ਮਾਰਾਂਗੇ-ਲੋਕ ਆਪਣੇ ਨਾਲ ਜੁੜਨੇ ਨਹੀਂ ਸਗੋਂ ਟੁੱਟਣਗੇ-ਜੇ ਲੋਕ ਹੀ ਆਪਣੇ ਨਾਲੋਂ ਟੁੱਟ ਗਏ-ਲਹਿਰ ਗਈ ਫਿਰ ਖੂਹ 'ਚ-ਮੈਂ ਤਾਂ ਇਹੀ ਕਹੂੰਗਾ ਪ੍ਰਧਾਨਾ ਕਿ ਆਪਾਂ ਕਦਮ ਸੋਚ ਸਮਝ ਕੇ ਚੱਕੀਏ-ਆਪਣਾ ਅੱਗੇ ਈ ਬਹੁਤ ਨੁਕਸਾਨ ਹੋ ਚੁੱਕਾ ਹੈ।" ਤੇਜਇੰਦਰ ਨੇ ਆਪਣਾ ਪੱਖ ਪੇਸ਼ ਕੀਤਾ।
-"ਤੁਸੀਂ ਮੈਨੂੰ ਗਾਂਧੀ ਬਣ ਬਣ ਨਾ ਦਿਖਾਓ! ਜੀਹਨੇ ਜਾਣੈ ਜੀ ਸਦਕੇ ਜਾਵੇ!" ਕੁਲਬੀਰ ਨੇ ਆਖਰੀ ਬਚਨ ਸੁਣਾ ਦਿੱਤਾ। ਤੇਜਇੰਦਰ ਅਤੇ ਰਾਜਵਿੰਦਰ 'ਵਾਕ-ਆਊਟ' ਕਰ ਗਏ।
-"ਹੁਣ ਕਿਸੇ ਨੇ ਹੋਰ ਜਾਣੈਂ ਤਾਂ ਦੇਖ ਲਓ!"
-"..........।" ਸਾਰੇ ਖ਼ਾਮੋਸ਼ ਸਨ।
ਕੁਲਬੀਰ ਸਾਰਿਆਂ ਦੀ ਖ਼ਾਮੋਸ਼ੀ ਦੇਖ ਚੁੱਪ ਹੋ ਗਿਆ।

0 0 0 0 0

ਸੂਬੇਦਾਰ ਕਰਤਾਰ ਸਿੰਘ ਦਾ ਕੰਮ ਸ਼ਾਹੀ ਠਾਠ ਵਿਚ ਸੀ। ਅਠਾਈ ਏਕੜ ਉਪਜਾਊ ਜ਼ਮੀਨ ਦੀ ਖੇਤੀ ਤਿੰਨ ਜੁਆਨ ਪੁੱਤਰਾਂ ਨੇ ਬੜੇ ਸਲੀਕੇ ਨਾਲ ਸੰਭਾਲੀ ਹੋਈ ਸੀ। ਤਿੰਨੇ ਪੁੱਤ ਚੰਗੇ ਘਰੀਂ ਵਿਆਹੇ ਹੋਏ ਸਨ। ਤਿੰਨੇ ਨੂੰਹਾਂ ਸੂਬੇਦਾਰ ਦੀਆਂ ਸਤਿ-ਬਚਨ ਦੀਆਂ ਭਾਗੀ ਸਨ। ਚਾਹੇ ਸੂਬੇਦਾਰ ਉਹਨਾਂ ਨੂੰ ਮੂੰਹ ਨਹੀਂ ਬੋਲਦਾ ਸੀ, ਪਰ ਨੂੰਹਾਂ ਸਤਜੁਗੀ ਸੁਭਾਅ ਦੀਆਂ ਸਨ। ਉਸ ਅੱਗੇ ਸਾਹ ਤੱਕ ਨਾ ਕੱਢਦੀਆਂ। ਸੂਬੇਦਾਰ ਨਿੱਕੀ-ਨਿੱਕੀ ਗੱਲ ਤੋਂ ਨੂੰਹਾਂ ਨਾਲ ਖਹਿਬੜ ਪੈਂਦਾ। ਅਗਰ ਸੂਬੇਦਾਰ ਦੀ ਦਾਲ ਵਿਚ ਘਿਉ ਘੱਟ ਪੈ ਜਾਂਦਾ ਤਾਂ ਸੂਬੇਦਾਰ ਹਿਣਕ ਕੇ ਪੈਂਦਾ, "ਲੇਕਿਨ ਕੁੜੀਏ..! ਮੇਰੀ ਦਾਲ਼ ਵਿਚ ਘਿਉ ਘੱਟ ਕਿਉਂ ਹੈ?" ਤਾਂ ਨੂੰਹ ਚਮਚਾ ਘਿਉ ਦਾ ਹੋਰ ਪਾ ਜਾਂਦੀ। ਅਗਰ ਸੂਬੇਦਾਰ ਦੀ ਦਾਲ਼ ਵਿਚ ਘਿਉ ਭੋਰਾ ਜਿ਼ਆਦਾ ਪੈ ਜਾਂਦਾ, ਤਾਂ ਵੀ ਉਹ ਪਿੱਟ ਉਠਦਾ, "ਲੇਕਿਨ ਘਰ ਨੂੰ ਤੰਗਲ਼ੀ ਕਿਉਂ ਲਾਉਣੀ ਲਈ ਹੈ? ਲੇਕਿਨ ਹਰ ਚੀਜ਼ ਸੋਚ ਸਮਝ ਕੇ ਵਰਤਿਆ ਕਰੋ!" ਉਹ ਨੂੰਹਾਂ ਨੂੰ ਕਿਸੇ ਪਾਸੇ ਵੀ ਨਾ ਛੱਡਦਾ।
ਹਰ ਗੱਲ ਨਾਲ 'ਲੇਕਿਨ' ਕਹਿਣਾ ਉਸ ਦੀ ਆਮ ਆਦਤ ਸੀ। ਜਿਸ ਕਰਕੇ ਲੋਕਾਂ ਨੇ ਉਸ ਦਾ ਨਾਂ ਹੀ "ਲੇਕਿਨ ਸੂਬੇਦਾਰ" ਹੀ ਪਕਾ ਲਿਆ ਸੀ। ਆਪਣੀ ਰਟਾਇਰਮੈਂਟ ਤੋਂ ਬਾਅਦ ਕੰਮ ਨੂੰ ਤਾਂ ਉਹ ਹੱਥ ਨਹੀਂ ਲਾਉਂਦਾ ਸੀ। ਪਰ ਘਰ ਦੇ ਹਰ ਕੰਮ ਵਿਚ 'ਘੜ੍ਹੰਮ ਚੌਧਰੀ' ਬਣਨਾ ਉਸ ਦੀ ਬੁਰੀ ਆਦਤ ਸੀ। ਤਿੰਨੇ ਮੁੰਡੇ ਉਸ ਦੇ ਬੱਤੀ ਸੁਲੱਖਣੇ ਸਨ। ਕਦੇ ਉੱਚਾ ਨਾ ਬੋਲਦੇ।
ਸੂਬੇਦਾਰ ਦੇ ਸਾਰਿਆਂ ਤੋਂ ਛੋਟੇ ਮੁੰਡੇ ਨੇ ਇੱਕ ਵੱਡੀ ਆਟਾ ਪੀਸਣ ਵਾਲੀ ਚੱਕੀ ਲਾਈ ਹੋਈ ਸੀ। ਜਿੱਥੋਂ ਉਸ ਨੂੰ ਵਾਹਵਾ ਆਮਦਨ ਹੋ ਜਾਂਦੀ ਸੀ। ਚੱਕੀ ਦੇ ਕੰਮ ਲਈ ਉਸ ਨੇ ਤਿੰਨ ਭਈਏ ਰੱਖੇ ਹੋਏ ਸਨ ਅਤੇ ਭਈਆਂ ਦੀ ਕਮਾਂਡ ਸੰਭਾਲਣ ਲਈ ਪਿੰਡ ਵਿਚੋਂ ਇੱਕ ਅਮਲੀ ਪੱਟਿਆ ਹੋਇਆ ਸੀ, ਜਿਸ ਦਾ ਕੋਈ ਅੱਗਾ ਪਿੱਛਾ ਨਹੀਂ ਸੀ। ਮਾੜੀ ਮੋਟੀ ਤਨਖਾਹ ਭਈਆਂ ਨੂੰ ਦੇ ਦਿੱਤੀ ਜਾਂਦੀ। ਪਰ ਅਮਲੀ ਇੱਕ ਤਰ੍ਹਾਂ ਨਾਲ ਡੋਡਿਆਂ ਅਤੇ ਰੋਟੀ 'ਤੇ ਹੀ ਕੰਮ ਕਰਦਾ ਸੀ। ਕੰਮ ਵੀ ਉਹ ਕਾਹਦਾ ਕਰਦਾ ਸੀ? ਬੱਸ! ਭਈਆਂ ਨੂੰ ਗਾਹਲਾਂ ਕੱਢਣੀਆਂ ਅਤੇ ਕੰਮ 'ਤੇ ਲਾਈ ਰੱਖਣਾ। ਆਪ ਉਹ ਘੱਟ ਵੱਧ ਹੀ ਸੌਂਦਾ ਸੀ ਅਤੇ ਨਾਲ ਹੀ ਭਈਆਂ ਨੂੰ ਗੇੜੀਂ ਪਾਈ ਰੱਖਦਾ। ਚੱਕੀ ਦਿਨ ਰਾਤ ਚੱਲਦੀ ਰਹਿੰਦੀ। ਅਗਰ ਬਿਜਲੀ ਚਲੀ ਜਾਂਦੀ ਤਾਂ ਤੇਈ-ਪੱਚੀ ਦਾ ਵਲਾਇਤੀ ਇੰਜਣ ਦੁਹਾਈ ਪਾਉਂਦਾ ਰਹਿੰਦਾ। ਸੂਬੇਦਾਰ ਅਤੇ ਉਸ ਦੇ ਮੁੰਡੇ ਅਮਲੀ 'ਤੇ ਬਹੁਤ ਖੁਸ਼ ਸਨ। ਅਮਲੀ ਦੇ ਸਿਰ 'ਤੇ ਉਹਨਾਂ ਨੂੰ ਕੋਈ ਬਹੁਤਾ ਫਿ਼ਕਰ ਨਹੀਂ ਰਹਿੰਦਾ ਸੀ। ਕਿਉਂਕਿ ਅਮਲੀ ਕੰਮ ਨਹੀਂ ਖੜ੍ਹਨ ਦਿੰਦਾ ਸੀ। ਚੱਕੀ ਦੇ ਨਾਲ ਲੱਗਦੀ ਇੱਕ ਕੋਠੜੀ ਸੂਬੇਦਾਰ ਦੇ ਮੁੰਡੇ ਨੇ ਕਈ ਹੋਰ ਭਈਆਂ ਨੂੰ ਕਿਰਾਏ 'ਤੇ ਦੇ ਰੱਖੀ ਸੀ, ਜਿੱਥੇ ਬਾਰਾਂ ਭਈਏ ਰਲ ਮਿਲ ਕੇ ਰਹਿੰਦੇ ਸਨ ਅਤੇ ਉਹ ਰਲ ਕੇ ਇਸ ਕੋਠੜੀ ਦਾ ਡੇੜ੍ਹ ਸੌ ਰੁਪਏ ਕਿਰਾਇਆ ਭਰਦੇ ਸਨ।
ਸੂਬੇਦਾਰ ਦੇ ਮੁੰਡੇ ਨੇ ਰੰਗਦਾਰ ਟੈਲੀਵੀਯਨ ਖਰੀਦ ਲਿਆ ਅਤੇ ਬਲੈਕ ਐਂਡ ਵਾਈਟ ਟੈਲੀਵੀਯਨ ਉਸ ਨੇ ਅਮਲੀ ਸਾਹਮਣੇ ਲਿਆ ਰੱਖਿਆ।
-"ਲੈ ਅਮਲੀਆ..! ਆਹ ਚੱਕ ਟੈਲੀਵੀਯਨ! ਫਿਲਮਾਂ ਦੇਖ ਚਾਹੇ ਗਾਣੇਂ ਸੁਣ-ਹੁਣ ਇਹਦਾ ਤੂੰ ਮਾਲਕ ਐਂ!" ਮੁੰਡੇ ਨੇ ਅਮਲੀ ਨੂੰ ਰੇਤਿਆ ਤਾਂ ਅਮਲੀ ਨੇ ਸਿ਼ਸ਼ਤ ਬੰਨ੍ਹ ਕੇ ਟੀ ਼ਵੀ ਼ਵੱਲ ਦੇਖਿਆ।
-"ਮੈਂ ਇਹ ਕੀ ਕਰਨੈ ਸਰਦਾਰਾ-ਬਾਧੂ ਮੂਰਤਾਂ ਦੇਖ ਕੇ ਚਿੱਤ ਭੈੜਾ ਹੋਊ-ਨਾਲੇ ਹੁਣ ਤਾਂ ਦੱਸਦੇ ਐ ਬਈ ਫਿਲਮਾਂ ਆਲੇ ਵੀ ਸਿੱਧੇ ਈ ਫੱਟੇ ਚੱਕਣ ਲੱਗਪੇ?" ਅਮਲੀ ਬੋਲਿਆ।
-"ਕੋਈ ਬਾਤ ਨਹੀਂ ਅਮਲੀ-ਤੁਮ ਨਹੀਂ ਤੋ ਹਮ ਦੇਖ ਲੀਆ ਕਰੇਂਗੇ।" ਇੱਕ ਭਈਆ ਬੋਲਿਆ। ਟੈਲੀਵੀਯਨ ਦੇਖ ਕੇ ਉਸ ਨੂੰ ਚਾਅ ਚੜ੍ਹ ਗਿਆ ਸੀ।
-"ਕੂਤੇ ਕਿਆ ਸਾਲਿਆ! ਕਾਮ ਤੁਮਾਰ੍ਹਾ ਬੂੜ੍ਹਾ ਕਰੇਗਾ? ਮੰਨੋਂ ਦੇ ਜਾਣੇਂ ਨੇ ਕੱਛੇਂ ਵਜਾਉਣੀਂ ਸੁਰੂ ਕਰ ਦੀਂ।"
-"ਕਾਮ ਭੀ ਕਰੇਂਗੇ ਅਮਲੀ! ਕਾਮ ਭੀ ਕਰੇਂਗੇ! ਤੁਮ ਕੋ ਕੋਈ ਸ਼ਕਾਇਤ ਕਾ ਸਮਾਂ ਨਹੀਂ ਦੇਂਗੇ-ਲੇਕਿਨ ਟੀ. ਵੀ. ਮਤ ਵਾਪਿਸ ਕਰੀਏ।"
-"ਕਾਮ ਸਾਲਿਆ ਤੂੰ ਕੈਸੇ ਨਹੀਂ ਕਰੇਗਾ? ਕਾਮ ਤੋ ਮੈਂ ਛਿੱਤਰੋਂ ਸੇ ਕਰਵਾ ਲਊਂਗਾ।"
-"ਅਮਲੀ ਇਸ ਕੀ ਜ਼ਰੂਰਤ ਹੀ ਨਹੀਂ ਪੜੇਗੀ।"
ਸੂਬੇਦਾਰ ਦਾ ਮੁੰਡਾ ਅਮਲੀ ਦੀ ਹਿੰਦੀ 'ਤੇ ਹੱਸਦਾ ਤੁਰ ਗਿਆ। ਚੱਕੀ ਵਾਲੇ ਭਈਆਂ ਨੇ ਗੁਆਂਢੀ ਭਈਆਂ ਨੂੰ ਟੈਲੀਵੀਯਨ ਬਾਰੇ ਦੱਸ ਦਿੱਤਾ। ਕੁਦਰਤੀਂ ਦੁਪਿਹਰੋਂ ਬਾਅਦ ਚੱਕੀ ਦਾ ਪੁੜ ਟੁੱਟ ਗਿਆ। ਕੰਮ ਠੱਪ ਹੋ ਗਿਆ।
ਭਈਆਂ ਨੇ ਕੱਛਾਂ ਵਜਾਈਆਂ। ਅੱਜ ਉਹ ਮਸਾਂ ਵਿਹਲੇ ਹੋਏ ਸਨ। ਨਹੀਂ ਤਾਂ ਅਮਲੀ ਉਹਨਾਂ ਨੂੰ ਸਾਹ ਨਹੀਂ ਲੈਣ ਦਿੰਦਾ ਸੀ। ਕੰਮ ਵਿਚ ਹੀ ਦਬੱਲੀ ਰੱਖਦਾ ਸੀ।
ਸ਼ਾਮ ਨੂੰ ਸਾਰੇ ਭਈਏ ਰਲ ਕੇ ਟੈਲੀਵੀਯਨ 'ਤੇ ਫਿਲਮ ਦੇਖ ਰਹੇ ਸਨ। ਨਾਮਵਰ ਪੰਜਾਬੀ ਐਕਟਰਾਂ ਨੂੰ ਲੈ ਕੇ ਬਣਾਈ ਹਿੰਦੀ ਫਿ਼ਲਮ "ਸਮਗਲਰ" ਦਿਖਾਈ ਜਾ ਰਹੀ ਸੀ। ਬਿਜਲੀ "ਫੁੱਲ" ਸੀ। ਸਾਰੇ ਫਿ਼ਲਮ ਵਿਚ ਖੁੱਭੇ ਹੋਏ ਸਨ। ਪਰ ਅਮਲੀ ਦੇ ਪੇਟ ਵਿਚ ਕੜੱਲ ਉਠੀ ਜਾ ਰਹੇ ਸਨ। ਉਸ ਦੇ ਢਿੱਡ ਵਿਚ ਮਿੰਨ੍ਹਾ-ਮਿੰਨ੍ਹਾ ਦਰਦ ਹੋ ਰਿਹਾ ਸੀ। ਉਸ ਨੇ ਉਠ ਕੇ ਕੋਸੇ ਪਾਣੀ ਨਾਲ ਚੂਰਨ ਲਿਆ। ਕੁਝ ਪਲਾਂ ਵਿਚ ਹਵਾ ਖ਼ਲਾਸ ਹੋਈ ਤਾਂ ਅਮਲੀ ਦਾ ਪੇਟ ਹੌਲਾ ਫੁੱਲ ਵਰਗਾ ਹੋ ਗਿਆ। ਸਾਰੇ ਭਈਏ ਇੱਕ ਦਮ ਅਮਲੀ ਵੱਲ ਝਾਕੇ।
-"ਅਮਲੀ ਇਤਨਾ ਬੜਾ ਪਾਅਦ...?" ਅਮਲੀ ਦੀ ਵਰ੍ਹਾਈ ਧੂਹ 'ਤੇ ਭਈਏ ਹੱਸ ਰਹੇ ਸਨ।
-"ਸਾਲਿਓ ਤੁਮ ਮੇਰੇ ਪੱਦ 'ਤੇ ਹੱਸ ਰਹੇ ਓ?"
-"ਅਮਲੀ ਪਾਅਦ ਤੋ ਹਮਨੇ ਬਹੁਤ ਸੇ ਸੁਨੇ ਹੈਂ-ਮਗਰ ਇਤਨਾ ਬੜਾ ਕਭੀ ਨਹੀਂ ਸੁਨਾ-ਯੇਹ ਤੋ ਆਪ ਨੇ ਰਿਕਾਰਡ ਕਾਇਮ ਕਰ ਦੀਆ।" ਇੱਕ ਭਈਆ ਦਾਲ਼-ਚੌਲ਼ ਖਾ ਰਿਹਾ ਸੀ। ਉਹ ਆਪਣੀ ਥਾਲੀ ਚੁੱਕ, ਅਮਲੀ ਤੋਂ ਦੂਰ ਹੋ ਕੇ ਬੈਠ ਗਿਆ। ਉਸ ਦੇ ਦਿਲ ਵਿਚ ਡਰ ਸੀ ਕਿ ਅਮਲੀ ਫਿਰ ਨਾ ਲਾਹੌਰ ਵਾਲੀ ਤੋਪ ਦਾ ਮੂੰਹ ਖੋਹਲ ਦੇਵੇ?
-"ਸਾਲਿਓ ਤੁਸੀਂ ਕੁਛ ਖਾਣਾ ਨਹੀਂ ਪੀਣਾ ਨਹੀਂ-ਗੱਲਾਂ ਕੀ ਕਰਦੇ ਐ ਸਾਲੀ ਚੌਲ਼ ਖਾਣੀ ਜਾਅਤ!" ਐਤਕੀਂ ਅਮਲੀ ਸਿੱਧੀ ਸਲੋਟ ਪੰਜਾਬੀ ਵਿਚ ਹੀ ਪਿਆ। ਭਈਏ ਹੱਸ ਪਏ।
ਫਿ਼ਲਮ ਖਤਮ ਹੋ ਗਈ।
ਪਰ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਭਈਏ ਦਾਲ਼-ਚੌਲ਼ ਥਾਲੀਆਂ ਵਿਚ ਪਾ, ਫਿਰ ਟੀ. ਵੀ. ਮੂਹਰੇ ਆ ਡਟੇ। ਅਮਲੀ ਖਿਝਿਆ ਪਿਆ ਸੀ।
-"ਉਏ ਭਈਆ! ਕਿਤਨੀ ਦੇਰ ਚੱਲੇਗਾ ਯੇਹ ਤੁਮਾਰਾ ਠਕਠਕਾ?"
-"ਬੱਸ ਅਮਲੀ ਏਕ ਘੰਟਾ ਔਰ ਚੱਲੇਗਾ।"
-"ਜਲਦੀ ਸੌਂ ਜਾਨਾ ਹੈ-ਕੱਲ੍ਹ ਨੂੰ ਤੁਮਨੇ ਪੁੜ ਲੱਦਣਾ ਹੈ-ਯੇਹ ਕੰਮ ਤੁਮਨੇ ਕਰਨਾ ਹੈ ਤੁਮਾਰੇ ਬਾਪੂ ਨੇ ਨਹੀਂ।"
-"ਕੋਈ ਬਾਤ ਨਹੀਂ ਅਮਲੀ ਫਿ਼ਕਰ ਮਤ ਕਰੀਏ-ਆਪ ਸੋ ਜਾਈਏ।"
-"ਮੈਂ ਤੋ ਸੂਅ ਜਾਤਾ ਹੂੰ-ਤੁਮ ਬੀ ਸੌਂ ਲਓ!" ਅਮਲੀ ਘੁਰਾੜ੍ਹੇ ਮਾਰਨ ਲੱਗ ਪਿਆ।
ਅਜੇ ਉਹ ਸੁੱਤਾ ਹੀ ਸੀ ਕਿ ਕੁਲਬੀਰੇ ਹੋਰੀਂ ਆ ਗਏ। ਉਹ ਛੇ ਜਣੇਂ ਸਨ। ਬਾਹਰਲਾ ਲੱਕੜ ਦਾ ਦਰਵਾਜ਼ਾ ਉਹਨਾਂ ਨੇ ਬੰਦ ਕਰ ਦਿੱਤਾ ਅਤੇ ਭਈਆਂ ਦੀ ਘੇਰਾਬੰਦੀ ਕਰ ਲਈ। ਉਹ ਚੌਲ ਖਾਂਦੇ,
ਟੀ. ਵੀ. ਦੇਖ ਰਹੇ ਸਨ। ਕੁਲਬੀਰੇ ਨੇ ਟੀ. ਵੀ. ਬੰਦ ਕਰ ਦਿੱਤਾ। ਛੇ ਹਥਿਆਰਬੰਦ ਬੰਦੇ ਦੇਖ ਕੇ ਭਈਆਂ ਦੇ ਤੌਰ ਉਡ ਗਏ। ਧਰਤੀ ਉਹਨਾਂ ਨੂੰ ਘੁਕਦੀ ਨਜ਼ਰ ਆ ਰਹੀ ਸੀ। ਸਾਰਿਆਂ ਦੇ ਮੂੰਹ ਨੂੰ ਤਾਲੇ ਵੱਜ ਗਏ ਸਨ।
ਕੁਲਬੀਰ ਨੇ ਅਮਲੀ ਦੇ ਮੰਜੇ ਨੂੰ ਲੱਤ ਮਾਰੀ।
ਅਮਲੀ ਦਹਿਲ ਕੇ ਉਠਿਆ। ਛੇ ਹਥਿਆਰਬੰਦ ਖ਼ਾੜਕੂ ਦੇਖ ਕੇ ਅਮਲੀ ਦੇ ਵੀ ਰਿੰਗ ਬੈਠ ਗਏ। ਉਸ ਨੇ ਹੱਥ ਜੋੜ ਲਏ।
-"ਸਾਸਰੀਕਾਲ ਜੀ...!" ਅਮਲੀ ਨੇ ਕਿਹਾ।
-"ਕੀ ਨਾਂ ਐ ਉਏ ਤੇਰਾ?"
-"ਮੇਰਾ ਨਾਂ ਬੋਘਾ ਅਮਲੀ ਐ ਜੀ, ਬਾਈ ਜੀ।"
-"ਤੇ ਐਹਨਾਂ ਦਾ ਐਥੇ ਮੇਲਾ ਲਾਇਐ?"
-"ਇਹ ਤਾਂ ਜੀ ਲੇਕਿਨ ਸੂਬੇਦਾਰ ਦੇ ਰੱਖੇ ਵੇ ਐ-ਮੈਂ ਵੀ ਏਥੇ ਈ ਕੰਮ ਕਰਦੈਂ ਜੀ।" ਡਰਿਆ ਅਮਲੀ ਦੱਸ ਰਿਹਾ ਸੀ।
ਕੁਲਬੀਰ ਅਸਾਲਟ ਸਿੱਧੀ ਕਰ ਕੇ ਭਈਆਂ ਵੱਲ ਮੁੜਿਆ। ਉਹਨਾਂ ਨੇ ਤਰਲੇ ਸ਼ੁਰੂ ਕਰ ਦਿੱਤੇ:
-"ਨਾ ਸਰਦਾਰ ਜੀ ਹਮੇਂ ਮਤ ਮਾਰੀਏ-ਹਮਾਰੇ ਤੋ ਛੋਟੇ ਛੋਟੇ ਬੱਚੇ ਹੈਂ-ਭੂਖੇ ਮਰ ਜਾਏਂਗੇ ਸਰਦਾਰ ਜੀ-ਹਮ ਬੀ ਆਪ ਜੈਸੇ ਸਰਦਾਰੋਂ ਕੇ ਸਿਰ ਪਰ ਬੱਚੇ ਪਾਲ ਰਹੇ ਹੈਂ ਸਰਦਾਰ ਜੀ-ਬਾਬਾ ਨਾਨਕ ਆਪ ਕਾ ਭਲਾ ਕਰੇ-ਹਮ ਨੇ ਤੋ ਕੋਈ ਗਲਤੀ ਨਹੀਂ ਕੀ ਸਰਦਾਰ ਜੀ-ਹਮੇਂ ਬਖਸ਼ ਲੀਜੀਏ ਮਤ ਮਾਰੀਏ ਸਰਦਾਰ ਜੀ-ਆਪ ਬੋਲੇਂਗੇ ਤੋ ਹਮ ਅਬੀ ਪੰਜਾਬ ਛੋੜ ਕਰ ਚਲੇ ਜਾਏਂਗੇ ਜੀ-ਏਕ ਬਾਰ ਹਮਾਰੀ ਜਾਨ ਬਖਸ਼ ਦੋ-ਫਿਰ ਕਭੀ ਇਧਰ ਨਹੀਂ ਆਏਂਗੇ ਜੀ-ਹਮ ਆਪ ਕੇ ਪਾਓਂ ਪਕੜਤੇ ਹੈਂ ਜੀ ਸਰਦਾਰ ਜੀ-ਹਮਾਰੇ ਬੱਚੋਂ ਕੇ ਲੀਏ ਹਮੇਂ ਛੋੜ ਦੀਜੀਏ ਜੀ-ਆਪ ਹਮਾਰੇ ਮਾਈ ਬਾਪ ਸਰਦਾਰ ਹੈਂ ਜੀ-ਹਮ ਤੋ ਆਪ ਕੀ ਦੀ ਹੂਈ ਰੋਟੀ ਖਾਨੇ ਵਾਲੇ ਗਰੀਬ ਇਨਸਾਨ ਹੈਂ ਜੀ-ਹਮਾਰੇ ਬੱਚੇ ਭੂਖੇ ਮਰ ਜਾਏਂਗੇ...!"
ਪਰ ਕੁਲਬੀਰੇ ਨੇ ਇੱਕ ਨਾ ਸੁਣੀ। ਅੱਧਾਧੁੰਦ ਫ਼ਾਇਰ ਦਾ ਮੂੰਹ ਖੋਹਲ ਦਿੱਤਾ। ਬਾਰਾਂ ਦੇ ਬਾਰਾਂ ਭਈਏ ਮਾਰੇ ਗਏ।
ਇੱਕ ਭਈਏ ਦਾ ਮੂੰਹ ਚੌਲਾਂ ਨਾਲ ਭਰੀ ਥਾਲੀ ਵਿਚ ਪਿਆ ਸੀ ਅਤੇ ਉਸ ਦੇ ਸਿਰ 'ਚੋਂ ਖੂਨ ਵਗ ਕੇ ਚੌਲਾਂ 'ਤੇ ਚੋਅ ਰਿਹਾ ਸੀ। ਦੇਖ ਕੇ ਰੈਂਸੀ ਦਾ ਮਨ ਕਿਰਕ ਗਿਆ। ਉਸ ਦਾ ਦਿਲ ਉਸ ਨੂੰ ਲਾਹਣਤਾਂ ਪਾ ਰਿਹਾ ਸੀ ਅਤੇ ਆਤਮਾ ਕੁਰਲਾਈ ਜਾ ਰਹੀ ਸੀ। ਉਸ ਨੇ ਭਈਏ ਦਾ ਸਿਰ ਚੌਲਾਂ ਤੋਂ ਚੁੱਕ ਕੇ ਉਸ ਨੂੰ ਸਿੱਧਾ ਲਿਟਾ ਦਿੱਤਾ। ਖੁੱਲ੍ਹੀਆਂ ਖੜ੍ਹੀਆਂ ਅੱਖਾਂ "ਵਾਹਿਗੁਰੂ" ਕਹਿ ਕੇ ਬੰਦ ਕਰ ਦਿੱਤੀਆਂ। ਸਾਰੇ, ਰੱਤੀਆਂ ਅੱਖਾਂ ਕਰੀ ਖੜ੍ਹੇ ਰੈਂਸੀ ਵੱਲ ਤੱਕ ਰਹੇ ਸਨ। ਰੈਂਸੀ ਨੇ ਗੁੱਸੇ ਨਾਲ ਏ. ਕੇ. ਸੰਤਾਲੀ ਵਿਹੜੇ ਵਿਚ ਚਲਾ ਕੇ ਮਾਰੀ ਅਤੇ ਭਰੇ ਮਨ ਨਾਲ ਬਾਹਰ ਨਿਕਲ ਗਿਆ। ਕੁਲਬੀਰੇ ਨੇ ਚੁੱਪ ਚਾਪ ਬੰਦੂਕ ਚੁੱਕ ਲਈ। ਉਸ ਦੇ ਮਨ 'ਤੇ ਕੋਈ ਬਹੁਤਾ ਕੋਈ ਅਸਰ ਨਹੀਂ ਹੋਇਆ ਸੀ।
-"ਲੈ ਅਮਲੀਆ...! ਤੈਨੂੰ ਪੰਜਾਬੀ ਬਾਈ ਕਰਕੇ ਬਖਸ਼ ਦਿੱਤਾ-ਹੁਣ ਘੰਟਾ ਐਥੋਂ ਨਾ ਹਿੱਲੀਂ।" ਕੁਲਬੀਰੇ ਨੇ ਕਿਹਾ।
-"ਮੈਂ ਬਾਈ ਜੀ ਸਾਰੀ ਰਾਤ ਨਹੀਂ ਹਿੱਲਦਾ-ਗੁਰੂ ਮਹਾਰਾਜ ਥੋਡਾ ਭਲਾ ਕਰੇ।" ਹੱਥ ਜੋੜੀ ਖੜ੍ਹੇ ਅਮਲੀ ਦੇ ਮੂੰਹ 'ਤੇ ਹਵਾਈਆਂ ਉਡ ਰਹੀਆਂ ਸਨ।
ਕੁਲਬੀਰੇ ਹੋਰੀਂ ਤੁਰ ਗਏ।
ਅਮਲੀ ਮੰਜੇ 'ਤੇ ਡਿੱਗ ਪਿਆ। ਫਿਰ ਪਤਾ ਨਹੀਂ ਕੀ ਹੋਇਆ, ਉਸ ਨੇ ਉਚੀ-ਉਚੀ ਰੋਣਾ ਸ਼ੁਰੂ ਕਰ ਦਿੱਤਾ। ਦਿਨ-ਰਾਤ ਨਾਲ ਰਹਿਣ ਵਾਲੇ ਜੋੜੀਦਾਰ ਮਿੱਟੀ ਬਣੇ ਸਾਹਮਣੇਂ ਪਏ ਸਨ। ਉਸ ਨੇ ਲਾਸ਼ਾਂ ਉਪਰ ਦੀ ਗੇੜਾ ਦਿੱਤਾ। ਸਾਰਿਆਂ ਨੂੰ ਸਿੱਧੇ ਕਰ-ਕਰ ਦੇਖਿਆ। ਕੋਈ ਸਾਹ ਨਹੀਂ ਲੈ ਰਿਹਾ ਸੀ।
ਕੁਲਬੀਰ ਦੇ ਹੁਕਮ ਨੂੰ ਲੱਤ ਮਾਰ, ਧਾਹਾਂ ਮਾਰਦਾ ਅਮਲੀ ਪਿੰਡ ਵੱਲ ਨੂੰ ਦੌੜ ਪਿਆ ਅਤੇ ਪਿੰਡ ਜਾ ਦੁਹਾਈ ਦਿੱਤੀ।
ਸਾਰੇ ਪਿੰਡ ਨੂੰ ਕਾਠ ਮਾਰ ਗਿਆ। ਲੋਕ ਵਾਹੋ-ਦਾਹੀ ਬਾਹਰ ਚੱਕੀ ਵੱਲ ਨੂੰ ਭੱਜ ਤੁਰੇ।
ਘੰਟੇ ਕੁ ਬਾਅਦ ਪੁਲੀਸ ਪਹੁੰਚੀ।
ਕੌਡੀਆਂ ਵਾਲੇ ਨੇ ਅਮਲੀ ਨੂੰ ਕੋਲ ਬਿਠਾ ਲਿਆ ਅਤੇ ਵਾਕੇ ਬਾਰੇ ਕਨਸੋਅ ਲੈਣੀ ਸ਼ੁਰੂ ਕਰ ਦਿੱਤੀ। ਹੁਲੀਏ ਪੁੱਛੇ।
-"ਹੁਲੀਏ ਕੀ ਦੱਸਾਂ ਜੀ...? ਮੇਰੀ ਤਾਂ ਮੱਤ ਈ ਮਾਰੀ ਗਈ...।" ਅਮਲੀ ਰੋ ਪਿਆ।
-"ਨਲ਼ੀਆਂ ਸਿੱਟ ਸਿੱਟ ਕੀਹਨੂੰ ਦਿਖਾਉਨੈਂ? ਮੈਂ ਹੁਲੀਏ ਪੁੱਛੇ ਐ...!" ਠਾਣੇਦਾਰ ਕੜਕਿਆ।
-"ਹੁਲੀਏ ਜੀ ਮੁੰਡੇ ਖੁੰਡੇ ਈ ਸੀ-ਮਾੜੀਆਂ ਮਾੜੀਆਂ ਦਾਹੜੀਆਂ ਰੱਖੀਆਂ ਹੋਈਆਂ ਸੀ-ਤੇ ਇੱਕ ਜੀ ਉਹਨਾਂ 'ਚੋਂ ਰਫਲ ਸਿੱਟ ਕੇ ਭੱਜ ਗਿਆ-ਉਹ ਗੁੱਸੇ 'ਚ ਲੱਗਦਾ ਸੀ-ਜਾਣ ਤੋਂ ਪਹਿਲਾਂ ਜੀ ਉਹਨੇ ਔਸ ਭਈਏ ਦਾ ਸਿਰ ਥਾਲੀ 'ਚੋਂ ਚੱਕ ਕੇ ਸਿੱਧਾ ਲਿਟਾਇਆ ਸੀ ਤੇ ਉਹਦੀਆਂ ਅੱਖਾਂ ਵੀ ਬੰਦ ਕੀਤੀਆਂ ਸੀ।" ਠਾਣੇਦਾਰ ਨੇ ਸੋਚਿਆ ਕਿ ਇਹੋ ਜਿਹਾ ਜਜ਼ਬਾਤੀ ਖ਼ਾੜਕੂ ਹੱਥ ਲੱਗ ਜਾਵੇ ਤਾਂ ਇੱਕ ਅੱਧਾ ਗਰੋਹ ਤਾਂ ਜ਼ਰੂਰ ਫੜਾ ਸਕਦਾ ਹੈ। ਜਦ ਬੰਦਾ ਜਜ਼ਬਾਤਾਂ ਤੋਂ ਮਾਰ ਖਾ ਕੇ ਪਛਤਾਵਾ ਕਰ ਲਵੇ ਤਾਂ ਸਾਧ ਬਣ ਜਾਂਦੈ!
-"ਕੀ ਨਾਂ ਸੀ ਉਹਦਾ?"
-"ਜੀ ਨਾਂ ਤਾਂ ਕਿਸੇ ਨੇ ਕਿਸੇ ਦਾ ਲਿਆ ਈ ਨ੍ਹੀਂ-ਇਹਨਾਂ ਵਿਚਾਰਿਆਂ ਦੀਆਂ ਮਿੰਨਤਾਂ ਮੁਨੱਤਰਾਂ ਵੀ ਨਹੀਂ ਸੁਣੀਆਂ-ਆਉਣ ਸਾਰ ਈ ਭੁੰਨਤੇ ਵਿਚਾਰੇ।"
-"ਤੇ ਤੈਨੂੰ ਕਿਵੇਂ ਛੱਡ ਗਏ?"
-"ਪਤਾ ਨਹੀਂ ਕੀ ਮਨ ਮਿਹਰ ਪੈ ਗਈ ਜੀ? ਪਰ ਜਾਂਦੇ ਹੋਏ ਇਹ ਕਹਿ ਗਏ ਜੀ ਅਖੇ ਤੂੰ ਪੰਜਾਬੀ ਬਾਈ ਐਂ-ਤਾਂ ਬਖਸ਼ਤਾ-ਪਰ ਘੰਟਾ ਐਥੋਂ ਨਾ ਹਿੱਲੀਂ-ਪਰ ਜੀ ਮੈਥੋਂ ਨਿੱਤ ਨਾਲ ਰਹਿੰਦੇ ਬੰਦੇ ਮਾਰੇ ਦੇਖ ਕੇ ਰਿਹਾ ਨਾ ਗਿਆ-ਤੇ ਮੈਂ ਤਾਂ ਪਿੰਡ ਆ ਕੇ ਡੌਂਡੀ ਪਿੱਟਤੀ।"
ਠਾਣੇਦਾਰ ਮੁੱਠੀਆਂ ਮੀਟ ਕੇ ਰਹਿ ਗਿਆ।
ਪੁਲੀਸ ਤੁਰ ਗਈ।
ਇਸ ਵਾਰਦਾਤ ਨੇ ਦੁਨੀਆਂ ਹਿਲਾ ਧਰੀ।
ਅਖ਼ਬਾਰਾਂ ਨੇ ਇਸ ਧੂੰਆਂਧਾਰ ਖ਼ਬਰ ਨੂੰ ਬੜੇ ਮਸਾਲੇ ਲਾ ਲਾ ਕੇ ਪੇਸ਼ ਕੀਤਾ ਸੀ। ਸਮੁੱਚੇ ਪੰਜਾਬ ਵਿਚੋਂ ਭਈਆਂ ਨੇ ਆਪਣੇ ਜੁੱਲੀ ਬਿਸਤਰੇ ਕਸ ਲਏ ਅਤੇ ਧੜਾ ਧੜ ਰੇਲੀਂ ਜਾ ਚੜ੍ਹੇ। ਅਗਰ ਕੋਈ ਉਹਨਾਂ ਨੂੰ ਰੋਕਣ ਦੀ ਕੋਸਿ਼ਸ਼ ਕਰਦਾ ਤਾਂ ਉਹ ਇੱਕੋ ਇੱਕ ਘੜ੍ਹਿਆ ਘੜ੍ਹਾਇਆ ਉਤਰ ਦਿੰਦੇ:
-"ਸਰਦਾਰ ਜੀ ਹਮ ਏਕ ਰੋਟੀ ਕੀ ਜਗਹ ਆਧੀ ਖਾ ਕਰ ਗੁਜ਼ਾਰਾ ਕਰ ਲੇਂਗੇ-ਮਗਰ ਅਪਨੇ ਬਾਲ ਬੱਚੋਂ ਮੇਂ ਤੋ ਰਹੇਂਗੇ-ਆਜ ਅੱਤਵਾਦੀਓਂ ਨੇ ਉਧਰ ਮਾਰ ਮਰਾਈ ਕੀ ਹੈ-ਕੱਲ੍ਹ ਇਧਰ ਭੀ ਕਰ ਸਕਤੇ ਹੈਂ-ਇਸੀ ਲੀਏ ਹਮ ਜਾਏਂਗੇ ਹੀ ਜਾਏਂਗੇ ਸਰਦਾਰ ਜੀ-ਫਿਰ ਕਭੀ ਹਾਲਾਤ ਸੁਧਰ ਗਏ ਤੋ ਹਮ ਫਿਰ ਆ ਜਾਏਂਗੇ ਜੀ-ਹਮਾਰਾ ਗੁਜ਼ਾਰਾ ਭੀ ਪੰਜਾਬ ਕੇ ਬਗੈਰ ਮੁਸ਼ਕਿਲ ਹੈ।"
ਜਿ਼ੰਮੀਦਾਰ ਘੋਰ ਨਿਰਾਸ਼ ਹੋ ਗਏ।
ਅੜੇ ਥੁੜੇ ਹੱਥ ਵਟਾਉਣ ਵਾਲੇ ਹਿਜ਼ਰਤ ਕਰ ਤੁਰ ਗਏ ਸਨ। ਖ਼ਬਰਾਂ ਪੜ੍ਹ ਪੜ੍ਹ ਕੇ ਰੇਸ਼ਮ ਅਤੇ ਗੁਰਪਾਲ ਦਿਲੋਂ ਹਿੱਲ ਗਏ। ਉਹਨਾਂ ਤਾਰੀ ਹੱਥ ਖ਼ਬਰ ਭੇਜੀ ਅਤੇ ਕੁਲਬੀਰੇ ਨੂੰ ਤੁਰੰਤ ਹਾਜ਼ਰ ਹੋਣ ਲਈ ਕਿਹਾ।
ਤੇਜਇੰਦਰ ਅਤੇ ਰਾਜਵਿੰਦਰ, ਰੇਸ਼ਮ ਅਤੇ ਗੁਰਪਾਲ ਕੋਲ ਘੋਰ ਨਿਰਾਸ਼ ਬੈਠੇ ਸਨ।
-"ਭਈਆਂ ਦੇ ਕਤਲਾਂ ਨੇ ਆਪਾਂ ਨੂੰ ਲੋਕਾਂ ਨਾਲੋਂ ਤੋੜਿਐ, ਜੋੜਿਆ ਨਹੀਂ-ਖ਼ਾਸ ਕਰਕੇ ਜੱਟ ਆਪਣੇ 'ਤੇ ਬਾਹਲੇ ਦੁਖੀ ਐ।" ਤੇਜਇੰਦਰ ਨੇ ਚੁੱਪ ਤੋੜੀ ਸੀ।
-"ਜਿਹੜੀ ਦਿਹਾੜੀ ਆਮ ਦਿਹਾੜੀਆ ਚਾਲੀ ਰੁਪਈਆਂ 'ਚ ਕਰਦੈ-ਉਹੀ ਦਿਹਾੜੀ ਇਕ ਭਈਆ ਤੀਹ ਰੁਪਈਆਂ 'ਚ ਕਰ ਦਿੰਦਾ ਸੀ-ਜੱਟ ਨੂੰ ਦਿਹਾੜੀ ਮਗਰ ਦਸ ਰੁਪਈਏ ਬਚਦੇ ਐ-ਉਹ ਭਈਏ ਨੂੰ ਭਜਾਉਣ 'ਚ ਕਿਵੇਂ ਖੁਸ਼ ਹੋਊ?" ਗੁਰਪਾਲ ਨੇ ਗੱਲ ਦੀ ਪ੍ਰੋੜਤਾ ਕੀਤੀ।
-"ਜੋ ਹੋ ਗਿਆ ਉਸ ਨੂੰ ਘੋੜੇ ਨਹੀਂ ਮਿਲਣੇਂ-ਕੁਲਬੀਰੇ ਨੂੰ ਅੱਗੇ ਤੋਂ ਅਜਿਹੀਆਂ ਆਪਹੁਦਰੀਆਂ ਤੋਂ ਸਖ਼ਤੀ ਨਾਲ ਰੋਕਿਆ ਜਾਵੇ-ਨਹੀਂ ਤਾਂ ਐਹੋ ਜਿਹੇ ਐਕਸ਼ਨ ਆਪਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਣਗੇ।" ਰਾਜਵਿੰਦਰ ਨੇ ਆਖਿਆ।
-"ਤਾਰੀ ਗਿਆ ਵਿਐ-ਦੇਖੋ ਕੀ ਖ਼ਬਰ ਦਿੰਦੈ?" ਰੇਸ਼ਮ ਨੇ ਕਿਹਾ। ਲੋਕਾਂ ਵਿਚ ਡਿੱਗਦੀ ਸ਼ਾਖ ਉਹ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ। ਜਿਹੜੀ ਲਹਿਰ ਨੂੰ ਉਹਨਾਂ ਨੇ ਇੱਕ ਇੱਕ ਇੱਟ ਲਾ ਕੇ ਚੁਬਾਰੇ ਚਾੜ੍ਹਿਆ ਸੀ, ਕੁਲਬੀਰਾ ਉਸੇ ਦੀਆਂ ਨੀਹਾਂ ਖੋਦਣ ਲੱਗ ਪਿਆ ਸੀ। ਜਿਸ ਬੂਟੇ ਨੂੰ ਖ਼ਾੜਕੂਆਂ ਨੇ ਖੂਨ ਪਾ ਕੇ, ਸਿੰਜ ਕੇ ਜੋਬਨ 'ਤੇ ਕੀਤਾ ਸੀ, ਕੁਲਬੀਰਾ ਉਸ ਬੂਟੇ ਦੇ ਹੀ ਜੜ੍ਹੀਂ ਤੇਲ ਦੇਈ ਜਾ ਰਿਹਾ ਸੀ।
ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਰੈਂਸੀ ਪੁੱਜ ਗਿਆ। ਉਸ ਦਾ ਮੂੰਹ ਲਟਕਿਆ ਹੋਇਆ ਸੀ। ਸੁੱਜੀਆਂ ਅੱਖਾਂ ਤੋਂ ਲੱਗਦਾ ਸੀ ਕਿ ਉਹ ਕਾਫ਼ੀ ਅਨੀਂਦਰਾ ਸੀ। ਉਸ ਨੇ ਆਉਣਸਾਰ ਆਪਣਾ ਰਿਵਾਲਵਰ ਮੇਜ਼ 'ਤੇ ਲਿਆ ਰੱਖਿਆ।
-"ਬਾਈ ਜੀ ਸਾਸਰੀਕਾਲ!"
-"ਬਾਹਲਾ ਈ ਹੰਭਿਆ ਜਿਆ ਲੱਗਦੈਂ?"
-"ਬਹੁਤ ਬੁਰੀ ਖਬਰ ਐ ਬਾਈ!"
-"......।" ਸਾਰਿਆਂ ਨੇ ਅਗਲੀ ਖ਼ਬਰ ਲਈ ਕੰਨ ਚੁੱਕ ਲਏ। ਪਰ ਗੁਰਪਾਲ ਬੋਲਿਆ, "ਬੋਲ ਤਾਂ ਸਹੀ-ਗੁਰੀਲੇ ਲਈ ਜਜ਼ਬਾਤੀ ਹੋਣਾ ਕਦੇ ਵੀ ਵਾਰਾ ਨਹੀਂ ਖਾਂਦਾ।"
-"ਅੱਜ ਤੜਕੇ ਕੌਡੀਆਂ ਆਲੇ ਨੇ ਬਲਿਹਾਰ ਤੇ ਦਿਲਰਾਜ ਮੁਕਾਬਲੇ 'ਚ ਸ਼ਹੀਦ ਕਰ ਦਿੱਤੇ।"
ਇੱਕ ਸੁੰਨ ਵਰਤ ਗਈ।
ਦੋ ਸਾਥੀ ਹੋਰ ਵਿਛੜ ਗਏ ਸਨ।
ਉਹਨਾਂ ਦੀ ਸੱਜੀ ਬਾਂਹ ਟੁੱਟ ਗਈ ਸੀ।
-"ਇੱਕ ਗੱਲ ਹੋਰ ਐ!" ਰੈਂਸੀ ਨੇ ਕਿਹਾ।
-"ਬੋਲ....?"
-"ਮੈਂ ਕੁਲਬੀਰੇ ਆਲੀ ਜੱਥੇਬੰਦੀ ਨੂੰ ਫ਼ਤਹਿ ਬੁਲਾ ਆਇਐਂ-ਮੈਥੋਂ ਮਜ਼ਲੂਮਾਂ ਦਾ ਖੂਨ ਨਹੀਂ ਬਹਾਇਆ ਜਾਂਦਾ ਬਾਈ!" ਉਸ ਨੇ ਮੂੰਹ ਹੱਥਾਂ ਵਿਚ ਲਕੋ ਲਿਆ। ਸ਼ਾਇਦ ਉਹ ਰੋ ਰਿਹਾ ਸੀ।
-"ਤੂੰ ਸਾਡੇ ਨਾਲ ਆ ਜਾਹ-ਤੇਰੇ ਲਈ ਹਮੇਸ਼ਾ ਦਰਵਾਜੇ ਖੁੱਲ੍ਹੇ ਐ!" ਗੁਰਪਾਲ ਨੇ ਕਿਹਾ।
-"ਪਰ ਇੱਕ ਸ਼ਰਤ 'ਤੇ!"
-"ਉਹ ਕਿਹੜੀ?"
-"ਮੇਰੇ ਅੱਗੇ ਸਿਰਫ਼ ਅਤੇ ਸਿਰਫ਼ ਇੱਕੋ ਹੀ ਕਾਰਜ ਐ-ਬੁੱਚੜ ਕੌਡੀਆਂ ਆਲੇ ਨੂੰ ਸੋਧਣਾ।"
-"ਦੇਖ ਰੈਂਸੀ...! ਆਪਣਾ ਅੱਗੇ ਈ ਬਹੁਤ ਨੁਕਸਾਨ ਹੋ ਚੁੱਕਿਐ-।"
-"ਏਸੇ ਲਈ ਤਾਂ ਮੈਂ ਪਿੱਟਦੈਂ! ਜੇ ਇਹ ਬੁੱਚੜ ਹੋਰ ਕੁਛ ਚਿਰ ਜਿਉਂਦਾ ਰਹਿ ਗਿਆ-ਏਹਨੇ ਹੋਰ ਖਾੜਕੂ ਨੁਕਸਾਨ ਦੇਣੇਂ ਐਂ-ਇਸ ਕਰਕੇ ਇਸ ਨੂੰ ਜਿੰਨੀ ਜਲਦੀ ਹੋ ਸਕੇ ਧੁਰ ਦੀ ਟਿਕਟ ਕੱਟ ਦਿੱਤੀ ਜਾਵੇ।"
-"ਪਰ ਇਹ ਕੰਮ ਤੇਰੇ 'ਕੱਲੇ ਦੇ ਕਰਨ ਦਾ ਨਹੀਂ ਰੈਂਸੀ! ਕੌਡੀਆਂ ਆਲਾ ਬਹੁਤ ਚਤਰ ਅਫ਼ਸਰ ਐ-ਉਹ ਨਾ ਹੋਵੇ ਕਿਤੇ-।" ਰੇਸ਼ਮ ਨੇ ਗੱਲ ਆਪਣੇ ਹੱਥ ਲੈਣੀ ਚਾਹੀ।
-"ਇੱਕ ਕੁਰਬਾਨੀ ਨਾਲ ਅਗਰ ਬੁੱਚੜ ਗੱਡੀ ਚੜ੍ਹਦੈ ਤਾਂ ਆਪਾਂ ਫਿਰ ਵੀ ਘਾਟੇ 'ਚ ਨਹੀਂ ਬਾਈ ਜੀ!" ਰੈਂਸੀ ਮਰਨ ਮਾਰਨ 'ਤੇ ਤੁਲਿਆ ਹੋਇਆ ਸੀ।
-".......।" ਸਾਰੇ ਸੋਚੀਂ ਪੈ ਗਏ।
-"ਤੁਹਾਡੀ ਇਜਾਜ਼ਤ ਬਿਨਾ ਮੈਂ ਇੱਕ ਇੰਚ ਨਹੀਂ ਤੁਰਦਾ-ਪਰ ਜੇ ਮਗਰਮੱਛ ਮੇਰੇ ਸਾਹਮਣੇ ਆ ਗਿਆ-ਮੈਥੋਂ ਰਹਿ ਨਹੀਂ ਹੋਣਾ-ਬਲਿਹਾਰ ਤੇ ਦਿਲਰਾਜ ਮੇਰੀ ਹਿੱਕ 'ਤੇ ਚੜ੍ਹੇ ਬੈਠੇ ਐ ਬਾਈ!"
-"ਰੈਂਸੀ ਦੇਖ ਲੈ! ਤੇਰੀ ਮਰਜ਼ੀ ਐ-ਖਤਰਾ ਈ ਖਤਰੈ।"
-"ਬਾਈ ਜੀ! ਮੇਰੀ ਆਖਰੀ ਈ ਸੁਣ ਲਓ-ਜਿੰਨਾ ਚਿਰ ਮੈਂ ਠਾਣੇਦਾਰ ਨੂੰ ਹੱਥੀਂ ਨਹੀਂ ਸੋਧਦਾ ਮੈਨੂੰ ਚੈਨ ਨਹੀਂ ਆਉਣੀ-ਬੁੱਚੜ ਨੇ ਉਹਨਾਂ 'ਤੇ ਉਹ ਜੁਲਮ ਢਾਹਿਐ-ਜਿਹੜਾ ਕਿਸੇ ਤੋਂ ਸੁਣਿਆਂ ਨਾ ਜਾ ਸਕੇ-ਪਰ ਮੈਂ ਸੁਣਿਐਂ ਸੂਰਮਿਆਂ ਨੇ ਮੁੱਖੋਂ 'ਸੀ' ਨਹੀਂ ਉਚਾਰੀ-ਕੌਡੀਆਂ ਆਲਾ ਆਬਦਾ ਜੋਰ ਲਾ ਹਟਿਆ।"
-"ਧੰਨ ਐਂ ਗੁਰੂ ਦੇ ਸਿੰਘ..!"
-"ਬੱਸ ਬਾਈ ਮੈਨੂੰ ਆਹ ਕੰਮ ਕਰ ਲੈਣ ਦਿਓ-ਮੈਂ ਚਾਹੇ ਜਿਉਂਦਾ ਮੁੜਾਂ ਨਾ ਮੁੜਾਂ-ਇਹ ਫਿਕਰ ਨਾ ਕਰੋ।"
ਸਾਰਿਆਂ ਨੇ ਸੋਚਿਆ ਗੁੱਸਾ ਮੁੰਡੇ ਦੇ ਸਿਰ ਨੂੰ ਚੜ੍ਹਿਆ ਹੋਇਆ ਹੈ। ਇਸ ਨੇ ਰੋਕਿਆਂ ਕਿਵੇਂ ਵੀ ਨਹੀਂ ਰੁਕਣਾ, ਸਗੋਂ ਬਾਗੀ ਹੀ ਹੋਵੇਗਾ।
-"ਖ਼ੈਰ! ਤੇਰੀ ਗੱਲ ਮੰਨੀ-ਪਰ ਇੱਕ ਤੈਨੂੰ ਸਾਡੀ ਵੀ ਮੰਨਣੀ ਪਊ!"
-"ਮਨਜੂਰ ਐ।"
-"ਤੂੰ ਤਾਰੀ ਆਉਣ ਤੱਕ ਜਰੂਰ ਰੁਕ-ਉਹ ਅੱਜ ਕੱਲ੍ਹ 'ਚ ਕੁਲਬੀਰੇ ਨੂੰ ਲੈ ਕੇ ਮੁੜਨ ਆਲੈ।"
-"ਠੀਕ ਐ।"
ਸਾਰਿਆਂ ਨੇ ਬਲਿਹਾਰ ਅਤੇ ਦਿਲਰਾਜ ਦੀ ਆਤਮਾ ਦੀ ਸ਼ਾਂਤੀ ਲਈ ਕਲਗੀਧਰ ਪਿਤਾ ਦੇ ਚਰਨਾਂ ਵਿਚ ਅਰਦਾਸ ਕੀਤੀ:
-"ਹੇ ਕਲਗੀਧਰ ਪਿਤਾ! ਖ਼ਾਲਸਾ ਪੰਥ ਦੇ ਬਾਨੀ! ਪੁੱਤਰਾਂ ਦੇ ਦਾਨੀ ਪਾਤਸ਼ਾਹ! ਤੇਰੇ ਸਾਜੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜੂਝਦੇ ਤੇਰੇ ਸਿੰਘ ਬਲਿਹਾਰ ਸਿੰਘ ਅਤੇ ਦਿਲਰਾਜ ਸਿੰਘ ਮੈਦਾਨ-ਏ-ਜੰਗ ਸ਼ਹੀਦੀਆਂ ਪਾ ਗਏ ਹਨ-ਆਪਣੇ ਸਿੰਘਾਂ ਨੂੰ ਗਲ ਲਾਉਣਾ ਜੀ ਅਤੇ ਜੂਝ ਰਹੇ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਜੀ।"
ਅਰਦਾਸ ਉਪਰੰਤ ਉਹਨਾਂ ਨੇ ਮਾੜੀ ਮੋਟੀ ਰੋਟੀ ਖਾਧੀ ਅਤੇ ਗੱਲਾਂ ਕਰਦੇ ਕਰਦੇ ਸੌਂ ਗਏ। ਪਰ ਰੈਂਸੀ ਨੂੰ ਅੱਚਵੀ ਲੱਗੀ ਹੋਈ ਸੀ। ਕਿਤੇ ਅੱਧੀ ਰਾਤੋਂ ਬਾਅਦ ਜਾ ਕੇ ਉਸ ਨੂੰ ਕਿਤੇ ਨੀਂਦ ਆਈ।
ਸੂਰਜ ਚੜ੍ਹਦੇ ਸਾਰ ਹੀ ਤਾਰੀ ਪਹੁੰਚ ਗਿਆ। ਜਦ ਆ ਕੇ ਉਸ ਨੇ ਨਵੀਂ ਮਨਹੂਸ ਖ਼ਬਰ ਸੁਣਾਈ ਤਾਂ ਸਾਰਿਆਂ ਦੇ ਦਿਮਾਗ ਅੰਦਰ ਬੰਬ ਫ਼ਟ ਗਿਆ। ਉਹ ਝੂਠੇ ਜਿਹੇ ਹੋ ਗਏ।
-"ਕੁਲਬੀਰੇ ਨੇ ਤਾਂ ਇੱਕ ਗਰੀਬ ਰੇਹੜ੍ਹੀ ਆਲਾ ਅਗਵਾਹ ਕਰ ਲਿਆ-ਉਹਤੋਂ ਤਿੰਨ ਲੱਖ ਰੁਪਈਆ ਫਿਰੌਤੀ ਮੰਗਦੈ।" ਤਾਰੀ ਨੇ ਦੱਸਿਆ ਸੀ।
-"ਐਨਾ ਨੁਕਸਾਨ ਜੱਥੇਬੰਦੀਆਂ ਦਾ ਜਾਂ ਕਹੋ ਮੂਵਮੈਂਟ ਦਾ ਕੌਡੀਆਂ ਆਲੇ ਨੇ ਨਹੀਂ ਕੀਤਾ-ਜਿੰਨਾ ਇਹ ਹਰਾਮਜ਼ਾਦਾ ਕਰੀ ਜਾਂਦੈ-ਠਾਣੇਦਾਰ ਨੇ ਤਾਂ ਆਪਣੇ ਸਿੰਘ ਸ਼ਹੀਦ ਕੀਤੇ ਐ-ਤੇ ਇਹੇ ਲਹਿਰ ਨੂੰ ਈ ਮਾਰਨ 'ਤੇ ਤੁਲਿਐ।"
-"ਕਿਤੇ ਪਹਿਲਾਂ ਇਹਨੂੰ ਨਾ ਗੱਡੀ ਚਾਹੜ੍ਹਨਾ ਪਵੇ?"
-"ਰੈਂਸੀ ਤੂੰ ਕੱਲ੍ਹ ਨੂੰ ਕਾਕੇ ਕੋਲ ਚੂਹੜਚੱਕ ਜਾਹ ਤੇ ਉਹਨੂੰ ਆਖ ਕੁਲਬੀਰੇ ਨੂੰ ਸਮਝਾ ਬੁਝਾ ਕੇ ਕਿਵੇਂ ਨਾ ਕਿਵੇਂ ਰੇਹੜੀ ਵਾਲੇ ਦਾ ਖਹਿੜਾ ਛੁਡਾਵੇ।" ਗੁਰਪਾਲ ਨੇ ਕਿਹਾ।
-"ਬਾਈ..! ਮੇਰੀ ਨਜ਼ਰ ਵਿਚ ਉਹ ਸਮਝਣ ਵਾਲਾ ਬੰਦਾ ਈ ਨਹੀਂ-ਪਤਾ ਨਹੀਂ ਕੀ ਹੋ ਗਿਆ-ਉਹਦਾ ਤਾਂ ਦਿਮਾਗ ਫਿਰ ਗਿਆ ਲੱਗਦੈ-ਉਹਨੂੰ ਜੱਥੇਬੰਦੀ ਤੋਂ ਸੇਵਾ ਮੁਕਤ ਕਰਕੇ ਨਵੀਂ ਨਿਯੁਕਤੀ ਕਰੋ!"
-"ਕੀ ਐ ਕਾਕੇ ਦੀ ਈ ਗੱਲ ਮੰਨ ਲਵੇ?"
-"ਚਲਿਆ ਮੈਂ ਜਾਨੈਂ-ਪਰ ਮੈਨੂੰ ਕੋਈ ਫ਼ਾਇਦਾ ਨਹੀਂ ਲੱਗਦਾ-ਜੇ ਉਹਨੂੰ ਕੁਛ ਕਹਿੰਨੇ ਐਂ ਤਾਂ ਹਲਕਿਆਂ ਮਾਂਗੂੰ ਵੱਢਣ ਨੂੰ ਆਉਂਦੈ-।"
-"ਕਾਕੇ ਨੂੰ ਕਹਿ ਬਈ ਕਹਿ ਕੇ ਤਾਂ ਦੇਖੇ?"
-"ਤੇ ਮੇਰਾ ਕੰਮ?" ਰੈਂਸੀ ਨੇ ਕੌਡੀਆਂ ਵਾਲੇ ਦੀ ਗੱਲ ਫਿਰ ਯਾਦ ਕਰਵਾਈ। ਠਾਣੇਦਾਰ ਉਸ ਦੇ ਦਿਲ 'ਤੇ ਰੋੜ ਵਾਂਗ ਰੜਕ ਰਿਹਾ ਸੀ।
-"ਤੂੰ ਤੇ ਕਾਕਾ ਰਲ ਕੇ ਸਾਂਭ ਲਇਓ!"
-"ਚੰਗਾ।"
-"ਘਰਾਟਾਂ ਵੱਲ ਦੀ ਨਾ ਜਾਈਂ-ਸੂਏ ਦੀ ਪਟੜੀ ਪੈ ਕੇ ਜਾਈਂ-ਘਰਾਟਾਂ 'ਤੇ ਸਾਲੇ ਦਿਨ ਰਾਤ ਨਾਕਾ ਲਾਈ ਰੱਖਦੇ ਐ।" ਤਾਰੀ ਨੇ ਖ਼ਬਰਦਾਰ ਕੀਤਾ।
ਰੈਂਸੀ ਤੁਰ ਗਿਆ।
ਗਰੀਬ ਰੇਹੜ੍ਹੀ ਵਾਲੇ ਬਾਰੇ ਅਖ਼ਬਾਰਾਂ ਵਿਚ ਖ਼ਬਰਾਂ ਆਉਣ ਲੱਗ ਪਈਆਂ। ਕਈ ਅਖ਼ਬਾਰਾਂ ਵਿਚ ਪੰਚਾਇਤਾਂ ਨੇ ਰੇਹੜ੍ਹੀ ਵਾਲੇ ਨੂੰ ਸਹੀ ਸਲਾਮਤ ਰਿਹਾਅ ਕਰ ਦੇਣ ਦੀ ਬੇਨਤੀ ਕੀਤੀ ਸੀ। ਉਸ ਦੀ ਘਰਵਾਲੀ ਨੇ ਵੀ ਇਹ ਹੀ ਬੇਨਤੀ ਕੀਤੀ ਸੀ ਕਿ ਖ਼ਾੜਕੂ ਵੀਰੋ! ਤੁਸੀਂ ਤਾਂ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਦੇ ਹੋ, ਪਰ ਸਾਡੇ ਪਾਸ ਤਾਂ ਤਿੰਨ ਰੁਪਏ ਵੀ ਨਹੀਂ। ਅਸੀਂ ਤਾਂ ਦਿਨੇਂ ਮਜ਼ਦੂਰੀ ਕਰਦੇ ਹਾਂ ਅਤੇ ਰਾਤ ਨੂੰ ਉਹ ਹੀ ਖਾ ਲੈਂਦੇ ਹਾਂ। ਤੁਹਾਨੂੰ ਕੋਈ ਭੁਲੇਖਾ ਲੱਗਿਆ ਹੈ। ਮੇਰਾ ਪਤੀ ਸਿਰਫ਼ ਆਲੂਆਂ ਦੀ ਰੇਹੜ੍ਹੀ ਲਾਉਂਦਾ ਹੈ। ਉਹ ਕੋਈ ਵੱਡਾ ਵਪਾਰੀ ਨਹੀਂ। ਤੁਸੀਂ ਚਾਹੇ ਆ ਕੇ ਸਾਡਾ ਮਕਾਨ ਦੇਖ ਲਓ। ਸਾਡੇ ਪਾਸ ਤਾਂ ਚਾਰ ਪੁਰਾਣੇ ਭਾਂਡਿਆਂ ਤੋਂ ਬਗੈਰ ਕੁਛ ਨਹੀਂ। ਇਸ ਲਈ ਕ੍ਰਿਪਾ ਕਰਕੇ ਮੇਰੇ ਪਤੀ ਨੂੰ ਛੱਡ ਦਿੱਤਾ ਜਾਵੇ। ਮੇਰੇ ਬੱਚੇ ਛੋਟੇ ਛੋਟੇ ਹਨ ਅਤੇ ਪਤੀ ਤੋਂ ਇਲਾਵਾ ਸਾਡੇ ਪ੍ਰੀਵਾਰ ਵਿਚ ਕਰ ਕੇ ਖੁਆਉਣ ਵਾਲਾ ਕੋਈ ਨਹੀਂ।
ਰੈਂਸੀ ਕਾਕੇ ਕੋਲ ਬੈਠਾ ਘੋਰ ਨਿਰਾਸ਼ਾ ਵਿਚ ਬੈਠਾ ਸਿਰ ਫੇਰ ਰਿਹਾ ਸੀ। ਕਾਕਾ ਵੀ ਕਿਸੇ ਗੱਲੋਂ ਗੰਭੀਰ ਹੋਇਆ ਬੈਠਾ ਸੀ।
-"ਕਾਕਿਆ..! ਮੈਨੂੰ ਇੱਕ ਗੱਲ ਅੰਦਰੋ ਅੰਦਰੀ ਹੋਰ ਖਾਈ ਜਾਂਦੀ ਐ।"
-"ਕੀ....?"
-"ਬਈ ਜੇ ਕੁਲਬੀਰਾ ਐਹੋ ਜਿਹੀਆਂ ਬੇਹੂਦਾ ਕਾਰਵਾਈਆਂ ਕਰਨੋਂ ਨਾ ਟਲਿਆ ਤਾਂ ਐਸ ਏਰੀਏ 'ਚੋਂ ਆਪਾਂ ਨੂੰ ਬਿਸਤਰੇ ਬੰਨ੍ਹਣੇ ਪੈਣਗੇ।"
-"........।"
-"ਨਵੀਂ ਭਰਤੀ ਬਾਰੇ ਕੁਛ ਕੀਤਾ?" ਅਚਾਨਕ ਰੈਂਸੀ ਨੇ ਪੁੱਛਿਆ।
-"ਦੋ ਮੁੰਡੇ ਭਰਤੀ ਕੀਤੇ ਐ-।"
-"ਵਿਸ਼ਵਾਸ਼ੀ ਬੰਦੇ ਐ?"
-"ਅਜੇ ਤਾਂ ਦੇਖਦੈਂ ਟੋਹ ਕੇ।"
-"ਗੁਰਪਾਲ ਹੋਰੀਂ ਫਿ਼ਕਰ ਕਰਦੇ ਸੀ ਬਈ ਪੁਲੀਸ ਆਬਦੇ ਕੈਟ ਸਾਡੇ 'ਚ ਘਸੋੜਨ ਨੂੰ ਫਿਰਦੀ ਐ।"
-"ਦੇਖ ਰੈਂਸੀ...! ਉਹ ਤਾਂ ਸਿਆਣੇ ਕਹਿੰਦੇ ਹੁੰਦੇ ਐ ਬਈ ਬੰਦੇ ਦੇ ਅੰਦਰ ਤਾਂ ਕੋਈ ਵੜਿਆ ਨਹੀਂ ਹੁੰਦਾ-ਪਰ ਇੰਦਰਜੀਤ ਤੇ ਦਿਲਜੀਤ ਐਹੋ ਜਿਹੇ ਲੱਗਦੇ ਨਹੀਂ।"
-"ਕਿੱਥੋਂ ਦੇ ਐ?"
-"ਇੰਦਰਜੀਤ ਤਖਤੂਪੁਰੇ ਦਾ ਐ ਤੇ ਦਿਲਜੀਤ ਧੂੜਕੋਟ ਦਾ।"
-"ਕਿਹੜੇ ਦੁੱਖੋਂ ਲਹਿਰ 'ਚ ਪੈਂਦੇ ਐ?"
-"ਜਿਹੜੇ ਰੋਗ ਨਾਲ ਮਰ ਗਈ ਬੱਕਰੀ ਉਹੀ ਰੋਗ ਪਠੋਰੇ ਨੂੰ-ਜਿਹੜੀ ਗੱਲੋਂ ਆਪਾਂ ਪਏ ਐਂ-ਪੁਲੀਸ ਤਸ਼ੱਦਦ, ਖੱਜਲ ਖੁਆਰੀ ਤੇ ਬੇਰੁਜ਼ਗਾਰੀ।"
ਉਹਨਾਂ ਨੂੰ ਗੱਲਾਂ ਕਰਦਿਆਂ ਸ਼ਾਮ ਹੋ ਗਈ।
ਗਗਨਦੀਪ ਰੋਟੀ ਲੈ ਕੇ ਚੁਬਾਰੇ ਵਿਚ ਹੀ ਆ ਗਈ।
ਕਾਕੇ ਅਤੇ ਰੈਂਸੀ ਨੇ ਰੋਟੀ ਖਾਧੀ ਅਤੇ ਰੈਂਸੀ ਜਾਣ ਲਈ ਤਿਆਰ ਹੋ ਗਿਆ।
-"ਸਵੇਰੇ ਚਲਾ ਜਾਈਂ-ਅਰਾਮ ਕਰ ਲੈ।"
-"ਨਹੀਂ ਬਾਈ ਮੇਰਾ ਜਾਣਾ ਜਰੂਰੀ ਐ-ਮੈਂ ਕਿਵੇਂ ਨਾ ਕਿਵੇਂ ਬੁੱਚੜ ਦਾ ਪ੍ਰਬੰਧ ਵੀ ਕਰਨੈ।"
-"ਪਹਿਲਾਂ ਪੂਰੀ ਪਲੈਨਿੰਗ ਬਣਾ ਕੇ-ਪੂਰਾ ਭੇਦ ਲੈ ਕੇ ਮਾਰ ਮਾਰੀਂ-ਐਮੇਂ ਜੁਆਕਾਂ ਆਲੀ ਗੱਲ ਨਾ ਕਰੀਂ-ਬੰਦੇ ਅੱਗੇ ਈ ਬਹੁਤ ਸ਼ਹੀਦੀਆਂ ਪਾ ਗਏ ਐ।"
-"ਕਾਕਿਆ...! ਤੂੰ ਮੇਰਾ ਦੋਸਤ ਐਂ-ਭਰਾ ਐਂ-ਮੈਂ ਜਿਉਂਦਾ ਮੁੜਾਂ ਨਾ ਮੁੜਾਂ-ਪਰ ਕੌਡੀਆਂ ਆਲੇ ਬੁੱਚੜ ਨੂੰ ਨਰਕਾਂ ਨੂੰ ਜ਼ਰੂਰ ਤੋਰਨੈਂ।"
-"ਮੈਂ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ-।" ਕਾਕੇ ਨੇ ਦੱਸਿਆ ਤਾਂ ਰੈਂਸੀ ਮੁੜ ਕੇ ਇੱਕ ਦਮ ਝਾਕਿਆ।
-"ਤੇਰੀ ਭਾਬੀ ਦਾ ਪੈਰ ਭਾਰਾ ਐ।"
-"ਉਹ ਬੱਲੇ ਬਾਈ...! ਬਣਾ ਦਿੱਤਾ ਗਰਾਰੀ ਦਾ ਗਰਾਰਾ...!" ਉਸ ਨੇ ਬੱਕਰਾ ਬੁਲਾ ਕੇ ਕਾਕੇ ਨੂੰ ਲੱਕੋਂ ਚੁੱਕ ਲਿਆ।
-"ਪਾਰਟੀ ਕਦੋਂ ਦੇਣੀਂ ਐਂ?"
-"ਜਦੋਂ ਮਰਜ਼ੀ...! ਪਰ ਪਾਰਟੀ ਕਾਹਦੀ ਯਾਰ? ਨਾ ਸ਼ਰਾਬ ਤੂੰ ਪੀਨੈਂ ਤੇ ਨਾ ਈ ਮੈਂ ਪੀਨੈਂ।"
-"ਯਾਰ ਸ਼ਰਾਬ ਨਾਲ ਕੋਈ ਬਾਹਲੀ ਪਾਰਟੀ ਹੁੰਦੀ ਐ? ਹੋਰ ਖਾਣ ਪੀਣ ਦੀਆਂ ਚੀਜ਼ਾਂ ਥੋੜ੍ਹੀਐਂ?"
-"ਹੋਰ ਦੱਸ ਕੀ ਖਾਣਾ ਪੀਣੈਂ?"
-"ਨਹੀਂ ਯਾਰ ਹੁਣ ਤਾਂ ਰੋਟੀ ਖਾ ਲਈ ਕਿਤੇ ਫੇਰ ਸਹੀ-ਕਾਕਿਆ ਮੇਰਾ ਇੱਕ ਚਿੱਤ ਹੋਰ ਕਰਦੈ।"
-"ਕੀ...?"
-"ਬਈ ਜੇ ਮੈਂ ਬੁੱਚੜ ਨੂੰ ਸੋਧਦਾ ਚੜ੍ਹਾਈ ਕਰ ਗਿਆ-ਤਾਂ ਮੈਂ ਪੁੱਤ ਬਣ ਕੇ ਤੇਰੇ ਘਰ ਜਨਮ ਲਵਾਂ।" ਰੈਂਸੀ ਕਾਕੇ ਦੇ ਗਲ ਲੱਗ ਗਿਆ। ਕਾਕੇ ਨੇ ਬਰਾਬਰ ਦੇ ਰੈਂਸੀ ਨੂੰ ਬੱਚੇ ਵਾਂਗ ਘੁੱਟ ਕੇ ਥਾਪੜਿਆ।
-"ਹਮੇਸ਼ਾ ਪਾਜ਼ੇਟਿਵ ਸਾਈਡ ਸੋਚੀਏ।" ਗਗਨਦੀਪ ਅੰਦਰ ਆ ਗਈ।
-"ਭਾਬੀ ਜੀ ਵਧਾਈਆਂ...!"
-"ਤੁਹਾਨੂੰ ਵੀ-ਹਾਂ ਦੱਸ ਦਿਉਰਾ ਦੁੱਧ ਪੀਏਂਗਾ?"
-"ਨਹੀਂ ਕਾਸੇ ਦੀ ਲੋੜ ਨਹੀਂ-ਹੁਣ ਤਾਂ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ।" ਉਸ ਨੇ ਕੰਡਕਟਰਾਂ ਵਾਲਾ ਬੈਗ ਚੁੱਕ ਲਿਆ।
-"ਤੂੰ ਕੁਲਬੀਰੇ ਕੋਲ ਕਦੋਂ ਜਾਏਂਗਾ?"
-"ਕੱਲ੍ਹ ਨੂੰ ਇੰਦਰਜੀਤ ਹੁਰਾਂ ਨੇ ਆਉਣੈਂ-ਤੇ ਜਦੋਂ ਈ ਉਹ ਆ ਗਏ-ਫ਼ੌਜਾਂ ਕੂਚ ਕਰ ਜਾਣਗੀਆਂ।"
-"ਉਹਨੂੰ ਇੱਕ ਗੱਲ ਤਾੜ ਕੇ ਕਹਿਦੀਂ ਬਈ ਗੁਰਪਾਲ ਹੋਰਾਂ ਦਾ ਹੁਕਮ ਐਂ-ਉਹਨਾਂ ਕੋਲ ਤੁਰੰਤ ਪਹੁੰਚੇ-ਉਹ ਬਹੁਤ ਗੁੱਸੇ 'ਚ ਐ-ਤੇ ਦੁਖੀ ਵੀ ਐ ਉਹਦੀਆਂ ਕਰਤੂਤਾਂ ਤੋਂ।"
ਕਾਕੇ ਨੇ ਸਿਰ ਹਿਲਾਇਆ।
ਰੈਂਸੀ ਰਸਤੇ ਪੈ ਗਿਆ।
ਤੜਕੇ ਕਾਕਾ ਅਜੇ ਸੁੱਤਾ ਹੀ ਪਿਆ ਸੀ ਕਿ ਮਾਮਾ ਅਖ਼ਬਾਰ ਲੈ ਕੇ ਆ ਗਿਆ। ਮਾਮਾ ਹਰ ਰੋਜ਼ ਸ਼ਹਿਰ ਚਾਰਾ ਲੈ ਕੇ ਜਾਂਦਾ ਸੀ ਅਤੇ ਕਾਕੇ ਦੇ ਕਹਿਣ 'ਤੇ ਆਉਣ ਲੱਗਾ ਅਖ਼ਬਾਰ ਲਈ ਆਉਂਦਾ ਸੀ। ਮਾਮਾ ਸੀਰੀ ਸਮੇਤ ਸਵੇਰੇ ਚਾਰ ਵਜੇ ਜਾਂਦਾ ਅਤੇ ਸੱਤ, ਸਾਢੇ ਸੱਤ ਵਜੇ ਟਰੈਕਟਰ ਟਰਾਲੀ ਲੈ ਕੇ ਮੁੜ ਆਉਂਦਾ।
-"ਅੱਜ ਮੈਨੂੰ ਡੀ. ਐੱਸ. ਪੀ. ਫੇਰ ਮਿਲਿਆ ਸੀ-।" ਮਾਮੇ ਨੇ ਅਖ਼ਬਾਰ ਕਾਕੇ ਅੱਗੇ ਸੁੱਟਦਿਆਂ ਕਿਹਾ।
-"ਉਹ ਕਹਿੰਦਾ ਸੀ ਬਈ ਜੇ ਕਾਕੇ ਨੂੰ ਮੇਰੇ ਅੱਗੇ ਪੇਸ਼ ਕਰ ਦਿਓਂ ਤਾਂ ਕੱਖ ਨਹੀਂ ਹੋਣ ਦਿੰਦਾ।" ਕਹਿ ਕੇ ਮਾਮੇ ਨੇ ਭਾਣਜੇ ਦਾ ਚਿਹਰਾ ਨਿਹਾਰਿਆ।
-"ਮਾਮਾ ਜੀ ਮੈਂ ਥੋਨੂੰ ਕਿੰਨੇ ਵਾਰੀ ਸਪੱਸ਼ਟ ਕਰ ਦਿੱਤੈ ਬਈ ਮੈਨੂੰ ਕਦੇ ਵੀ ਪੇਸ਼ ਹੋਣ ਵਾਸਤੇ ਨਾ ਕਹਿਓ-ਮੈਂ ਗੱਦਾਰੀ ਕਦੇ ਵੀ ਨਹੀਂ ਕਰ ਸਕਦਾ।"
-"ਇਹ ਗੱਦਾਰੀ ਕਾਹਦੀ ਐ? ਜੇ ਡੀ. ਐੱਸ. ਪੀ. ਦੇ ਪੇਸ਼ ਹੋ ਗਿਆ-ਉਹ ਮਾੜਾ ਮੋਟਾ ਕੇਸ ਪਾ ਕੇ ਤੈਨੂੰ ਅਦਾਲਤ ਹਵਾਲੇ ਕਰ ਦਿਊ-ਮਾੜੀ ਮੋਟੀ ਸਜ਼ਾ ਬੋਲੂ-ਬੱਸ ਤੂੰ ਦੋ ਚਾਰ ਮਹੀਨਿਆਂ 'ਚ ਬਾਹਰ ਆਜੇਂਗਾ।"
-"ਮਾਮਾ ਜੀ ਤੁਸੀਂ ਹੈਗੇ ਓ ਭੋਲੇ ਬੰਦੇ-ਤੁਹਾਨੂੰ ਪੁਲੀਸ ਦੇ ਚਲਿੱਤਰਾਂ ਦਾ ਕੋਈ ਪਤਾ ਨਹੀਂ-ਉਹਨਾਂ ਨੇ ਮੈਥੋਂ ਨਾਲ ਦੇ ਖ਼ਾੜਕੂਆਂ ਬਾਰੇ ਪੁੱਛਣੈਂ-ਉਹ ਮੈਂ ਦੱਸਣਾ ਨਹੀਂ-ਮਾਮਾ ਜੀ ਮੇਰੀ ਜਾਨ ਜਾ ਸਕਦੀ ਐ ਪਰ ਮੈਂ ਤੁਹਾਡੇ ਕਹਿਣ ਵਾਲੇ ਰਸਤੇ 'ਤੇ ਕਿਸੇ ਹਾਲਤ ਵਿਚ ਵੀ ਨਹੀਂ ਚੱਲ ਸਕਦਾ।"
-"ਚੰਗਾ..! ਮਰੋ ਕੁੱਤੇ ਦੀ ਮੌਤ...!! ਸਾਲੇ ਪਤਾ ਨਹੀਂ ਇਹਨਾਂ ਨੂੰ ਕੀ ਘੋਲ ਕੇ ਪਿਆਉਂਦੇ ਐ-ਮੌਤ ਨੂੰ ਮਾਊਂ ਈ ਸਮਝਦੇ ਐ-ਤੁਸੀਂ ਢਾਈ ਟੋਟਰੂ ਗੌਰਮਿਲਟ ਦਾ ਕੀ ਵਿਗਾੜ ਲਓਗੇ? ਤੁਸੀਂ ਦੋ ਮਾਰੋਂਗੇ ਪੰਦਰਾਂ ਹੋਰ ਆ ਜਾਣਗੇ-ਹਿੰਦੋਸਤਾਨ ਅੱਗੇ ਪਾਕਸਤਾਨ ਚੰਘਿਆੜਾਂ ਮਾਰਦੈ ਨਾਲੇ ਆਬਦੀ ਮਲੱਟਰੀ ਐ-ਤੁਸੀਂ ਉਹਨਾਂ ਅੱਗੇ ਕਿਹੜੇ ਬਾਗ ਦੀ ਮੂਲੀ ਐਂ?"
-"ਮਾਮਾ ਜੀ...! ਕੱਚੀ ਗੜ੍ਹੀ ਵਿਚ ਬਾਜਾਂ ਵਾਲੇ ਪਿਤਾ ਨੇ ਸਵਾ ਲੱਖ ਨਾਲ ਇੱਕ ਇੱਕ ਲੜਾਇਆ ਸੀ-ਆਪਣੇ ਪਿਤਾ ਦਾ ਹੁਕਮ ਐਂ ਕਿ ਸਵਾ ਲਾਖ ਸੇ ਏਕ ਲੜਾਊਂ-ਤਬੈ ਗੋਬਿੰਦ ਸਿੰਘ ਨਾਮ ਕਹਾਊਂ-ਇਹ ਸਿਰਫ਼ ਕਥਿਆ ਈ ਨਹੀਂ-ਕਰ ਕੇ ਦਿਖਾਇਐ-ਕਥਨੀ 'ਤੇ ਯਕੀਨ ਨਹੀਂ ਕੀਤਾ ਗੁਰੂ ਸਾਹਿਬ ਨੇ, ਕਰਨੀ 'ਤੇ ਯਕੀਨ ਕੀਤੈ-ਵੱਡੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਜੋ ਕੇਵਲ ਸਾਢੇ ਸਤਾਰਾਂ ਸਾਲ ਦੇ ਸਨ ਅਤੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ-ਜਿਹਨਾਂ ਦੋਹਾਂ ਦੁਆਰਾ ਚੋਜੀ ਪ੍ਰੀਤਮ ਨੇ ਸਵਾ ਲੱਖ ਦਾ ਬਚਨ ਪੂਰਾ ਕਰਵਾਇਆ-।"
-"ਤੁਸੀਂ ਦਸਵੇਂ ਪਾਤਸ਼ਾਹ ਐਂ?" ਮਾਮਾ ਭਾਫ਼ਾਂ ਛੱਡੀ ਜਾ ਰਿਹਾ ਸੀ।
-"ਨਹੀਂ ਅਸੀਂ ਦਸਵੇਂ ਪਿਤਾ ਦੀ ਲਾਡਲੀ ਫ਼ੌਜ ਐਂ-ਗੁਰੂ ਕ੍ਰਿਪਾ ਕਰਨ ਕਿਤੇ ਸਮਾਂ ਆਉਣ ਦਿਓ-ਮੈਂ ਨਹੀਂ ਕਹਿੰਦਾ ਬਈ ਮੈਂ ਮਰ ਨਹੀਂ ਸਕਦਾ-ਜਾਂ ਮੇਰੇ ਨਾਲ ਦੇ ਨਹੀਂ ਮਰ ਸਕਦੇ-ਮਰ ਸਾਰੇ ਸਕਦੇ ਐ-ਪਰ ਜਿਹੜੇ ਸਾਹਮਣੇਂ ਆਉਣਗੇ -ਉਹਨਾਂ ਨੂੰ ਲੱਦ ਕੇ ਟਰੱਕ 'ਤੇ ਲੈ ਕੇ ਜਾਣਗੇ-ਸੁੱਕੇ ਉਹ ਵੀ ਨਹੀਂ ਮੁੜਦੇ।"
-"ਮਰੋ..! ਮਰੋ ਸਾਲਿ਼ਓ..!!" ਗੁੱਸੇ ਵਿਚ ਫੁੰਕਾਰੇ ਮਾਰਦਾ ਮਾਮਾ ਬਾਹਰ ਨਿਕਲ ਗਿਆ। ਉਹ ਹਰ ਤਰ੍ਹਾਂ ਨਾਲ ਕਾਕੇ ਨੂੰ ਹੱਸਦਾ, ਖੇਡਦਾ ਦੇਖਣਾ ਚਾਹੁੰਦਾ ਸੀ। ਪਰ ਕਾਕਾ ਹੀ ਸੀ ਕਿ ਉਸ ਦੀ ਗੱਲ ਨਹੀਂ ਸੁਣਦਾ ਸੀ।
ਮਾਮੇਂ ਦੇ ਹੇਠਾਂ ਉਤਰਨ ਤੋਂ ਬਾਅਦ ਕਾਕੇ ਨੇ ਅਖ਼ਬਾਰ ਖੋਲ੍ਹ ਕੇ ਮੋਟੀ ਸੁਰਖੀ ਪੜ੍ਹੀ ਤਾਂ ਉਸ ਦੇ ਤਨ-ਮਨ 'ਤੇ ਜਿਵੇਂ ਬਿਜਲੀ ਡਿੱਗ ਪਈ। ਰਜਾਈ ਵਿਚ ਪਏ ਕਾਕੇ ਦਾ ਸਰੀਰ "ਝਰਨ-ਝਰਨ" ਕਰੀ ਜਾ ਰਿਹਾ ਸੀ। ਕੁਲਬੀਰੇ ਨੇ ਰੇਹੜ੍ਹੀ ਵਾਲਾ ਗਰੀਬ ਬਾਣੀਆਂ ਗੋਲੀਆਂ ਮਾਰ ਕੇ ਸ਼ਹਿਰ ਨੇੜੇ ਖੇਤਾਂ ਵਿਚ ਸੁੱਟ ਦਿੱਤਾ ਸੀ। ਉਸ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਪੁਲੀਸ ਨੇ ਕਬਜ਼ੇ ਵਿਚ ਕਰ ਲਈ ਸੀ ਅਤੇ ਕੇਸ ਦਰਜ਼ ਕਰਕੇ ਘਰਦਿਆਂ ਨੂੰ ਸੌਂਪ ਦਿੱਤੀ ਸੀ। ਖ਼ਬਰ ਅਨੁਸਾਰ ਰੇਹੜ੍ਹੀ ਵਾਲੇ ਦੀ ਪਤਨੀ ਨੇ ਖ਼ਾੜਕੂਆਂ ਨੂੰ ਬਦ-ਅਸੀਸਾਂ ਦਿੱਤੀਆਂ ਸਨ ਅਤੇ ਇਹ ਵੀ ਕਿਹਾ ਸੀ ਕਿ ਜੇ ਉਹਨਾਂ ਨੂੰ ਹੋਰ ਖੂਨ ਦੀ ਪਿਆਸ ਹੈ ਤਾਂ ਉਹ ਆਪਣੇ ਨਿੱਕੇ-ਨਿੱਕੇ ਬੱਚੇ ਲੈ ਕੇ ਖ਼ਾੜਕੂਆਂ ਕੋਲ ਆਉਣ ਲਈ ਤਿਆਰ ਹੈ। ਉਹ ਆਪਣੀ ਰਹਿੰਦੀ ਪਿਆਸ ਬੜੀ ਖੁਸ਼ੀ ਨਾਲ ਬੁਝਾ ਸਕਦੇ ਹਨ। ਉਹ ਬਿਲਕੁਲ ਨਿਆਸਰੀ ਹੋ ਗਈ ਸੀ। ਉਹ ਲੁੱਟੀ-ਪੁੱਟੀ ਜਾ ਚੁੱਕੀ ਸੀ। ਘਰ ਦਾ ਇੱਕੋ ਇੱਕ ਕਮਾਊ ਬੰਦਾ ਖ਼ਾੜਕੂਆਂ ਨੇ ਮਾਰ ਧਰਿਆ ਸੀ। ਗੁਜ਼ਾਰਾ ਹੁਣ ਕਿਸ ਦੇ ਸਿਰ 'ਤੇ ਤੁਰਨਾ ਸੀ? ਉਸ ਨੇ ਖ਼ਾੜਕੂਆਂ ਨੂੰ ਇਹ ਵੀ ਸੁਆਲ ਪੁੱਛਿਆ ਸੀ ਕਿ ਉਹ ਕਿਹੜੇ ਗੁਰੂ ਦੀ ਬਾਣੀ ਤੋਂ ਸੇਧ ਲੈ ਰਹੇ ਸਨ? ਕੀ ਛੋਟੇ-ਛੋਟੇ ਬੱਚਿਆਂ ਦੇ ਬਾਪ ਨੂੰ ਮਾਰ ਕੇ ਉਹਨਾਂ ਦੇ ਦਿਲੀਂ ਠੰਢ ਪੈ ਗਈ ਹੈ? ਕੀ ਗਰੀਬ ਮਾਰ ਕਰਕੇ ਉਹਨਾਂ ਦਾ ਖ਼ਾਲਿਸਤਾਨ ਬਣ ਗਿਆ? ਕੀ ਹੁਣ ਇੱਕ ਗਰੀਬ ਆਦਮੀ ਦੀ ਜਾਨ ਲੈ ਕੇ ਉਹਨਾਂ ਨੂੰ ਤਿੰਨ ਲੱਖ ਰੁਪਏ ਮਿਲ ਗਏ ਹਨ? ਲੋਕ ਇਸ ਵਾਰਦਾਤ ਦੀ ਨਿਖੇਧੀ ਕਰ ਰਹੇ ਸਨ।
ਵਿਸਥਾਰ ਵਿਚ ਦਿੱਤੀ ਖ਼ਬਰ ਪੜ੍ਹਦਾ ਕਾਕਾ ਸੁੰਨ ਹੁੰਦਾ ਜਾ ਰਿਹਾ ਸੀ। ਉਪਰੋਕਤ ਖ਼ਬਰ ਦੇ ਬਿਲਕੁਲ ਹੇਠਾਂ ਕੁਲਬੀਰ ਵੱਲੋਂ ਜਿ਼ੰਮੇਵਾਰੀ ਕਬੂਲੀ ਹੋਈ ਸੀ। ਕਾਕੇ ਦੇ ਬਦਨ ਨੂੰ ਅੱਗ ਲੱਗ ਗਈ। ਇੱਕ ਨਿਹੱਥਾ ਮਜ਼ਲੂਮ ਮਾਰ ਕੇ ਕੁਲਬੀਰਾ ਸਾਹਣ ਬਣਿਆਂ ਫਿਰਦਾ ਸੀ। ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰਦੀ ਹੈ ਅਤੇ ਕੁਲਬੀਰੇ ਨੇ ਇਸ ਇਲਾਕੇ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਲੋਕਾਂ ਵਿਚ ਖ਼ਾੜਕੂ ਲਹਿਰ ਬਦਨਾਮ ਕਰ ਮਾਰੀ ਸੀ।
ਦੁਪਿਹਰ ਨੂੰ ਇੰਦਰਜੀਤ ਅਤੇ ਦਿਲਜੀਤ ਪਹੁੰਚ ਗਏ।
ਕਾਕੇ ਨੇ ਸਵੇਰ ਦਾ ਕੁਝ ਖਾਧਾ ਨਾ ਪੀਤਾ ਸੀ।
-"ਖ਼ਬਰ ਪੜ੍ਹ ਈ ਲਈ ਹੋਣੀ ਐਂ?"
-"ਹਾਂ ਪੜ੍ਹ ਲਈ।"
-"ਚਾਹ ਪਾਣੀ ਪੀਣਾ ਐਂ ਤਾਂ ਪੀ ਲਵੋ-ਆਪਾਂ ਚੱਲਣੈਂ!"
-"ਕਿੱਥੇ?"
-"ਕੁਲਬੀਰੇ ਕੋਲੇ।"
-"ਪਹਿਲਾਂ ਆਪਾਂ ਗੁਰਪਾਲ ਹੋਰਾਂ ਨਾਲ ਰਾਇ ਕਰ ਲਈਏ? ਨਾਲੇ ਅਸੀਂ ਉਹਨਾਂ ਨੂੰ ਮਿਲ ਲਵਾਂਗੇ-।"
-"ਨਹੀਂ-ਅਜੇ ਨਹੀਂ।"
-"ਬਾਈ ਕਦੇ ਉਹਨਾਂ ਦੇ ਦਰਸ਼ਣ ਤਾਂ ਕਰਵਾ ਦੇਹ-ਜਦੋਂ ਅਸੀਂ ਕਹਿੰਦੇ ਆਂ-ਤੂੰ ਕੰਨ ਮੁੱਢ ਮਾਰ ਛੱਡਦੈਂ-ਪਤਾ ਨਹੀਂ ਜਿ਼ੰਦਗੀ ਸਾਲੀ ਕਿੰਨੇ ਕੁ ਦਿਨ ਐਂ।"
-"ਅਜੇ ਜੱਥੇਬੰਦੀ ਵੱਲੋਂ ਇਜਾਜ਼ਤ ਨਹੀਂ-ਜਿੱਦੇਂ ਇਜਾਜ਼ਤ ਮਿਲ ਗਈ-ਮਿਲਾ ਦਿਆਂਗੇ।"
ਇੰਦਰਜੀਤ ਅਤੇ ਦਿਲਜੀਤ ਸਾਹ ਖਿੱਚ ਕੇ ਰਹਿ ਗਏ।
ਅਸਲ ਵਿਚ ਇੰਦਰਜੀਤ ਅਤੇ ਦਿਲਜੀਤ ਪੁਲੀਸ ਦੇ "ਕੈਟ" ਸਨ। ਐੱਸ. ਪੀ. ਦੀ ਸਹਿਮਤੀ ਨਾਲ ਕੌਡੀਆਂ ਆਲੇ ਨੇ ਉਹਨਾਂ ਨੂੰ ਬੜੇ ਢੰਗ ਨਾਲ ਖ਼ਾੜਕੂਆਂ ਵਿਚ ਘੁੱਸਪੈਠ ਲਈ ਕਾਕੇ ਕੋਲ ਤੋਰਿਆ ਸੀ। ਕੌਡੀਆਂ ਵਾਲਾ ਇਕੱਲੇ ਕਾਕੇ ਨੂੰ ਹੀ ਗ੍ਰਿਫ਼ਤਾਰ ਨਹੀਂ ਕਰਨਾ ਚਾਹੁੰਦਾ ਸੀ, ਸਗੋਂ ਖ਼ਾੜਕੂਆਂ ਦੇ ਸਾਰੇ ਅੱਡਿਆਂ ਅਤੇ ਗਤੀਵਿਧੀਆਂ ਬਾਰੇ ਸੂਹ ਲੈ ਕੇ ਗੁਰਪਾਲ ਹੋਰਾਂ ਨੂੰ ਫੜਨਾ ਚਾਹੁੰਦਾ ਸੀ। ਮੋਟੀ ਰਕਮ ਤਾਂ ਉਸ ਦੇ ਹੱਥ ਲੱਗਣੀ ਹੀ ਸੀ, ਪਰ ਪ੍ਰਮੋਸ਼ਨ ਵੀ ਪੱਕੀ ਵੱਟ 'ਤੇ ਪਈ ਸੀ। ਜਿਸ ਕਾਰਣ ਠਾਣੇਦਾਰ ਆਪਣੇ ਸਬਰ ਦਾ ਰਸਤਾ ਲੰਬਾ ਕਰਦਾ ਆ ਰਿਹਾ ਸੀ। ਇੰਦਰਜੀਤ ਅਤੇ
ਦਿਲਜੀਤ ਉਸ ਦੇ ਹਿੱਕ ਦਾ ਵਾਲ਼ ਬਣ ਚੁੱਕੇ ਸਨ। ਉਸ ਨੇ ਇਨਾਮੀ ਖ਼ਾੜਕੂ ਫੜਾਉਣ ਲਈ ਹਦਾਇਤਾਂ ਕਰਦਿਆਂ ਇਨਾਮ ਦਾ ਅੱਧਾ ਹਿੱਸਾ ਅਤੇ ਠੁੱਕਦਾਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਕੁਲਬੀਰੇ ਵਰਗੇ ਨਿਸ਼ਾਨੇ ਤੋਂ ਥਿੜਕੇ ਖ਼ਾੜਕੂ ਨੂੰ ਬਚਾਉਣ ਲਈ ਵੀ ਉਹਨਾਂ ਨੂੰ ਆਖਿਆ ਸੀ। ਕਿਉਂਕਿ ਬੇਦੋਸਿ਼ਆਂ ਦੇ ਕਤਲ ਲਹਿਰ ਦੇ ਸਿੱਧੇ ਹੀ ਖਿ਼ਲਾਫ਼ ਅਤੇ ਪੁਲੀਸ ਦੇ ਹੱਕ ਵਿਚ ਜਾਂਦੇ ਸਨ। ਜਿਹੜਾ ਕੁਝ ਪੁਲੀਸ ਕਰਵਾਉਣਾ ਚਾਹੁੰਦੀ ਸੀ, ਉਹ ਤਾਂ ਕੁਲਬੀਰਾ ਆਪ ਕਰ ਰਿਹਾ ਸੀ। ਚਾਹੇ ਕੁਲਬੀਰਾ ਪੁਲੀਸ ਦਾ ਆਦਮੀ, ਕੈਟ ਜਾਂ ਕੋਈ ਟਾਊਟ ਨਹੀਂ ਸੀ, ਪਰ ਫਿਰ ਵੀ ਉਹ ਲਹਿਰ ਨੂੰ ਖੋਰਾ ਲਾ ਰਿਹਾ ਸੀ।
ਪਰ ਇੰਦਰਜੀਤ ਹੁਰਾਂ ਦੇ ਹੱਥ ਅਜੇ ਤੱਕ ਕਾਕੇ ਤੋਂ ਬਗੈਰ ਕੋਈ ਸਫ਼ਲਤਾ ਪੱਲੇ ਨਹੀਂ ਪਈ ਸੀ। ਠਾਣੇਦਾਰ ਨੇ ਉਹਨਾਂ 'ਤੇ ਕਾਕੇ ਦਾ ਵਿਸ਼ਵਾਸ਼ ਜਿੱਤਣ ਲਈ ਜੋਰ ਪਾਇਆ ਸੀ। ਉਸ ਨੇ ਉਹਨਾਂ ਨੂੰ ਇੱਕ ਹੋਟਲ ਵਿਚ ਬੈਠ ਕੇ ਆਖਿਆ ਸੀ:
-"ਚਾਹੇ ਇਹਨਾਂ ਨਾਲ ਰਲ ਕੇ ਵੀਹ ਬੰਦੇ ਮਾਰ ਦਿਓ-ਥੋਡੇ ਸਿਰ ਗੱਲ ਨਹੀਂ ਆਊਗੀ-ਪਰ ਇਸ ਮੂਵਮੈਂਟ ਦੇ ਗਲ ਆਰੀ ਫੇਰ ਦਿਓ-ਔਰ ਹਾਂ..! ਕੁਲਬੀਰੇ ਅਰਗੇ ਵਿਗੜੇ ਸਾਹਣ ਨੂੰ ਕੈਟ ਬਣਾਉਣ ਦੀ ਕੋਸਿ਼ਸ਼ ਕਰੋ-!"
-"ਪਰ ਜੀ ਕਿਵੇਂ? ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਪੁਲਸ ਦੇ ਕੈਟ ਆਂ-ਉਹ ਤਾਂ ਸਾਡੀ ਜਿਉਂਦਿਆਂ ਦੀ ਖੱਲ ਲਾਹ ਦੇਣਗੇ-ਪਤਾ ਨਹੀਂ ਭਿੰਡਰਾਂ ਆਲੇ ਨੇ ਇਹਨਾਂ ਨੂੰ ਕਿਹੜੀ ਗੁੜ੍ਹਤੀ ਦਿੱਤੀ ਐ? ਆਪ ਮਰਨੋਂ ਬੇਪ੍ਰਵਾਹ ਐ ਤੇ ਗੱਦਾਰ ਨੂੰ ਗੱਡੀ ਚਾੜ੍ਹਨ ਲੱਗੇ ਅੱਖ ਨਹੀਂ ਫ਼ਰਕਦੇ।" ਦਿਲਜੀਤ ਨੇ ਕਿਹਾ ਸੀ।
-"ਹਰ ਬੰਦੇ ਦੀਆਂ ਕਮਜ਼ੋਰੀਆਂ ਹੁੰਦੀਐਂ-ਉਹ ਕੋਈ ਰੱਬ ਤਾਂ ਹੈ ਨਹੀਂ-ਆਪਣੇ ਅਰਗੇ ਬੰਦੇ ਐ-ਕਾਕੇ ਵਰਗਿਆਂ ਦੀ ਪੂਛ ਮਰੋੜੀ ਰੱਖੋ ਬਈ ਕੁਲਬੀਰਾ ਬਿਲਕੁਲ ਈ ਗਲਤ ਰਸਤੇ 'ਤੇ ਤੁਰ ਰਿਹੈ-ਤੇ ਉਧਰੋਂ ਕੁਲਬੀਰੇ ਨੂੰ ਡਰ ਪਾ ਦਿਓ ਬਈ ਖ਼ਾੜਕੂ ਤੇਰੇ ਐਕਸ਼ਨਾਂ ਤੋਂ ਅਤੀਅੰਤ ਦੁਖੀ ਹਨ ਅਤੇ ਤੈਨੂੰ ਸੋਧਣ ਨੂੰ ਫਿਰਦੇ ਐ-ਬੱਸ ਫਿਰ ਕੀ..? ਦੁਸ਼ਮਣ ਦਾ ਦੁਸ਼ਮਣ ਆਪਣਾ ਮਿੱਤਰ-ਜਦੋਂ ਉਹਨੂੰ ਕਿਸੇ ਪਾਸੇ ਭੱਜਣ ਦਾ ਰਾਹ ਨਾ ਮਿਲਿਆ ਤਾਂ ਉਹ ਸਿੱਧਾ ਈ ਆਪਣੀ ਝੋਲੀ ਆ ਡਿੱਗੂ-ਬਾਕੀ ਸਾਰਾ ਕੁਛ ਫਿਰ ਮੈਂ ਆਪੇ ਸਾਂਭ ਲਊਂ-ਤੁਸੀਂ ਆਬਦਾ ਕੰਮ ਕਰੋ-।" ਕਹਿ ਕੇ ਉਹਨਾਂ ਨੂੰ ਠਾਣੇਦਾਰ ਨੇ ਤੋਰ ਦਿੱਤਾ ਸੀ।
ਕਾਕੇ ਨੇ ਕੱਪੜੇ ਪਾ ਲਏ ਸਨ।
ਖੇਤੋ-ਖੇਤੀ ਤੁਰਦੇ ਉਹ ਡੱਲੇ ਦੇ ਪੁਲ 'ਤੇ ਆ ਗਏ।
ਬੱਸ ਆਉਣ ਵਿਚ ਅਜੇ ਟਾਈਮ ਸੀ। ਇੰਦਰਜੀਤ ਨੇ ਢਾਬੇ 'ਤੇ ਚਾਹ ਧਰਾ ਲਈ। ਦਿਲਜੀਤ ਨੇ ਦੂਰੋਂ ਪੁਲੀਸ ਨਾਲ ਭਰੀ ਆਉਂਦੀ ਜੀਪ ਦੇਖੀ। ਉਹ ਬੋਚਵੇਂ ਪੈਰੀਂ ਕਾਕੇ ਕੋਲ ਆ ਗਿਆ।
-"ਬਾਈ ਤੂੰ ਮੱਲਕ ਦੇਣੇਂ ਅੰਦਰ ਵੜ ਜਾਹ-ਪੁਲਸ ਆਉਂਦੀ ਐ।" ਉਸ ਨੇ ਕਾਕੇ ਦੇ ਕੰਨ 'ਚ ਕਿਹਾ। ਕਾਕਾ ਪਰਦੇ ਨਾਲ ਅੰਦਰ ਵੜ ਗਿਆ।
ਜੀਪ ਲੰਘ ਗਈ। ਕੌਡੀਆਂ ਵਾਲਾ ਅਗਲੀ ਸੀਟ 'ਤੇ ਕੋਹੜ ਕਿਰਲ਼ੇ ਵਾਂਗ ਆਕੜਿਆ ਬੈਠਾ ਸੀ। ਇੰਦਰਜੀਤ ਅਤੇ ਦਿਲਜੀਤ ਨੂੰ ਦੇਖ ਕੇ ਉਸ ਦੇ ਚਿਹਰੇ 'ਤੇ ਕੋਈ ਹਾਵ ਭਾਵ ਨਾ ਆਇਆ। ਉਹ ਕੱਚ ਖਾ ਕੇ ਹਜ਼ਮ ਕਰਨ ਵਾਲਾ, ਹੱਦੋਂ ਵੱਧ ਚਲਾਕ ਅਫ਼ਸਰ ਸੀ।
-"ਬਾਈ ਇਹ ਜਿਹੜਾ ਐਧਰ ਗਿਆ ਐ-ਮੁੜੂ ਵੀ ਲਾਜ਼ਮੀ-ਇਹਨੂੰ ਗੱਡੀ ਨਾ ਚਾੜ੍ਹ ਦੇਈਏ?" ਇੰਦਰਜੀਤ ਨੇ ਚਾਹ ਪੀਂਦਿਆਂ ਕਾਕੇ ਦੀ ਰਾਇ ਪੁੱਛੀ।
-"ਹਰ ਕੰਮ ਕਰਨ ਦਾ ਕੋਈ ਢੁਕਵਾਂ ਵਕਤ ਹੁੰਦੈ-ਕਾਹਲੀ ਅਤੇ ਹੋਸ਼ੇਪਣ ਵਿਚ ਆ ਕੇ ਕੀਤਾ ਐਕਸ਼ਨ ਮਾਰੂ ਸਿੱਧ ਹੋ ਸਕਦੈ।" ਕਾਕੇ ਨੇ ਸਿਰਫ਼ ਇਤਨਾ ਹੀ ਕਿਹਾ ਸੀ।
-"ਭਰੋ ਘੁੱਟ-ਬੱਸ ਆਉਂਦੀ ਐ।"
ਚਾਹ ਦੇ ਪੈਸੇ ਦੇ ਕੇ ਉਹ ਬਾਹਰ ਆ ਗਏ।
ਬੱਸ ਫੜ ਕੇ ਉਹ ਕੁਲਬੀਰੇ ਦੇ ਟਿਕਾਣੇ 'ਤੇ ਪੁੱਜ ਗਏ। ਕੁਲਬੀਰਾ ਉਥੇ ਨਹੀਂ ਸੀ। ਬਾਹਰ-ਬਾਹਰ ਉਜਾੜ ਜਿਹੇ ਵਿਚ ਪਾਏ ਘਰ ਵਿਚ ਸਿਰਫ਼ ਕੁਲਦੀਪ ਹੀ ਸੀ। ਕੁਲਦੀਪ ਨੂੰ ਕਾਕੇ ਨੇ ਪਹਿਲੀ ਵਾਰ ਦੇਖਿਆ ਸੀ। ਕਾਕੇ ਨੇ ਮਕਾਨ ਵਿਚ ਭਲਵਾਨੀ ਗੇੜਾ ਦਿੱਤਾ। ਇਤਨੇ ਨੂੰ ਇੰਦਰਜੀਤ ਨੇ ਕੁਲਦੀਪ ਨੂੰ ਕੋਈ "ਗੁੱਝੀ" ਗੱਲ ਸਮਝਾ ਦਿੱਤੀ ਸੀ। ਪੱਕੀਆਂ ਪੌੜੀਆਂ ਰਾਹੀਂ ਛੱਤ ਉਪਰ ਗੇੜਾ ਦੇ ਕੇ ਕਾਕਾ ਹੇਠਾਂ ਆ ਗਿਆ। ਇੰਦਰਜੀਤ ਅਤੇ ਦਿਲਜੀਤ ਦੂਰ ਦਰਵਾਜੇ ਵਿਚ ਹੋ ਕੇ ਖੜ੍ਹ ਗਏ ਸਨ।
-"ਕੀ ਨਾਂ ਐਂ ਬਾਈ ਤੇਰਾ?"
-"ਕੁਲਦੀਪ ਐ ਬਾਈ ਜੀ।"
-"ਕਿਹੜਾ ਪਿੰਡ ਐ?"
-"ਝੰਡੇਆਣਾ।"
-"ਕਿੰਨਾ ਕੁ ਚਿਰ ਹੋ ਗਿਆ ਭਰਤੀ ਹੋਏ ਨੂੰ?"
-"ਥੋੜੇ ਦਿਨ ਈ ਹੋਏ ਐ।"
-"ਥੋਡਾ ਹੈਰਕੂਲੈੱਸ ਕਿੱਥੇ ਐ?"
-"ਬਾਈ ਕੁਲਬੀਰੇ ਦੀ ਗੱਲ ਕਰਦੇ ਐਂ?"
-"ਹਾਂ...!"
-"ਬਾਈ ਹੁਰੀਂ ਤਾਂ ਕਿਤੇ ਕੰਮ ਗਏ ਹੋਏ ਐ।"
ਕਾਕੇ ਨੇ ਸੋਚਿਆ ਕੰਜਰ ਹੁਣ ਕੋਈ ਹੋਰ ਕੰਗ ਖੜ੍ਹੀ ਕਰੂਗਾ। ਭਦਰਕਾਰੀ ਦੀ ਆਸ ਉਸ ਤੋਂ ਰੱਖੀ ਹੀ ਨਹੀਂ ਜਾ ਸਕਦੀ ਸੀ।
-"ਦੱਸ ਕੇ ਨਹੀਂ ਗਿਆ?"
-"ਮੈਨੂੰ ਤਾਂ ਬਾਈ ਜੀ ਨਵਾਂ ਜਿਆ ਬੰਦਾ ਸਮਝ ਕੇ ਘੱਟ ਵੱਧ ਈ ਦੱਸਦੇ ਐ।"
-"ਮੁੜੂ ਕਦੋਂ ਕੁ?"
-"ਰੱਬ ਜਾਣੇਂ!"
-"ਜਦੋਂ ਆਇਆ ਮੇਰਾ ਸੁਨੇਹਾਂ ਦੇ ਦੇਈਂ ਬਈ ਕਾਕਾ ਆਇਆ ਸੀ ਤੇ ਉਹ ਮੈਨੂੰ ਜ਼ਰੂਰ ਮਿਲੇ।"
-"ਆਖਦੂੰਗਾ ਬਾਈ-ਪਰ ਆਉਣਾ ਨਾ ਆਉਣਾ ਉਹਦਾ ਕੰਮ ਐਂ।"
ਸਾਰੇ ਮੁੜ ਆਏ।
ਮੁੜਦੇ ਇੰਦਰਜੀਤ ਨੇ ਕੁਲਦੀਪ ਵੱਲ ਬੜੇ ਰਹੱਸਮਈ ਤਰੀਕੇ ਨਾਲ ਤੱਕਿਆ ਸੀ। ਜਿਸ ਨੂੰ "ਕੈਟ" ਕੁਲਦੀਪ ਨੇ ਅੰਦਰ ਤੱਕ ਸਮਝ ਲਿਆ ਸੀ।
ਝੱਖੜਵਾਲੇ ਤੋਂ ਉਹਨਾਂ ਨੇ ਅੱਡੋ-ਅੱਡੀ ਬੱਸਾਂ ਫੜ ਲਈਆਂ। ਕਾਕਾ ਚੂਹੜਚੱਕ ਨੂੰ ਤੁਰ ਗਿਆ ਸੀ ਅਤੇ ਇੰਦਰਜੀਤ ਹੁਰੀਂ ਸ਼ਹਿਰ ਆ ਉਤਰੇ ਸਨ। ਉਤਰਨ ਸਾਰ ਹੀ ਇੰਦਰਜੀਤ ਨੇ ਠਾਣੇਦਾਰ ਨੂੰ ਟੈਲੀਫ਼ੋਨ ਕਰਕੇ ਹੋਟਲ ਬੁਲਾ ਲਿਆ।
ਸਦਰ ਠਾਣੇ ਨਾ ਆਉਣ ਦੀ ਉਹਨਾਂ ਨੂੰ ਸਖ਼ਤ ਤਾਕੀਦ ਕੀਤੀ ਹੋਈ ਸੀ। ਸਿਰਫ਼ ਹੋਟਲ ਹੀ ਮਿਲਣ ਦੀ ਹਦਾਇਤ ਸੀ।
ਸਰਕਾਰੀ ਜਿਪਸੀ ਲੈ ਕੇ ਕੌਡੀਆਂ ਆਲਾ ਬਿੱਜ ਵਾਂਗ ਆ ਵੱਜਿਆ। ਆਉਣਸਾਰ ਉਸ ਨੇ ਹੋਟਲ ਦਾ ਉਪਰਲਾ ਅਪਾਰਟਮੈਂਟ ਖੁਲ੍ਹਵਾ ਲਿਆ ਅਤੇ ਦੋਹਾਂ ਨੂੰ ਲੈ ਉਪਰ ਜਾ ਚੜ੍ਹਿਆ।
ਦਰਵਾਜਾ ਬੰਦ ਕਰ ਲਿਆ ਗਿਆ।
-"ਹਾਂ ਬਈ ਕੀ ਖ਼ਬਰ ਐ? ਕੋਈ ਪਾਈ ਪੂਰੀ ਕਿ ਨਹੀਂ?" ਉਹ ਰੂਲ ਸਾਹਮਣੇ ਮੇਜ਼ 'ਤੇ ਰੱਖ, ਕੁਰਸੀ 'ਤੇ ਡਟ ਕੇ ਬੈਠ ਗਿਆ।
-"ਸਰਦਾਰ ਜੀ-ਸੌ ਹੱਥ ਰੱਸਾ ਸਿਰੇ 'ਤੇ ਗੰਢ-ਸਾਨੂੰ ਭੇਦ ਕਾਕਾ ਕੋਈ ਦਿੰਦਾ ਨਹੀਂ-ਨਾ ਹੀ ਟਿਕਾਣਿਆਂ ਬਾਰੇ ਦੱਸਦੈ -ਜੇ ਮੇਰੀ ਗੱਲ ਮੰਨੋਂ-?" ਇੰਦਰਜੀਤ ਨੇ ਗੱਲ ਤੋਰੀ।
-"ਕੀ...?"
-"ਜੇ ਥੋਤੋਂ ਕਾਕਾ ਮਾਰਿਆ ਜਾਂਦੈ, ਮਾਰ ਲਵੋ-ਤੇ ਨਹੀਂ ਤਾਂ ਮੇਰੇ ਦਿਮਾਗ ਮੁਤਾਬਿਕ ਇਹ ਮੌਕਾ ਵੀ ਹੱਥੋਂ ਚਲਿਆ ਜਾਊ-।" ਇੰਦਰਜੀਤ ਕਾਕੇ ਦੇ ਸਿਰ 'ਤੇ ਰੱਖੇ ਦਸ ਲੱਖ ਰੁਪਏ ਨੂੰ ਜਲਦੀ ਹੱਥ ਮਾਰ ਲੈਣਾ ਚਾਹੁੰਦਾ ਸੀ। ਉਹ ਤਾਂ ਬੱਸ ਇਹ ਹੀ ਸੋਚ ਰਿਹਾ ਸੀ ਕਿ ਵਿਆਹ ਵਿਚ ਫਿਰ ਮਰਾਸਣ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ।
-"ਤੇ ਕੁਲਬੀਰੇ ਬਾਰੇ ਕੀ ਖਿਆਲ ਐ?"
-"ਕੁਲਬੀਰੇ 'ਤੇ ਇਹ ਸਾਰੇ ਈ ਔਖੇ ਐ-ਜੇ ਉਸ ਨੇ ਇਕ ਅੱਧੀ ਘਤਿੱਤ ਹੋਰ ਕਰ ਦਿੱਤੀ-ਇਹਨਾਂ ਨੇ ਉਹਨੂੰ ਗੱਡੀ ਚਾੜ੍ਹ ਦੇਣੈਂ-ਜੱਥੇਬੰਦੀ 'ਚੋਂ ਉਹਨੂੰ ਛੇਕ ਦਿੱਤੈ-ਹੁਣ ਉਹ ਅਜ਼ਾਦ ਐ।"
-"ਕੁਲਬੀਰਾ ਚਾਹੇ ਆਪਣਾ ਬੰਦਾ ਨਹੀਂ-ਪਰ ਉਹ ਕਿਸੇ ਹਾਲਤ ਵਿਚ ਵੀ ਮਰਨਾ ਨਹੀਂ ਚਾਹੀਦਾ-ਜੇ ਕੁਲਬੀਰੇ ਅਰਗੇ ਜਿਉਂਦੇ ਰਹਿਣਗੇ ਆਪਣੀ ਜਿੱਤ ਯਕੀਨੀ ਐਂ-ਕੁਲਦੀਪ ਨੇ ਕੋਈ ਸੁਰਾਗ ਕੱਢਿਐ?"
-"ਅਜੇ ਤੱਕ ਕੋਈ ਵੀ ਨਹੀਂ-ਪਰ ਮੈਂ ਕੁਲਦੀਪ ਨੂੰ ਪਰਦੇ ਨਾਲ ਆਖ ਦਿੱਤਾ ਸੀ ਕਿ ਉਹ ਕੁਲਬੀਰੇ ਨੂੰ ਡਰਾਵੇ ਕਿ ਗੁਰਪਾਲ ਤੇ ਕਾਕੇ ਹੋਰੀਂ ਤੈਨੂੰ ਮਾਰਨ ਨੂੰ ਫਿਰਦੇ ਐ।"
-"ਕਾਕੇ ਕੋਲ ਅਸਲਾ ਕਿੰਨਾ ਕੁ ਐ?"
-"ਉਹਦੇ ਕੋਲ ਸਰਦਾਰ ਜੀ ਇਕ ਸੰਤਾਲੀ ਐ ਤੇ ਪੂਰਾ ਪੰਜ ਸੌ ਰੌਂਦ ਐ-ਇੱਕ ਰਿਵਾਲਵਰ ਤੇ ਤਿੰਨ ਮੈਗਜ਼ੀਨ ਐ।"
-"ਕੋਈ ਰਾਕਟ ਲਾਂਚਰ ਜਾਂ ਗਰਨੇਡ?"
-"ਹੋਰ ਉਹਦੇ ਕੋਲੇ ਕੱਖ ਨਹੀਂ-।"
-"ਉਹਦੇ ਮਾਮੇਂ ਹੋਰੀਂ ਉਸ ਨੂੰ ਕਿੰਨਾ ਕੁ ਸਹਿਯੋਗ ਦਿੰਦੇ ਐ?"
-"ਕੋਈ ਸਹਿਯੋਗ ਨਹੀਂ ਦਿੰਦੇ ਸਰਦਾਰ ਜੀ-ਉਹ ਤਾਂ ਦੋਵੇਂ ਹੱਥੀਂ ਪਿੱਟਦੈ ਬਈ ਤੂੰ ਪੇਸ਼ ਹੋ ਜਾਹ-ਪਰ ਕਾਕਾ ਕਿਸੇ ਹਾਲਤ ਵਿਚ ਨਹੀਂ ਮੰਨਦਾ।"
-"ਜੇ ਅਸੀਂ ਘੇਰਾ ਪਾਈਏ-ਤੁਸੀਂ ਪਹਿਲਾਂ ਉਹਦੀ ਏ. ਕੇ. ਸੰਤਾਲੀ ਉਖਾੜ ਸਕਦੇ ਐਂ?"
-"ਉਹ ਤਾਂ ਉਖਾੜ ਦਿਆਂਗੇ ਜੀ-ਪਰ ਸਾਡੇ ਆਲੀਆਂ ਸੰਤਾਲੀਆਂ ਦਾ ਕੀ ਕਰਾਂਗੇ?"
-"ਥੋਨੂੰ ਵੀ ਦੇ ਦਿੱਤੀਆਂ?"
-"ਅਗਲੇ ਦਿਨ ਈ।"
-"ਕਿੱਥੋਂ?"
-"ਪਤਾ ਨਹੀਂ ਇੱਕ ਰੈਂਸੀ ਨਾਂ ਦਾ ਮੁੰਡਾ ਦੇ ਕੇ ਗਿਆ ਸੀ-ਪੂਰਾ ਨਾਂ ਉਹਦਾ ਪਤਾ ਨਹੀਂ ਅਤੇ ਨਾ ਹੀ ਪਿੰਡ ਦਾ ਪਤੈ।"
-"ਤੁਸੀਂ ਤਿੰਨੇ ਹਥਿਆਰ ਸਾਡੇ ਘੇਰਾ ਪਾਉਣ ਤੋਂ ਪਹਿਲਾਂ ਉਖੇੜਨੇ ਐਂ-ਹੋ ਸਕੇ ਤਾਂ ਰਿਵਾਲਵਰ ਵੀ।"
-"ਰਿਵਾਲਵਰ ਤਾਂ ਸਰਦਾਰ ਜੀ ਉਹ ਡੱਬ 'ਚੋਂ ਨਹੀਂ ਕੱਢਦਾ-।"
-"ਖ਼ੈਰ! ਰਿਵਾਲਵਰ ਦੀ ਮਾਰ ਵੀ ਕਿੰਨੀ ਕੁ ਹੁੰਦੀ ਐ-ਤੁਸੀਂ ਸੰਤਾਲੀਆਂ ਜ਼ਰੂਰ ਉਖੇੜ ਧਰਿਓ-ਰੌਂਦ ਪੱਕਾ ਪਤਾ ਐ ਬਈ ਪੰਜ ਸੌ ਈ ਐ?"
-"ਪੱਕਾ ਪਤੈ ਜੀ।"
-"ਤੁਸੀਂ ਮੈਨੂੰ ਇੱਕ ਦੋ ਦਿਨਾਂ ਤੱਕ ਪੂਰਾ ਨਕਸ਼ਾ ਬਣਾ ਕੇ ਦਿਓ-ਪੱਕੇ ਪੈਰੀਂ ਘੇਰਾ ਪਾਵਾਂਗੇ-ਤੇ ਉਸ ਦਿਨ ਤੁਸੀਂ ਉਹਨੂੰ ਕਿਤੇ ਜਾਣ ਨਹੀਂ ਦੇਣਾ।"
-"ਠੀਕ ਐ ਜੀ।"
-"ਮੈਂ ਉਦੋਂ ਤੱਕ ਘੇਰਾਬੰਦੀ ਦਾ ਪ੍ਰਬੰਧ ਕਰਦੈਂ-ਤੇ ਇਕ ਦੋ ਦਿਨਾਂ 'ਚ ਪਾ ਦਿਆਂਗੇ ਭੜ੍ਹਾਕੇ!" ਤੇ ਠਾਣੇਦਾਰ ਤੁਰ ਗਿਆ।
ਇੰਦਰਜੀਤ ਹੁਰੀਂ ਅਗਲੇ ਦਿਨ ਸਵੇਰੇ ਦਸ ਕੁ ਵਜੇ ਕਾਕੇ ਕੋਲ ਪਹੁੰਚ ਗਏ।
ਇੰਦਰਜੀਤ ਹੁਰੀਂ ਅਗਲੇ ਦਿਨ ਸਵੇਰੇ ਦਸ ਕੁ ਵਜੇ ਕਾਕੇ ਕੋਲ ਪਹੁੰਚ ਗਏ। ਕਾਕਾ ਸਿਰ ਸੁੱਟੀ ਬੈਠਾ ਸੀ। ਇਕ ਪਾਸੇ ਅਖ਼ਬਾਰ ਪਿਆ ਸੀ। ਉਹ ਮੂੰਹੋਂ ਕੁਝ ਵੀ ਬੋਲ ਨਹੀਂ ਰਿਹਾ ਸੀ। ਬੱਸ! ਸਿਲ-ਪੱਥਰ ਹੋਇਆ, ਜਾੜ੍ਹ ਘੁੱਟੀ ਬੈਠਾ ਸੀ।
-"ਹੁਣ ਕੀ ਹੋ ਗਿਆ ਬਾਈ?" ਇੰਦਰਜੀਤ ਨੇ ਕਾਕੇ ਬਰਾਬਰ ਬੈਠਦਿਆਂ ਪੁੱਛਿਆ। ਉਸ ਨੂੰ ਪ੍ਰਪੱਕ ਪਤਾ ਸੀ ਕਿ ਕੁਲਬੀਰੇ ਨੇ ਹੋਰ ਕੋਈ 'ਕਾਰਾ' ਕਰ ਦਿੱਤਾ ਸੀ।
-"ਆਪੇ ਈ ਪੜ੍ਹ ਲੈ!" ਕਾਕੇ ਨੇ ਅਖ਼ਬਾਰ ਉਸ ਦੇ ਹੱਥ ਦੇ ਦਿੱਤਾ। ਇੰਦਰਜੀਤ ਪੜ੍ਹਨ ਲੱਗ ਪਿਆ। ਮੋਟੀ ਸੁਰਖੀ ਸੀ:
-"ਖ਼ਾੜਕੂਆਂ ਵੱਲੋਂ ਇਕ ਕਾਲਜੀਏਟ ਲੜਕੀ ਅਗਵਾਹ!"
ਇਕ ਲੰਬੀ ਖ਼ਬਰ ਸੀ।
ਖ਼ਬਰ ਅਨੁਸਾਰ ਕੁਲਬੀਰੇ ਸਮੇਤ ਪੰਜ ਹੋਰ ਖ਼ਾੜਕੂ ਰਾਤ ਨੂੰ ਇਕ ਮੱਧ-ਵਰਗੀ ਕਿਸਾਨ ਦੇ ਘਰ ਵਿਚ ਦਾਖਲ ਹੋਏ ਅਤੇ ਉਹਨਾਂ ਨੇ ਘਰਦਿਆਂ ਨੂੰ ਲੜਕੀ ਆਪਣੇ ਨਾਲ ਭੇਜਣ ਲਈ ਕਿਹਾ। ਪੁੱਛਣ 'ਤੇ ਖ਼ਾੜਕੂਆਂ ਨੇ ਕਿਹਾ ਕਿ ਬਾਹਰ ਕਿਸੇ ਬਹਿਕ 'ਤੇ ਸਾਡੇ ਸਾਥੀ ਬੈਠੇ ਹਨ ਅਤੇ ਕੁੜੀ ਉਹਨਾਂ ਨੂੰ ਰੋਟੀਆਂ ਪਕਾਉਣ ਲਈ ਚਾਹੀਦੀ ਹੈ। ਪਰ ਜਦ ਕੁੜੀ ਦੀ ਮਾਂ ਨੇ ਮਿੰਨਤਾਂ-ਤਰਲੇ ਕੀਤੇ ਅਤੇ ਖ਼ੁਦ ਆਪ ਜਾ ਕੇ ਰੋਟੀਆਂ ਪਕਾਉਣ ਲਈ ਕਿਹਾ ਤਾਂ ਉਸ ਨੂੰ ਅਸਾਲਟਾਂ ਦੇ ਬੱਟ ਮਾਰੇ ਅਤੇ ਬੰਦੂਕ ਦੀ ਨੋਕ 'ਤੇ ਬੀ. ਐੱਡ. ਕਰਦੀ ਕੁੜੀ ਨੂੰ ਨਾਲ ਲੈ ਗਏ।
ਖ਼ਬਰ ਛਪਣ ਤੱਕ ਕੁੜੀ ਵਾਪਿਸ ਨਹੀਂ ਆਈ ਸੀ।
ਇੰਦਰਜੀਤ ਨੇ ਵਿੱਚੋਂ-ਵਿੱਚੋਂ ਮੋਟੀ-ਮੋਟੀ ਖ਼ਬਰ ਪੜ੍ਹ ਕੇ ਅਖ਼ਬਾਰ ਫਿਰ ਕੁਰਸੀ 'ਤੇ ਰੱਖ ਦਿੱਤਾ। ਅਖ਼ਬਾਰ ਦਿਲਜੀਤ ਨੇ ਚੁੱਕ ਲਿਆ।
-"ਕੀ ਸੋਚਿਐ?" ਦਿਲਜੀਤ ਨੇ ਪੜ੍ਹ ਕੇ ਅਖ਼ਬਾਰ ਇਕੱਠਾ ਕਰਦਿਆਂ ਪੁੱਛਿਆ।
-"ਮੈਂ ਗੁਰਪਾਲ ਹੁਰਾਂ ਕੋਲ ਰੈਂਸੀ ਨੂੰ ਭੇਜਿਐ-ਉਹ ਕੀ ਖ਼ਬਰ ਦਿੰਦੇ ਐ? ਫਿਰ ਦੇਖਾਂਗੇ।"
-"........।"
-"ਮੇਰਾ ਤਾਂ ਦਿਲ ਕਰਦੈ ਸਾਲੇ ਨੂੰ ਖੜ੍ਹੇ ਨੂੰ ਈ ਉੜਾ ਦਿਆਂ।"
-"ਦੇਖ ਬਾਈ...!" ਇੰਦਰਜੀਤ ਬੋਲਿਆ।
-"ਕੁਲਬੀਰੇ ਦਾ ਹੋ ਗਿਆ ਦਿਮਾਗ ਖ਼ਰਾਬ-ਇਸ ਲਈ ਇਹ ਨਹੀਂ ਪਤਾ ਬਈ ਉਹ ਤੇਰੇ 'ਤੇ ਈ ਗੋਲੀ ਚਲਾ ਦੇਵੇ-ਅਸੀਂ ਤੇਰੇ ਬਿਨਾਂ ਕੱਖ ਦੇ ਨਹੀਂ-ਜੇ ਗੁਰਪਾਲ ਹੋਰਾਂ ਨੇ ਹਰੀ ਝੰਡੀ ਦੇ ਦਿੱਤੀ ਤਾਂ ਤੂੰ ਰਹੀਂ ਪਿੱਛੇ ਤੇ ਕੁਲਬੀਰੇ ਆਲਾ ਕੀਰਤਨ ਸੋਹਿਲਾ ਅਸੀਂ ਪੜ੍ਹਾਂਗੇ।"
-"ਮੈਨੂੰ ਹੱਥੀਂ ਮਾਰੇ ਬਿਨਾ ਸਬਰ ਨਹੀਂ ਆਉਣਾ-।"
-"ਬਾਈ ਸਿਆਣੇ ਕਹਿੰਦੇ ਹੁੰਦੇ ਐ ਬਈ ਜੇ ਫ਼ੌਜਾਂ ਦਾ ਕਮਾਂਡਰ ਮਾਰਿਆ ਜਾਵੇ-ਬਾਕੀ ਸੈਨਾਂ ਡੱਕੇ ਦੀ ਨਹੀਂ ਰਹਿੰਦੀ-ਬੱਸ ਤੂੰ ਪਿੱਛੇ ਰਹੀਂ-ਅਸੀਂ ਸੋਧ ਕੇ ਤੇਰੇ ਮੂਹਰੇ ਲਿਆ ਸੁੱਟਾਂਗੇ।"
-"ਇੰਦਰਜੀਤ...! ਕੁਲਬੀਰਾ ਕੋਈ ਮਾੜਾ ਮੋਟਾ ਖ਼ਾੜਕੂ ਨਹੀਂ-ਪੂਰਾ ਟਰੇਂਡ ਗੁਰੀਲਾ ਐ-ਜੇ ਉਹ ਐਹਨਾਂ ਅਕ੍ਰਿਤਘਣ ਗੱਲਾਂ ਨੂੰ ਤਿਆਗ, ਐਨਾ ਕੰਮ ਲਹਿਰ ਲਈ ਕਰਦਾ ਤਾਂ ਅਸੀਂ ਮੰਜਿ਼ਲ ਦੇ ਕਾਫ਼ੀ ਨਜ਼ਦੀਕ ਹੁੰਦੇ-ਪਰ ਹਰਾਮਜ਼ਾਦੇ ਨੇ ਸਾਰੀ ਖੀਰ 'ਚ ਸੁਆਹ ਪਾਅਤੀ-ਜਿੰਨਾ ਕੁ ਅਸੀਂ ਲੋਕਾਂ ਦੇ ਚਹੇਤੇ ਸਾਲਾਂ 'ਚ ਹੋਏ ਸੀ-ਇਹਨੇ ਇਕ ਮਹੀਨੇ 'ਚ ਹੀ ਨੱਕੋਂ ਬੁੱਲ੍ਹੋਂ ਲੁਹਾ ਮਾਰਿਆ-ਜੱਥੇਬੰਦੀਆਂ ਨਾਲੋਂ ਚਾਹੇ ਛੇਕ ਹੀ ਦਿੱਤਾ-ਪਰ ਲੋਕਾਂ ਭਾਣੇਂ ਖ਼ਾੜਕੂ ਐ।"
-".........।" ਇੰਦਰਜੀਤ ਹੁਰੀਂ ਚੁੱਪ, ਸੁਣ ਰਹੇ ਸਨ।
-"ਤੁਸੀਂ ਵੀ ਇਤਿਹਾਸ ਪੜ੍ਹਿਆ ਹੀ ਹੈ-ਇਤਿਹਾਸ ਗਵਾਹ ਹੈ ਸਿੱਖ ਕੌਮ ਨੇ ਕਦੇ ਕਿਸੇ ਜਰਵਾਣੇਂ ਜਾਂ ਤਾਨਾਸ਼ਾਹ ਰਾਜ ਦੀ ਈਨ ਨਹੀਂ ਮੰਨੀ-ਇਹ ਗੱਲ ਸਪੱਸ਼ਟ ਹੈ ਕਿ ਸਿੱਖਾਂ ਨੇ ਜ਼ਾਲਮ ਨੂੰ ਸਜ਼ਾ ਦੇਣ ਦੇ ਨਾਲ ਨਾਲ ਆਪਣੇ ਸ਼ਾਨਾਮੱਤੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਮੁੜ-ਮੁੜ ਦੁਹਰਾਉਣ ਦੇ ਕਾਰਨਾਮੇਂ ਵੀ ਕੀਤੇ ਹਨ-ਗੁਰ ਇਤਿਹਾਸ ਤੋਂ ਲੈ ਕੇ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਭਾਵੇਂ ਸਿੱਖਾਂ ਵੱਲੋਂ ਬਹੁਤਾ ਯੋਜਨਾਬੱਧ ਢੰਗ ਨਾਲ ਇਤਿਹਾਸ ਦੇ ਰੂਪ ਵਿਚ ਇਕੱਤਰ ਨਹੀਂ ਕੀਤਾ ਜਾ ਸਕਿਆ-ਪਰ ਫਿਰ ਵੀ ਸੀਨਾਂ-ਬ-ਸੀਨਾਂ ਅਤੇ ਕੁਝ ਲਿਖਤੀ ਇਤਿਹਾਸਕ ਰਚਨਾਵਾਂ ਦੇ ਅਧਾਰ 'ਤੇ ਮੌਜੂਦਾ ਸਾਰਾ ਇਤਿਹਾਸ ਲਿਖ ਕੇ ਇਸ ਨੂੰ ਆਪਣੇ ਹਿਰਦੇ ਅੰਦਰ ਸਮੋਇਆ ਹੋਇਆ ਹੈ-ਇਹ ਹੀ ਕਾਰਨ ਹੈ ਕਿ ਭੰਗਾਣੀ ਦੇ ਯੁੱਧ ਤੋਂ ਲੈ ਕੇ ਚਮਕੌਰ ਦੀ ਜੰਗ-ਮਾਛੀਵਾੜੇ ਦੇ ਜੰਗਲਾਂ ਦੀ ਦਾਸਤਾਨ-ਸਰਹੰਦ ਦੀਆਂ ਕੰਧਾਂ-ਸਰਹਿੰਦ ਦੀ ਫ਼ਤਹਿ-ਦੁਰਾਨੀ ਦੁਆਰਾ ਹਰਿਮੰਦਰ ਸਾਹਿਬ ਨੂੰ ਢਾਹ ਕੇ ਪਵਿੱਤਰ ਸਰੋਵਰ ਦਾ ਪੂਰਿਆ ਜਾਣਾ ਅਤੇ ਦੋਵੇਂ ਵੱਡੇ ਘੱਲੂਘਾਰੇ-ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਡੋਗਰਿਆਂ ਦੀ ਬੁਰਸ਼ਾ-ਗਰਦੀ ਸਦੀਆਂ ਬੀਤ ਜਾਣ ਦੇ ਬਾਅਦ ਵੀ ਹਰ ਇੱਕ ਸਿੱਖ ਦੀ ਜ਼ਬਾਨ ਅਤੇ ਜਿ਼ਹਨ ਵਿਚ ਇਉਂ ਉੱਕਰੇ ਪਏ ਹਨ, ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ-ਇਹ ਉਸ ਪੌਣ-ਪਾਣੀ ਵਿਚ ਅਤੇ ਉਸ ਧਰਤੀ 'ਤੇ ਜੰਮਿਆਂ ਪਲਿਆਂ ਦੀ ਕਹਾਣੀ ਹੈ-ਜਿੱਥੋਂ ਦੇ ਗੱਭਰੂ ਪੁਸ਼ਤ-ਦਰ-ਪੁਸ਼ਤ ਆਪਣੇ ਵਡੇਰਿਆਂ ਨਾਲ ਬੀਤੀਆਂ ਗੱਲਾਂ ਨੂੰ ਕਈ-ਕਈ ਪੀੜ੍ਹੀਆਂ ਤੱਕ ਯਾਦ ਰੱਖਦੇ ਹਨ-ਫਿਰ ਉਹ ਅੱਜ ਦੀ ਗੱਲ ਕਿਵੇਂ ਭੁਲਾ ਸਕਣਗੇ? ਸਾਡੀ ਮੂਵਮੈਂਟ ਦੀਆਂ ਚੰਗਿਆਈਆਂ ਚਾਹੇ ਲੋਕ ਕਦਾਚਿੱਤ ਯਾਦ ਨਾ ਰੱਖਣ-ਪਰ ਬੁਰਾਈਆਂ ਉਹ ਕਦੇ ਵੀ ਨਹੀਂ ਭੁਲਾ ਸਕਦੇ-ਇਕ ਬੁਰਾਈ ਨੂੰ ਢਕਣ ਲਈ ਸੌ ਚੰਗਿਆਈਆਂ ਦੀ ਲੋੜ ਹੈ-ਮੈਨੂੰ ਇਹ ਦੱਸੋ ਬਈ ਕੁਲਬੀਰੇ ਦੀਆਂ ਕੀਤੀਆਂ ਘੋਰ ਖੁਨਾਮੀਆਂ ਦਾ ਖੱਤਾ ਅਸੀਂ ਕਿਹੜੀ ਸਦੀ ਪੂਰਾਂਗੇ?" ਉਠ ਕੇ ਕਾਕੇ ਨੇ ਤਖਤੀ 'ਚ ਮੁੱਕੀ ਮਾਰੀ।
-"ਪਤੈ ਬਾਈ..! ਕੁਲਬੀਰੇ ਨੂੰ ਮਾਰ ਕੇ ਆਪਾਂ ਆਪਣਾ ਇਕ ਸਾਥੀ ਹੀ ਗੁਆਵਾਂਗੇ-ਨਾਲੇ ਤੁਸੀਂ ਹੀ ਆਖਦੇ ਹੋ ਕਿ ਕੁਲਬੀਰਾ ਕੋਈ ਮਾੜਾ ਮੋਟਾ ਖ਼ਾੜਕੂ ਨਹੀਂ-।" ਦਿਲਜੀਤ ਨੇ ਕਿਹਾ।
-"ਦਿਲਜੀਤ..! ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ-ਉਹ ਹੁਣ ਆਪਣਾ ਖ਼ਾੜਕੂ ਸਾਥੀ ਨਹੀਂ-ਜੱਥੇਬੰਦੀ ਵੱਲੋਂ ਛੇਕਿਆ ਗੱਦਾਰ ਹੈ।"
-"ਪਰ ਬਾਈ ਕੁਲਬੀਰੇ ਨੂੰ ਮਾਰ ਕੇ ਤਾਂ ਉਸ ਕੁੜੀ ਦੀ ਇੱਜ਼ਤ ਵਾਪਿਸ ਨਹੀਂ ਆਉਣੀ।"
-"ਕੁੜੀ ਦੇ ਮਾਂ-ਪਿਉ ਦੇ ਦਿਲ ਨੂੰ ਤਾਂ ਮਾੜੀ ਮੋਟੀ ਠੰਢ ਪਊ-ਜਦੋਂ ਦੁਸ਼ਮਣ ਮਰਦੈ-ਉਦੋਂ ਕੋਈ ਜਾਗੀਰ ਨਾਂ ਨਹੀਂ ਕਰ ਜਾਂਦਾ-ਪਰ ਬੰਦੇ ਦੀ ਮਾਨਸਿਕਤਾ ਜ਼ਰੂਰ ਸਾਂਅਵੀਂ ਹੋ ਤੁਰਦੀ ਹੈ।"
-"ਪਰ ਆਪਾਂ ਉਹਨੂੰ ਸਮਝਾ ਬੁਝਾ ਕੇ ਦੇਖ ਲਈਏ-ਕੀ ਐ ਸਿੱਧੀ ਲਾਈਨ 'ਤੇ ਆ ਜਾਵੇ?" ਇਦਰਜੀਤ ਬੋਲਿਆ।
-"ਘਰ ਦਾ ਕੁੱਤਾ ਜਦੋਂ ਹਲ਼ਕ ਜਾਂਦੈ ਤਾਂ ਘਰ ਦੇ ਉਹਨੂੰ ਗੋਲੀ ਨਾਲ ਮਰਵਾ ਦਿੰਦੇ ਐ-ਨਾਲੇ ਤਿੱਪ-ਤਿੱਪ ਦੁੱਧ ਪਿਆ ਕੇ ਪਾਲਿਆ ਹੁੰਦੈ-ਕਿਉਂ ਮਰਵਾ ਦਿੰਦੇ ਐ? ਬਈ ਘਰ ਦੇ ਕਿਸੇ ਬੰਦੇ ਦਾ ਘਾਣ ਨਾ ਕਰ ਦੇਵੇ-ਇਹੀ ਹਾਲ ਕੁਲਬੀਰੇ ਦਾ ਹੋਇਆ ਵਿਐ-ਉਹ ਆਪਣੇ ਇਲਾਕੇ 'ਚ ਲਹਿਰ ਦਾ ਘਾਣ ਕਰੀ ਜਾਂਦੈ-ਰਿਹਾਅ ਹੋਏ ਹਾਥੀ ਦਾ ਇਲਾਜ ਸਿਰਫ਼ ਗੋਲੀ ਹੁੰਦੈ।"
ਉਹ ਸ਼ਾਮ ਹੋਣ ਤੱਕ ਗੱਲਾਂ ਕਰੀ ਗਏ।
ਟਿੱਕੀ ਛੁਪਦੀ ਨਾਲ ਹੀ ਰੈਂਸੀ ਆ ਗਿਆ।
ਉਸ ਨੇ ਆਉਣਸਾਰ ਹੀ ਜੁੱਤੀ ਲਾਹ ਦਿੱਤੀ।
-"ਯਾਰ ਤੁਰਦੇ ਫਿਰਦੇ ਦੇ ਮੇਰੇ ਭੌਰੀਆਂ ਹੋ ਗਈਆਂ-ਬੜਾ ਤੰਗ ਕਰਦੀਐਂ-ਤੁਰਿਆ ਨਹੀਂ ਜਾਂਦਾ।"
-"ਰੈਂਸੀ ਤੇਰਾ ਲਹਿਰ 'ਚ ਬਹੁਤ ਯੋਗਦਾਨ ਐਂ-ਧਰਮ ਨਾਲ ਦਿਲ ਕਰਦੈ ਤੇਰਾ ਮੂੰਹ ਚੁੰਮ ਲਵਾਂ।" ਕਾਕੇ ਨੇ ਕਿਹਾ।
-"ਬਾਈ ਕਾਕਿਆ! ਜਦੋਂ ਲਹਿਰ 'ਚ ਪਏ ਸੀ-ਆਪਾਂ ਕਿਹੜਾ ਕਿਸੇ ਤੋਂ ਸ਼ਾਬਾਸ਼ੇ ਲੈਣ ਲਈ ਪਏ ਸੀ? ਤੂੰ ਤੇ ਬਾਈ ਗੁਰਪਾਲ ਹੋਰੀਂ ਮੇਰੀ ਕਦਰ ਕਰਦੇ ਓ ਤੇ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ।"
-"ਰੈਂਸੀ ਮੇਰਾ ਤਾਂ ਵਾਲ ਵਾਲ ਤੇਰਾ ਰਿਣੀ ਐਂ।"
-"ਬਾਈ ਕਾਕਿਆ! ਮੈਂ ਜੋ ਕੁਝ ਵੀ ਹਾਂ-ਸਿਰਫ਼ ਤੇਰੀ ਤੇ ਬਾਈ ਗੁਰਪਾਲ ਹੋਰਾਂ ਦੀ ਹੀ ਬਦੌਲਤ ਹਾਂ-ਨਹੀਂ ਮੋਹੁ ਸੇ ਗਰੀਬ ਕਰੋਰੁ ਪਰਹੇ।"
-"ਆਹ ਕੁਲਬੀਰੇ ਗੰਦ ਆਲਾ ਕੇਸ ਨਿਪਟ ਲਈਏ-ਅਸੀਂ ਤੈਨੂੰ ਲੈਫ਼ਟੀਨੈਂਟ ਜਨਰਲ ਥਾਪ ਹੀ ਦੇਣੈਂ।"
-"ਬਾਈ ਮੈਂ ਲੈਫ਼ਟੀਨੈਂਟੀ ਕੀ ਕਰਨੀ ਐਂ? ਮੈਂ ਤਾਂ ਜਿੰਨੀ ਜਲਦੀ ਹੋ ਸਕੇ ਕੌਡੀਆਂ ਆਲੇ ਨੂੰ ਬਿਲੇ ਲਾਉਣੈਂ-ਇਹ ਅਹੁਦਾ ਇੰਦਰਜੀਤ ਹੋਰਾਂ ਨੂੰ ਬਖ਼ਸ਼ੋ-ਮੈਂ ਤਾਂ ਉਸ ਬੁੱਚੜ ਨੂੰ ਨਰਕੀਂ ਤੋਰ ਕੇ ਸੰਤ ਬਣ ਜਾਣੈਂ-ਜੇ ਬਚ ਗਿਆ ਤਾਂ।"
ਇੰਦਰਜੀਤ ਹੋਰੀਂ ਫ਼ੋਕੇ ਹੱਸ ਰਹੇ ਸਨ।
-"ਕੁਲਬੀਰੇ ਬਾਰੇ ਦਿੱਤਾ ਕੋਈ ਫ਼ੈਸਲਾ ਗੁਰਪਾਲ ਹੋਰਾਂ ਨੇ ਕਿ ਕਰਤੀਆਂ ਉਹ ਹੀ ਛਿੱਟੇ ਮਾਰ ਗੱਲਾਂ?" ਕਾਕੇ ਨੇ ਅਸਲ ਗੱਲ ਵੱਲ ਰੁੱਖ ਕੀਤਾ।
-"ਉਹਨਾਂ ਨੇ ਤਾਂ ਬਾਈ ਇੱਕੋ ਗੱਲ ਈ ਆਖਤੀ ਬਈ ਜਿੱਥੇ ਮਿਲਦੈ-ਫਰਲ੍ਹੇ ਉੜਾ ਦਿਓ-ਪਾਅਧਾ ਨਾ ਪੁੱਛੋ!"
ਕਾਕੇ ਦੇ ਦਿਲ ਦੀ ਗੱਲ ਹੋ ਗਈ।
-"ਲਓ..! ਅੱਜ ਈ ਲਓ ਫੇਰ..!"
ਕਾਕਾ ਛਾਲ਼ ਮਾਰ ਕੇ ਉਠਿਆ।
ਰਾਤ ਨੂੰ ਗਿਆਰਾਂ ਵਜੇ ਚਾਰਾਂ ਨੇ ਕੁਲਬੀਰੇ ਦੇ ਟਿਕਾਣੇਂ ਨੂੰ ਘੇਰ ਲਿਆ। ਅੰਦਰੋਂ ਕੋਈ ਅਵਾਜ਼ ਨਹੀਂ ਆ ਰਹੀ ਸੀ। ਸਿਰਫ਼ ਵਿਹੜੇ ਦੀ ਮੱਧਮ ਜਿਹੀ ਬੱਤੀ ਜਗ ਰਹੀ ਸੀ। ਬੈਠਕ ਦੀ ਬਾਰੀ ਦੇ ਬਿਲਕੁਲ ਨੇੜੇ ਹੋ ਕੇ ਕਾਕੇ ਨੇ ਬਿੜਕ ਲਈ। ਅੰਦਰੋਂ ਕਿਸੇ ਦੇ ਪਾਸਾ ਲੈਣ ਦੀ ਅਵਾਜ਼ ਆਈ। ਕਾਕਾ ਸਾਵਧਾਨ ਹੋ ਗਿਆ। ਉਸ ਨੇ ਸਾਥੀਆਂ ਨੂੰ ਕੰਧ ਉਪਰੋਂ ਦੀ ਅੰਦਰ ਉਤਰਨ ਦਾ ਇਸ਼ਾਰਾ ਕੀਤਾ। ਉਹ ਕੰਧ ਨਾਲ ਪਏ ਹਲ਼ 'ਤੇ ਪੈਰ ਰੱਖ ਕੇ ਅੰਦਰ ਖੁਰਲੀ 'ਚ ਛਾਲ਼ਾਂ ਮਾਰ ਗਏ। ਕਾਕਾ ਬਿੱਲੀ ਵਾਂਗ ਸ਼ਹਿ-ਸ਼ਹਿ ਕੇ ਵਰਾਂਡੇ ਵਿਚ ਪਹੁੰਚ ਗਿਆ। ਮਗਰੇ ਹੀ ਰੈਂਸੀ ਲਟਕਿਆ ਆ ਰਿਹਾ ਸੀ। ਇੰਦਰਜੀਤ ਹੁਰੀਂ ਵਿੱਥ ਪਾਈ ਖੜ੍ਹੇ ਸਨ।
ਕਾਕੇ ਨੇ ਵਰਾਂਡੇ ਵਿਚੋਂ ਸਾਰੀਆਂ ਬੱਤੀਆਂ ਬਾਲ ਕੇ ਕਮਰੇ ਦੇ ਦਰਵਾਜੇ ਨੂੰ ਠੁੱਡ ਮਾਰਿਆ ਤਾਂ ਕੁਲਦੀਪ ਭੜ੍ਹੱਕ ਕੇ ਉਠਿਆ। ਉਸ ਦੇ ਬਰਾਬਰ ਮੰਜੇ 'ਤੇ ਕੁੜੀ ਪਈ ਸੀ। ਉਸ ਨੇ ਕੁਲਦੀਪ ਦੇ ਨੱਕ 'ਤੇ ਅੱਡੀ ਮਾਰੀ। ਕੁਲਦੀਪ ਮੰਜੇ ਤੋਂ ਡਿੱਗਿਆ ਤਾਂ ਰੈਂਸੀ ਨੇ ਅਸਾਲਟ ਦੇ ਬੱਟਾਂ ਨਾਲ ਉਸ ਦਾ ਮੂੰਹ ਹੀ ਮੂੰਹ ਭੰਨਣਾ ਸੁਰੂ ਕਰ ਦਿੱਤਾ। ਇੰਦਰਜੀਤ ਹੁਰੀਂ ਸਾਥੀ "ਕੈਟ" ਦਾ ਹਾਲ ਦੇਖ ਦੇਖ ਅੰਦਰੋਂ ਕੰਬੀ ਜਾ ਰਹੇ ਸਨ। ਉਹਨਾਂ ਨੂੰ ਡਰ ਸੀ ਕਿ ਕਿਤੇ ਕੁਲਦੀਪ ਮੱਦਦ ਲਈ ਨਾ ਆਖ ਦੇਵੇ! ਫਿਰ ਉਹਨਾਂ ਦੀ ਖ਼ੈਰ ਨਹੀਂ ਸੀ।
ਕਾਕੇ ਨੇ ਰੈਂਸੀ ਨੂੰ ਰੋਕ ਦਿੱਤਾ।
ਰੈਂਸੀ ਨੇ ਕੁਲਦੀਪ ਨੂੰ ਇੱਕ ਖੂੰਜੇ ਲਾ ਲਿਆ। ਉਸ ਦੇ ਦਿਲ ਵਿਚ ਸੀ ਕਿ ਕੁਲਦੀਪ ਗੋਲੀ ਨਾ ਚਲਾ ਦੇਵੇ। ਉਸ ਨੇ ਉਸ ਦੀ ਤਲਾਸ਼ੀ ਲੈ ਕੇ ਦੂਰ ਖੜ੍ਹਾ ਕਰ ਲਿਆ। ਕਾਕਾ ਕੁੜੀ ਕੋਲ ਚਲਾ ਗਿਆ।
-"ਭੈਣ ਜੀ..! ਮੇਰਾ ਨਾਂ ਕਾਕਾ ਐ-ਮਨਪ੍ਰੀਤ ਸਿੰਘ ਕਾਕਾ-ਤੁਹਾਨੂੰ ਹੀ ਇਹ ਕੁੱਤੇ ਅਗਵਾਹ ਕਰਕੇ ਲਿਆਏ ਐ?"
-"ਹਾਂ ਵੀਰ ਜੀ..।" ਕੁੜੀ ਦੇ ਦਿਲ 'ਤੇ ਹਮਦਰਦੀ ਭਰੇ ਬੋਲ ਲਕੀਰ ਪਾ ਗਏ। ਉਹ ਧਰਾਲੀਂ ਰੋਣ ਲੱਗ ਪਈ।
ਕਾਕੇ ਨੇ ਉਸ ਦੇ ਸਿਰ 'ਤੇ ਚੁੰਨੀ ਦੇ ਕੇ ਸਿਰ 'ਤੇ ਹੱਥ ਰੱਖਿਆ।
-"ਭੈਣੇਂ! ਇਹਨਾਂ ਨੇ ਤੇਰੇ ਨਾਲ ਕੋਈ ਖੇਹ ਖਰਾਬੀ ਤਾਂ ਨਹੀਂ ਕੀਤੀ?"
-".......!" ਕੁੜੀ ਨੇ ਮੂੰਹ 'ਚ ਚੁੰਨੀ ਲੈ ਕੇ ਹੁਬਕੀਂ-ਹੁਬਕੀਂ ਰੋਣਾ ਸੁਰੂ ਕਰ ਦਿੱਤਾ। ਉਹ ਕੁਛ ਦੱਸਦੀ ਤਾਂ ਕਿਹੜੇ ਮੂੰਹ ਨਾਲ ਦੱਸਦੀ? ਕੀ ਦੱਸਦੀ? ਗੁੱਸੇ ਵਿਚ ਪਾਗਲ ਹੋਏ ਕਾਕੇ ਨੇ ਕੁਲਦੀਪ ਦੇ ਚੁਪੇੜ ਕੱਢ ਮਾਰੀ।
-"ਕਿੱਥੇ ਐ ਉਏ ਥੋਡਾ ਸੂਰਮਾਂ?"
-"ਬਾਈ ਜੀ ਮੈਂ ਤਾਂ ਅੱਗੇ ਈ ਬੇਨਤੀ ਕੀਤੀ ਸੀ ਬਈ ਮੈਨੂੰ ਕੁਛ ਦੱਸ ਕੇ ਨਹੀਂ ਜਾਂਦੇ।"
-"ਭੈਣੇਂ..! ਤੂੰ ਕੱਪੜੇ ਪਾ ਤੇ ਬਾਹਰ ਚੱਲ...!"
ਕੁੜੀ ਕੱਪੜੇ ਪਾ ਕੇ ਬਾਹਰ ਨਿਕਲ ਗਈ।
ਕਾਕੇ ਨੇ ਕੁਲਦੀਪ 'ਤੇ ਪੂਰੇ ਦਾ ਪੂਰਾ ਮੈਗਜ਼ੀਨ ਖਾਲੀ ਕਰ ਦਿੱਤਾ ਅਤੇ ਰਿਵਾਲਵਰ ਫਿਰ ਡੱਬ ਵਿਚ ਦੇ ਲਿਆ।
ਭਰਾੜ੍ਹ ਹੋਏ ਕੁਲਦੀਪ ਦੀ ਖੂੰਜੇ ਹੀ ਢੋਅ ਲੱਗ ਗਈ। ਇੰਦਰਜੀਤ ਹੁਰੀਂ ਠੱਗੇ ਜਿਹੇ ਖੜ੍ਹੇ ਸਨ। ਉਹਨਾਂ ਦਾ ਸਾਥੀ ਉਹਨਾਂ ਦੇ ਸਾਹਮਣੇਂ ਹੀ ਗੋਲੀਆਂ ਨਾਲ ਉੜਾ ਦਿੱਤਾ ਗਿਆ ਸੀ।
-"ਆ ਭੈਣੇਂ ਚੱਲੀਏ!" ਕਾਕੇ ਨੇ ਕੁੜੀ ਨੂੰ ਨਾਲ ਤੋਰ ਲਿਆ। ਬੱਤੀਆਂ ਪਹਿਲੀ ਤਰ੍ਹਾਂ ਵਾਂਗ ਹੀ ਬੰਦ ਕਰ ਦਿੱਤੀਆਂ। ਕੁੜੀ ਕਾਕੇ ਹੁਰਾਂ ਨਾਲ ਭੈਣ-ਭਰਾਵਾਂ ਵਾਂਗ ਹੀ ਤੁਰ ਪਈ।
ਪਹੁ ਫ਼ਟਦੀ ਨਾਲ ਹੀ ਉਹ ਕਾਕੇ ਦੇ ਟਿਕਾਣੇਂ 'ਤੇ ਚੂਹੜਚੱਕ ਆ ਗਏ। ਕੁੜੀ ਨੂੰ ਕਾਕੇ ਨੇ ਗਗਨਦੀਪ ਹਵਾਲੇ ਕਰ ਦਿੱਤਾ।
-"ਲੈ ਦੀਪ ਅੱਜ ਤੋਂ ਇਹ ਸਾਡੀ ਭੈਣ ਐਂ-ਇਹਨੂੰ ਪਹਿਲਾਂ ਚਾਹ ਜਾਂ ਦੁੱਧ ਪਿਆ ਤੇ ਫਿਰ ਗਰਮ ਪਾਣੀ ਕਰਕੇ ਨੁਹਾ।"
ਗਗਨਦੀਪ ਕੁੜੀ ਦੀ ਬਾਂਹ ਫੜ ਕੇ ਚੁਬਾਰਿਓਂ ਹੇਠਾਂ ਲੈ ਗਈ। ਰਸੋਈ ਵਿਚ ਗੈਸ ਬਾਲ ਕੇ ਉਸ ਨੇ ਚਾਹ ਧਰ ਦਿੱਤੀ।
-"ਕੀ ਨਾਂ ਐਂ ਭੈਣੇਂ ਤੇਰਾ?"
-"ਮੇਰਾ ਨਾਂ ਭੈਣ ਜੀ ਰਾਜਵੰਤ ਐ-ਵੈਸੇ ਘਰ ਦੇ ਮੈਨੂੰ ਡਾਲੀ ਕਹਿ ਦਿੰਦੇ ਐ-ਤੇ ਤੁਹਾਡਾ ਨਾਂ?"
-"ਮੇਰਾ ਨਾਂ ਗਗਨਦੀਪ ਐ-ਮੇਰੇ ਹਸਬੈਂਡ ਮੈਨੂੰ ਦੀਪ ਈ ਆਖਦੇ ਐ।"
-"ਵੈਸੇ ਤੁਸੀਂ ਹੈ ਵੀ ਇਕ ਤਰ੍ਹਾਂ ਦੇ ਦੀਪ।"
ਗਗਨਦੀਪ ਸ਼ਰਮਾ ਗਈ।
-"ਕਿਹੜੀ ਕਲਾਸ 'ਚ ਪੜ੍ਹਦੇ ਹੋ?"
-"ਮੈਂ ਬੀ. ਐੱਡ. ਕਰ ਰਹੀ ਹਾਂ।"
-"ਕਿਹੜੇ ਕਾਲਜ 'ਚ?"
-"ਲੋਪੋ ਕਾਲਜ 'ਚ।"
-"ਕਿਹੜਾ ਪਿੰਡ ਐ?"
-"ਦੌਧਰ-ਤੇ ਤੁਹਾਡਾ?"
-"ਬੁੱਟਰ-।"
-"ਫਿਰ ਆਪਾਂ ਤਾਂ ਗੁਆਂਢਣਾਂ ਹੀ ਨਿਕਲੀਆਂ।"
ਉਹ ਹੱਸ ਪਈਆਂ।
-"ਕਾਕਾ ਵੀਰ ਜੀ ਤੁਹਾਡੇ ਹਸਬੈਂਡ ਨੇ?"
-"ਹਾਂ।"
-"ਬੜੇ ਖੁਸ਼ਕਿਸਮਤ ਹੋ ਤੁਸੀਂ-ਐਹੋ ਜਿਹਾ ਹਸਬੈਂਡ ਤਾਂ ਕਿਸੇ ਨੂੰ ਦਿਨੇ ਦੀਵਾ ਲੈ ਕੇ ਵੀ ਭਾਲਿਆਂ ਨਹੀਂ ਮਿਲਦਾ।"
-"ਤੁਸੀਂ ਬੇਫਿ਼ਕਰ ਰਹੋ-ਤੁਹਾਨੂੰ ਐਦੂੰ ਵੀ ਚੜ੍ਹਦਾ ਚੰਦ ਹਸਬੈਂਡ ਲੱਭ ਕੇ ਦਿਆਂਗੀ।" ਗਗਨਦੀਪ ਨੇ ਰੈਂਸੀ ਬਾਰੇ ਸੋਚ ਲਿਆ ਸੀ। ਪਰ ਡਾਲੀ ਸੁਣ ਕੇ ਗੰਭੀਰ ਹੋ ਗਈ ਸੀ।
-"ਦੀਪ ਭੈਣ ਜੀ-ਮੇਰੇ ਤਾਂ ਅਰਮਾਨ ਈ ਹਾਉਕਾ ਭਰ ਕੇ ਝੱਖੜ 'ਚ ਰੁਲ ਗਏ-ਮੈਂ ਹੁਣ ਕਿਸੇ ਦੀ ਹੋਣ ਜੋਗੀ ਨਹੀਂ ਰਹਿ ਗਈ ਦੀਪ ਭੈਣ ਜੀ।" ਡਾਲੀ ਦੇ ਕੇਸੂਆਂ ਵਰਗੇ ਪਪੀਸੀਆਂ ਬੁੱਲ੍ਹ ਕੰਬੇ ਅਤੇ ਮਿਰਗ ਨੈਣ ਕਟੋਰਿਆਂ ਵਾਂਗ ਭਰ ਆਏ। ਦੀਪ ਨੇ ਉਸ ਨੂੰ ਮੋਢੇ ਨਾਲ ਲਾ ਲਿਆ।
-"ਜਿਤਨੀ ਦੇਰ ਔਰਤ ਖੁਦ ਆਪ ਲਛਮਣ ਰੇਖਾ ਪਾਰ ਨਾ ਕਰੇ-ਉਹ ਪਵਿੱਤਰ ਹੀ ਪਵਿੱਤਰ ਹੁੰਦੀ ਐ-ਮੈਂ ਅਜਿਹੀਆਂ ਦਿਲ ਢਾਹੂ ਗੱਲਾਂ ਇੱਕ ਬੀ. ਐੱਡ. ਦੀ ਵਿਦਿਆਰਥਣ ਦੇ ਮੂੰਹੋਂ ਕਹਿਣ ਦੀ ਆਸ ਹੀ ਨਹੀਂ ਰੱਖ ਸਕਦੀ।"
ਦੀਪ ਦੀ ਭੂਆ ਆ ਗਈ।
ਸਵੇਰ ਹੋ ਗਈ ਸੀ।
-"ਭੂਆ ਜੀ ਇਹ ਡਾਲੀ ਐ-ਕੁਲਬੀਰੇ ਹੋਰੀਂ ਇਹਨੂੰ ਅਗਵਾ ਕਰ ਕੇ ਲੈ ਗਏ ਸੀ ਤੇ ਰਾਤ ਆਪਣੇਂ ਵਾਲੇ ਇਹਨੂੰ ਛੁਡਾ ਲਿਆਏ।"
-"ਕੋਈ ਗੱਲ ਨਹੀਂ ਭਾਈ-ਜੀ ਆਈ ਦੇ! ਪਰ ਕੁਲਬੀਰਾ ਟੁੱਟੜਾ ਇਹਨੂੰ ਕਾਹਤੋਂ ਲੈ ਗਿਆ ਸੀ?"
-"ਬੱਸ ਭੂਆ ਜੀ ਦਿਮਾਗ ਖਰਾਬ!"
-"ਆ ਲੈਣ ਦੇ ਐਧਰ-ਮੈਂ ਮਾਰੂੰ ਲਿਵਤਰੇ ਪੰਜਾਹ ਸਿਰ 'ਚ-ਔਤਾਂ ਦੇ ਜਾਣੇਂ ਦੇ।" ਭੂਆ ਨਲਕੇ 'ਤੇ ਮੂੰਹ ਧੋਣ ਚਲੀ ਗਈ।
-"ਇਹ ਤੁਹਾਡੇ ਭੂਆ ਜੀ...?"
-"ਹਾਂ ਇਹ ਮੇਰੇ ਭੂਆ ਜੀ ਨੇ ਤੇ ਮੇਰੇ ਹਸਬੈਂਡ ਦੇ ਮਾਮੀ ਜੀ-ਸੁਭਾਅ ਦੇ ਕੁਝ ਅੱਖੜ ਐ-ਜੇ ਮੂੰਹੋਂ ਕੁਝ ਆਖ ਦੇਣ ਤਾਂ ਗੁੱਸਾ ਨਾ ਕਰਨਾ।" ਦੀਪ ਨੇ ਹੱਸ ਕੇ ਕਿਹਾ।
-"ਤੁਸੀਂ ਇਸ ਪਾਸਿਓਂ ਬੇਫਿ਼ਕਰ ਰਹੋ! ਮੇਰੇ ਭੂਆ ਜੀ ਵੀ ਇਹੋ ਜਿਹੇ ਹੀ ਹਨ-ਗੱਲ ਕਹਿਣ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ।"
ਭੂਆ ਮੂੰਹ-ਹੱਥ ਧੋ ਕੇ ਆ ਗਈ।
-"ਕੁੜੀਓ ਤੁਸੀਂ ਚਾਹ ਚੂਹ ਪੀਤੀ ਕਿ ਨਹੀਂ? ਘੰਟੇ ਦੀਆਂ ਜੱਭ-ਜੱਭ ਕਰੀ ਜਾਨੀਐਂ? ਲਿਆਓ ਘੁੱਟ ਚਾਹ ਦੀ ਮੈਨੂੰ ਵੀ ਦਿਓ-ਮੇਰੇ ਤਾਂ ਹੱਡ ਜੇ ਜੁੜੇ ਪਏ ਐ-ਰਾਤ ਇੱਕ ਤੇਰੇ ਫੁੱਫੜ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ।"
ਕੁੜੀਆਂ ਦੇ ਮੂੰਹ 'ਤੇ ਲੱਜ ਦੀ ਲਾਲੀ ਆ ਗਈ।
-"ਨੀ ਉਹ ਗੱਲ ਨਹੀਂ ਜਿਹੜੀ ਤੁਸੀਂ ਸੋਚ ਕੇ ਮੂੰਹ ਝਾਂਵੇਂ ਅਰਗਾ ਕਰ ਲਿਆ-।" ਭੂਆ ਕੁੜੀਆਂ ਦੇ ਚਿਹਰੇ ਪੜ੍ਹ ਗਈ ਸੀ।
-"ਉਹ ਤਾਂ ਦੇਹ ਘੁਰਾੜੇ ਤੇ ਘੁਰਾੜਾ..! ਦੇਹ ਘੁਰਾੜੇ ਤੇ ਘੁਰਾੜਾ..! ਕਦੇ ਬੋਤੇ ਮਾਂਗੂੰ ਮੂੰਹ ਨਾਲ ਟੁੱਚ-ਟੁੱਚ ਜੀ ਕਰਨ ਲੱਗ ਪਿਆ ਕਰੇ-ਤੇ ਕਦੇ ਓਸ ਗੱਲ ਦੇ ਆਖਣ ਮਾਂਗੂੰ ਭੈਣੇਂ ਦੰਦ ਜੇ ਕਿਰਚਣ ਲੱਗ ਪਿਆ ਕਰੇ-ਤੇ ਕਦੇ ਗਧੇ ਮਾਂਗੂੰ ਫਰਾਟੇ ਜੇ ਮਾਰਨ ਲੱਗ ਪਿਆ ਕਰੇ-ਮੈਂ ਪਾਵੇ ਨਾਲ ਬਥੇਰ੍ਹੇ ਡੰਡੇ ਖੜਕਾਏ-ਪਰ ਕਾਹਨੂੰ ਸੁਣਦੈ..? ਕਦੇ ਚੂੰ-ਚੂੰ ਜੀ ਕਰਕੇ ਕਿਸੇ ਨੂੰ ਗਾਹਲਾਂ ਕੱਢਣ ਲੱਗ ਪਿਆ ਕਰੇ।"
ਕੁੜੀਆਂ ਹੱਸੀ ਜਾ ਰਹੀਆਂ ਸਨ।
ਦਸ ਕੁ ਵਜੇ ਕਾਕੇ ਹੁਰੀਂ ਉਠੇ।
ਗਗਨਦੀਪ ਅਤੇ ਡਾਲੀ ਨਹਾ ਧੋ ਕੇ ਸਾਗ ਛਿੱਲ ਰਹੀਆਂ ਸਨ। ਕਾਕੇ ਨੇ ਚੁਬਾਰੇ ਵਿਚੋਂ ਚਾਹ ਲਈ ਆਖਿਆ ਤਾਂ ਡਾਲੀ ਉਠੀ।
-"ਅੱਜ ਕਾਕੇ ਵੀਰ ਨੂੰ ਚਾਹ ਮੈਂ ਆਪਦੇ ਹੱਥੀਂ ਬਣਾ ਕੇ ਪਿਆਊਂਗੀ।" ਡਾਲੀ ਨੇ ਕਿਹਾ।
-"ਹੋਣ ਆਲੇ ਖਸਮ ਵਾਸਤੇ ਵੀ ਨਾਲ ਹੀ ਧਰ ਲਈਂ।" ਦੀਪ ਨੇ ਵਿਅੰਗਮਈ ਕਿਹਾ ਤਾਂ ਡਾਲੀ ਉਸ ਵੱਲ ਮੁੜ ਕੇ ਝਾਕੀ।
-"ਨੀ ਤੁਸੀਂ ਕੀ ਕਮਲ ਜਿਆ ਮਾਰੀ ਜਾਨੀਐਂ? ਰੋਟੀ ਦਾ ਢਾਣਸ ਨਹੀਂ ਕਰਨਾ?" ਭੂਆ ਨੇ ਆ ਕੇ ਰੌਲਾ ਪਾਇਆ ਤਾਂ ਦੀਪ ਮਸ਼ੀਨ ਨਾਲ ਸਾਗ ਕੁਤਰਨ ਲੱਗ ਪਈ।
ਡਾਲੀ ਚਾਹ ਧਰ ਕੇ ਆ ਗਈ।
-"ਭੂਆ ਜੀ ਐਥੇ ਬੈਠੋ-ਥੋਤੋਂ ਇੱਕ ਗੱਲ ਪੁੱਛਣੀਂ ਐਂ।" ਦੀਪ ਨੇ ਕਿਹਾ।
-"ਨੀ ਕੋਈ ਚੱਜ ਦੀ ਪੁੱਛੀਂ-ਕਮਲ ਨਾ ਮਾਰੀਂ ਬੁਦਰੀਏ-ਮੈਂ ਦੋਹਾਂ ਦੇ ਬੂਥੇ ਭੰਨੂੰ!" ਭੂਆ ਹੱਸਦੀ ਮੰਜੇ 'ਤੇ ਬੈਠ ਗਈ।
ਉਸ ਦੇ ਭਾਰੇ ਗੱਦਰ ਸਰੀਰ ਨੇ ਮੰਜੇ ਦੀਆਂ ਚੂਲਾਂ ਹਿਲਾ ਧਰੀਆਂ।
-"ਕੁੜੀਏ ਤੂੰ ਕਿਮੇਂ ਬੋਡਾ ਜਿਆ ਮੂੰਹ ਕਰੀ ਖੜ੍ਹੀਂ ਐਂ? ਬਹਿਜਾ..!" ਭੂਆ ਨੇ ਡਾਲੀ ਨੂੰ ਕਿਹਾ।
-"ਮੈਂ ਭੂਆ ਜੀ ਚਾਹ ਕਰਕੇ ਖੜ੍ਹੀ ਐਂ-ਕਿਤੇ ਉਬਲ਼ ਨਾ ਜਾਵੇ।"
-"ਲਿਆ ਕੁੜ੍ਹੇ ਚਾਹ ਲਿਆ-ਫੇਰ ਸੁਣੂੰਗੀ ਥੋਡੀ ਗੱਲ-ਕੁੜ੍ਹੇ ਮੇਰੇ ਤਾਂ ਗੋਡਿਆਂ 'ਚ ਚੀਸਾਂ ਪਈ ਜਾਂਦੀਐਂ।"
ਡਾਲੀ ਚਾਹ ਲੈ ਕੇ ਆ ਗਈ।
ਭੂਆ ਨੇ ਚਾਹ ਦਾ ਗਿਲਾਸ ਫੜ ਲਿਆ।
-"ਮਾਮੀਂ ਜੀ ਚਾਹ ਬਣੀਂ ਨਹੀਂ ਅਜੇ?" ਉਪਰੋਂ ਕਾਕੇ ਦੀ ਅਵਾਜ਼ ਆਈ।
-"ਵੇ ਆਉਂਦੀ ਐ! ਐਡੀ ਛੇਤੀ ਨ੍ਹੇਰੀ ਆਉਂਦੀ ਐ ਕੁੱਤੇ ਦਿਆ ਵੱਢਿਆ?"
ਉਪਰੋਂ ਹੱਸਣ ਦੀ ਅਵਾਜ਼ ਆਈ।
-"ਜਾਹ ਕੁੜ੍ਹੇ ਕੁੜੀਏ-ਫੜਾ ਕੇ ਆ ਚਾਹ ਮੁੰਡਿਆਂ ਨੂੰ-ਕਿਵੇਂ ਅੱਗ ਮਚਾਈ ਐ।"
ਗਗਨਦੀਪ ਚਾਹ ਫੜਾ ਆਈ।
-"ਰੋਟੀਆਂ ਵੀ ਹੁਣੇਂ ਲਾਹ ਲਓ-ਬਾਧੂ ਫੇਰ ਕੁੱਤੀ ਚੀਕਾ ਪਾਈ ਫਿਰੂ।"
-"ਪਹਿਲਾਂ ਮੈਂ ਤਾਂ ਇੱਕ ਗੱਲ ਪੁੱਛਣੀਂ ਐਂ।"
-"ਲੈ..! ਮੈਂ ਤਾਂ ਭੁੱਲ ਈ ਗਈ ਸੀ-ਚੇਤਾ ਬਾਹਲਾ ਮਾੜਾ ਹੁੰਦਾ ਜਾਂਦੈ ਡੁੱਬੜਾ-ਹਾਂ ਪੁੱਛ!"
-"ਬੈਠ ਡਾਲੀ ਐਥੇ।"
ਡਾਲੀ ਬੈਠ ਗਈ।
-"ਭੂਆ ਜੀ ਰੈਂਸੀ ਤੇ ਡਾਲੀ ਦੀ ਜੋੜੀ ਕਿਵੇਂ ਰਹੂ?" ਕਹਿ ਕੇ ਦੀਪ ਨੇ ਅੱਖਾਂ ਭੂਆ ਦੇ ਮੂੰਹ 'ਤੇ ਗੱਡ ਦਿੱਤੀਆਂ।
-"ਨੀ ਉਹ ਤਾਂ ਦਿਨ ਰਾਤ ਹਰਲ੍ਹ-ਹਰਲ੍ਹ ਕਰਦਾ ਫਿਰਦੈ-ਇਹਦੇ ਕੋਲੇ ਕਦੋਂ ਰਹੂ?"
-"ਭੂਆ ਜੀ ਜਦੋਂ ਸੰਗਲ ਗਲ ਪੈ ਗਿਆ ਆਪੇ ਟਿਕ ਕੇ ਖੜ੍ਹਜੂ।"
-"ਨੀ ਰੰਡੀਆਂ ਤਾਂ ਰੰਡ ਕੱਟ ਲੈਣ-ਪਰ ਉਂਗਲਾਂ ਆਲੇ ਨਹੀਂ ਕੱਟਣ ਦਿੰਦੇ-ਉਹ ਤਾਂ ਟਿਕ ਕੇ ਖੜ੍ਹਜੂ-ਪਰ ਐਨ੍ਹਾਂ ਜਮਦੂਤਾਂ ਨੇ ਨਹੀਂ ਖੜ੍ਹਨ ਦੇਣਾ-ਗਿੱਟੇ ਸੋਟੀ ਲਾਈ ਰੱਖਣਗੇ।" ਕਾਕੇ ਨੂੰ ਪੌੜੀਆਂ ਉਤਰਦਾ ਦੇਖ ਭੂਆ ਨੇ ਉਸ ਵੱਲ ਹੱਥ ਕੱਢ ਕੇ ਕਿਹਾ।
-"ਮਾਮੀਂ ਜੀ ਕੀਹਦੇ 'ਤੇ ਸੂਈ ਧਰੀ ਐ?"
-"ਤੇਰੇ 'ਤੇ...!"
-"ਉਹ ਤਾਂ ਮੈਂ ਪਹਿਲਾਂ ਈ ਲੱਖਣ ਲਾ ਲਿਆ ਸੀ-ਬਈ ਮਾਮੀਂ ਦਾ ਘੋਰੜੂ ਮੇਰੇ 'ਤੇ ਈ ਵੱਜਦਾ ਹੋਊ।"
-"ਦੀਪ..! ਭੈਣ ਨੂੰ ਤਿਆਰ ਕਰਦੇ ਰੋਟੀ ਰੂਟੀ ਖੁਆ ਕੇ-ਇੰਦਰਜੀਤ ਤੇ ਦਿਲਜੀਤ ਇਹਨੂੰ ਇਹਦੇ ਪਿੰਡ ਛੱਡ ਆਉਣਗੇ।"
-"ਵੀਰ ਜੀ ਮੇਰਾ ਨਾਂ ਡਾਲੀ ਐ-ਤੁਸੀਂ ਮੈਨੂੰ ਡਾਲੀ ਈ ਆਖਿਆ ਕਰੋ।"
-"ਗੱਲ ਸੁਣੋਂ! ਰੈਂਸੀ ਤੇ ਡਾਲੀ ਦਾ ਰਿਸ਼ਤਾ ਕਿਵੇਂ ਰਹੂ?"
-"ਦੀਪ! ਤੂੰ ਕਦੇ ਕਦੇ ਨਿਆਣਿਆਂ ਆਲੀਆਂ ਗੱਲਾਂ ਕਰਨ ਲੱਗ ਪੈਨੀਂ ਐਂ-ਸੋਚ ਤਾਂ ਲੈ ਰੈਂਸੀ ਇਨਾਮੀ ਮਿਲੀਟੈਂਟ ਐ-ਪੁਲੀਸ ਉਹਦੇ ਮਗਰ ਨਸੂੜ੍ਹੇ ਦੀ ਗਿੜ੍ਹਕ ਵਾਂਗੂੰ ਲੱਗੀ ਐ-ਅਗਲਾ ਐਕਸ਼ਨ ਉਹਨੇ ਅੱਜ ਕੱਲ੍ਹ 'ਚ ਕਰ ਦੇਣੈਂ-ਉਥੋਂ ਪਤਾ ਨਹੀਂ ਉਹ ਜਿਉਂਦਾ ਮੁੜੇ ਨਾ ਮੁੜੇ-ਤੂੰ ਇੱਕ ਜੁਆਨ ਕੁੜੀ ਦੀ ਜਿ਼ੰਦਗੀ ਤਬਾਹ ਕਰਨ 'ਤੇ ਤੁਲੀ ਹੋਈ ਐਂ?" ਕਾਕਾ ਗਗਨਦੀਪ ਦੀ ਸੋਚ 'ਤੇ ਹੈਰਾਨ ਸੀ।
ਦੀਪ ਦਬਕ ਗਈ। ਗੱਲ ਸੱਚੀ ਹੀ ਸੀ।
-"ਸਾਰਿਆਂ ਤੋਂ ਪਹਿਲਾਂ ਡਾਲੀ ਨੂੰ ਇਹਦੇ ਘਰ ਪਹੁੰਚਾਣਾ ਸਾਡਾ ਕੰਮ ਐਂ-ਬਾਕੀ ਰਿਸ਼ਤੇ ਨਾਤੇ ਦੀ ਗੱਲ ਘੱਟੋ ਘੱਟ ਇੱਕ ਹਫ਼ਤੇ ਤੋਂ ਪਹਿਲਾਂ ਨਾ ਕੀਤੀ ਜਾਵੇ-ਉਦੋਂ ਤੱਕ ਇੱਕ ਪਾਸਾ ਹੋ ਜਾਵੇਗਾ।" ਕਾਕੇ ਨੇ ਦੀਪ ਦਾ ੳੁੱਤਰਿਆ ਮੂੰਹ ਦੇਖ ਕੇ ਕਿਹਾ। ਉਹ ਕਿਸੇ ਹਾਲਤ ਵਿਚ ਵੀ ਦੀਪ ਦਾ ਉਦਾਸ ਮੂੰਹ ਨਹੀਂ ਦੇਖ ਸਕਦਾ ਸੀ।
-"ਤੂੰ ਡਾਲੀ ਦਾ ਅਤਾ ਪਤਾ ਨੋਟ ਕਰ ਲੈ-ਕਦੇ ਆਉਂਦੇ ਜਾਂਦੇ ਤੈਨੂੰ ਇਹਦੇ ਪਿੰਡ ਉਤਾਰ ਦਿਆਂਗੇ-ਫੇਰ ਤੂੰ ਇਹਦੇ ਮਾਂ ਬਾਪ ਨਾਲ ਗੱਲ ਕਰ ਲਵੀਂ।"
-"ਵੀਰ ਜੀ! ਤੁਸੀਂ ਇਤਨਾ ਕਸ਼ਟ ਨਾ ਕਰੋ-ਮੈਂ ਬਾਪੂ ਜੀ ਤੇ ਬੇਜੀ ਨੂੰ ਲੈ ਕੇ ਦੀਪ ਕੋਲ ਆਪੇ ਆ ਜਾਵਾਂਗੀ।"
ਰੈਂਸੀ ਪੌੜੀਆਂ ਉਤਰਿਆ ਆ ਰਿਹਾ ਸੀ।
-"ਉਰ੍ਹੇ ਆ ਵੇ ਧੱਕ-ਮਕੌੜਿਆ! ਤੇਰੇ ਵਿਆਹ ਦੀ ਗੱਲ ਚੱਲਦੀ ਐ!" ਮਾਮੀ ਬੋਲੀ।
ਰੈਂਸੀ ਪੌੜੀਆਂ ਵਿਚ ਹੀ ਖੜ੍ਹ ਗਿਆ। ਡਾਲੀ ਨੇ ਉਸ ਨੂੰ ਰੱਜ ਕੇ ਤੱਕਿਆ।
-"ਮੇਰੇ ਵਿਆਹ ਦੀ ਗੱਲ?" ਉਹ ਹੈਰਾਨ ਸੀ।
-"ਆਹੋ-ਤੇਰੇ ਵਿਆਹ ਦੀ ਗੱਲ!"
-"ਕਾਹਨੂੰ ਅਗਲੀ ਨੂੰ ਵਿਆਹ ਤੋਂ ਪਹਿਲਾਂ ਹੀ ਰੰਡੀ ਕਰਦੇ ਓਂ?"
-"ਲਹਿ ਜਾਣੇਂ ਪਤਾ ਨਹੀਂ ਕੀ ਭਰਿੰਡ ਖਾਂਦੇ ਐ-ਸਿੱਧੇ ਮੂੰਹ ਬੋਲਦੇ ਈ ਨਹੀਂ।"
-"ਮਾਮੀ ਜੀ ਤੁਸੀਂ ਗੱਲ ਈ ਇਹੋ ਜਿਹੀ ਕਰਦੇ ਓਂ-ਥੋਨੂੰ ਜਵਾਬ ਹੋਰ ਕੀ ਦੇਈਏ? ਅਸੀਂ ਆਥਣ ਸਵੇਰ ਗੋਲੀ ਖਾਣ ਨੂੰ ਤੁਰੇ ਫਿਰਦੇ ਐਂ-ਤੇ ਤੁਸੀਂ ਸਾਨੂੰ ਲੱਡੂ ਖੁਆਉਣ ਆਲੀ ਗੱਲ ਕਰਦੇਂ ਓਂ-ਆਪਣਾ ਸੰਨ੍ਹ ਕਿੱਥੇ ਰਲੂ?"
-"ਖਾਓ ਖਸਮਾਂ ਨੂੰ-ਮੈਂ ਚੱਲੀ..!" ਉਹ ਉਠ ਕੇ ਤੁਰ ਗਈ। ਮੰਜੇ ਦੀਆਂ ਚੂਲਾਂ ਨੇ ਫਿਰ ਦੁਹਾਈ ਮਚਾ ਦਿੱਤੀ ਸੀ।
ਕਾਕਾ ਦੀਪ ਕੋਲ ਬੈਠ ਗਿਆ।
-"ਦੇਖ ਦੀਪ! ਟਾਈਮ ਬਹੁਤ ਖ਼ਤਰਨਾਕ ਐ-ਇਸ ਲਈ ਥੋੜਾ ਬਹੁਤ ਸਬਰ ਜ਼ਰੂਰ ਕਰਨਾ ਪੈਣੈਂ-ਮੈਂ ਰੈਂਸੀ ਤੇ ਡਾਲੀ ਦੇ ਰਿਸ਼ਤੇ 'ਤੇ ਖੁਸ਼ ਐਂ-ਪਰ ਸਾਡੀ ਸੈਚੂਏਸ਼ਨ ਸਮਝਣ ਦੀ ਕੋਸਿ਼ਸ਼ ਕਰੋ-ਇਹ ਕੋਈ ਖੇਡ ਨਹੀਂ-ਡਾਲੀ ਦੀ ਸਾਰੀ ਜਿ਼ੰਦਗੀ ਦਾ ਸੁਆਲ ਐ।"
-"ਮੁਆਫ਼ ਕਰਨਾ-ਮੈਂ ਜਜ਼ਬਾਤੀ ਹੋ ਗਈ ਸੀ ਜੀ।"
-"ਕੋਈ ਗੱਲ ਨਹੀਂ! ਮੈਂ ਤੇਰੇ ਨਾਲ ਇਕ ਵਾਅਦਾ ਕਰਦੈਂ ਦੀਪ-ਅਗਰ ਗੁਰੂ ਮਹਾਰਾਜ ਨੇ ਇਸ ਭਵਸਾਗਰ 'ਚੋਂ ਰੈਂਸੀ ਨੂੰ ਸਹੀ ਸਲਾਮਤ ਕੱਢ ਲਿਆ ਤਾਂ ਰਿਸ਼ਤਾ ਡਾਲੀ ਦੇ ਬਾਪੂ ਤੇ ਬੀਜੀ ਤੋਂ ਆਪਾਂ ਖੁਦ ਮੰਗਣ ਚੱਲਾਂਗੇ-ਇਹ ਤੇਰੇ ਨਾਲ ਮੇਰਾ ਬਚਨ ਐਂ।"
ਗਗਨਦੀਪ ਖੁਸ਼ ਹੋ ਗਈ।
ਇੰਦਰਜੀਤ ਅਤੇ ਦਿਲਜੀਤ ਨਾਲ ਡਾਲੀ ਤੁਰ ਗਈ। ਥੋੜੀ ਦੇਰ ਬਾਅਦ ਰੈਂਸੀ ਵੀ ਚਲਿਆ ਗਿਆ।
ਡਾਲੀ ਨੂੰ ਦੌਧਰ ਛੱਡ ਇੰਦਰਜੀਤ ਹੁਰਾਂ ਨੇ ਲੋਪੋ ਤੋਂ ਬੱਸ ਫੜ ਲਈ ਅਤੇ ਸ਼ਹਿਰ ਪੁੱਜ ਗਏ। ਸ਼ਹਿਰ ਪਹੁੰਚਣ ਸਾਰ ਇੰਦਰਜੀਤ ਨੇ ਕੌਡੀਆਂ ਆਲੇ ਨੂੰ ਫ਼ੋਨ ਕੀਤਾ।
-"ਸਰਦਾਰ ਜੀ ਜਲਦੀ ਪਹੁੰਚੋ-ਕੰਮ ਬਹੁਤ ਖ਼ਰਾਬ ਹੋ ਗਿਆ..!" ਇੰਦਰਜੀਤ ਦੀ ਅਵਾਜ਼ ਥਿੜਕ ਰਹੀ ਸੀ।
-"ਮੂਤੀ ਕਿਉਂ ਜਾਨੈਂ..! ਕੁਛ ਬਕ ਨਾ ਦੇਈਂ ਟੈਲੀਫ਼ੋਨ 'ਤੇ-ਮੈਂ ਹੁਣੇਂ ਈ ਆਇਆ-ਤੁਸੀਂ ਹੋਟਲ ਪਹੁੰਚੋ!" ਕੌਡੀਆਂ ਵਾਲਾ ਕਾਫ਼ੀ ਖਿਝਿਆ ਲੱਗਦਾ ਸੀ।
ਕੁਝ ਦੇਰ ਬਾਅਦ ਹੀ ਕੌਡੀਆਂ ਆਲੇ ਦੀ ਜਿਪਸੀ ਹੋਟਲ ਮੂਹਰੇ ਆ ਰੁਕੀ। ਬਰੇਕਾਂ ਨਾਲ ਰੁਕਦੀ ਜਿਪਸੀ ਦੇ ਟਾਇਰ ਚੀਕੇ ਸਨ।
ਉਹ ਪੱਬਾਂ ਭਾਰ ਪੌੜੀਆਂ ਚੜ੍ਹ ਅਪਾਰਟਮੈਂਟ ਵਿਚ ਵੜ ਗਿਆ। ਸਾਹਮਣੇਂ ਇੰਦਰਜੀਤ ਅਤੇ ਦਿਲਜੀਤ ਕੁਰਸੀਆਂ 'ਤੇ ਮੱਖੀਆਂ ਵਾਂਗ ਚੁੱਪ ਬੈਠੇ ਸਨ।
-"ਕੀ ਗੱਲ ਐ...? ਪੈਂਟਾਂ 'ਚ ਈ ਹੱਗਣ ਡਹਿ ਪਏ..?"
-"ਸਰਦਾਰ ਜੀ ਕਾਕੇ ਨੇ ਰਾਤ ਕੁਲਦੀਪ ਮਾਰਤਾ!"
-"ਹੈਂ...! ਕਾਹਤੋਂ...?" ਠਾਣੇਦਾਰ ਦੀਆਂ ਬਿੱਛੂ ਦੀ ਪੂਛ ਵਰਗੀਆਂ ਮੁੱਛਾਂ ਤਣਾਅ ਖਾ ਗਈਆਂ।
-"ਕੁਲਬੀਰਾ ਇੱਕ ਕੁੜੀ ਚੱਕ ਲਿਆਇਆ ਸੀ-।"
-"ਉਹ ਤਾਂ ਮੈਨੂੰ ਪਤੈ।"
-"ਗੁਰਪਾਲ ਹੋਰਾਂ ਨੇ ਕਾਕੇ ਨੂੰ ਕਿਹਾ ਕਿ ਕੁਲਬੀਰਾ ਸੋਧ ਦਿਓ-ਕੁਲਬੀਰਾ ਤਾਂ ਨਾ ਮਿਲਿਆ ਤੇ ਆਪਣੇ ਆਲਾ ਕੁਲਦੀਪ ਅੜਿੱਕੇ ਆ ਗਿਆ-।"
-"ਉਹਨਾਂ ਨੂੰ ਇਹ ਤਾਂ ਨਹੀਂ ਪਤਾ ਲੱਗਿਆ ਬਈ ਕੁਲਦੀਪ ਆਪਣਾ ਕੈਟ ਸੀ?" ਠਾਣੇਦਾਰ ਨੂੰ ਫ਼ਸਲ ਡਿੱਗਣ ਨਾਲੋਂ ਕਰੰਡ ਹੋਣ ਦਾ ਜਿ਼ਆਦਾ ਫਿ਼ਕਰ ਸੀ।
-"ਇਸ ਦਾ ਉਹਨਾਂ ਨੂੰ ਫਿ਼ਲਹਾਲ ਬਿਲਕੁਲ ਹੀ ਪਤਾ ਨਹੀਂ-ਪਰ ਸਰਦਾਰ ਸਾਡੀ ਇੱਕ ਬੇਨਤੀ ਐ ਬਈ ਕਾਕੇ ਨੂੰ ਕਿਵੇਂ ਨਾ ਕਿਵੇਂ ਗੱਡੀ ਚਾਹੜੋ! ਜੇ ਉਹ ਗੱਡੀ ਨਾ ਚੜ੍ਹਿਆ ਤਾਂ ਉਹ ਕੁਲਬੀਰੇ ਨੂੰ ਧੁਰ ਪਹੁੰਚਾ ਦਿਊ-।"
-"........।"
-"ਇਕ ਗੱਲ ਸਰਦਾਰ ਹੋਰ ਐ-ਤੁਸੀਂ ਕਾਕੇ ਆਲਾ ਕੰਮ ਕਰੋ-ਅਸੀਂ ਤੁਹਾਨੂੰ ਕਿਵੇਂ ਨਾ ਕਿਵੇਂ ਰੈਂਸੀ ਫੜਾ ਦਿਆਂਗੇ-ਉਹਨੂੰ ਸਾਰੇ ਅੱਡਿਆਂ ਦਾ ਹੀ ਪਤੈ-ਜੇ ਕੁਲਬੀਰਾ ਆਪਣੇਂ ਫਰਾਂ ਹੇਠ ਨਾ ਵੀ ਆਇਆ ਕੋਈ ਫਰਕ ਨਹੀਂ ਪੈਂਦਾ-ਨਾਲੇ ਕੁਲਬੀਰੇ ਦੇ ਪੱਕੇ ਅੱਡੇ ਦਾ ਸਾਨੂੰ ਪਤੈ-ਜਦੋਂ ਮਰਜ਼ੀ ਕੰਨੋਂ ਜਾ ਫੜੀਏ।" ਦਿਲਜੀਤ ਨੇ ਦੂਹਰ ਲਾ ਦਿੱਤੀ।
-"ਅੱਜ ਕਾਕਾ ਚੂਹੜਚੱਕ ਈ ਹੋਊ?"
-"ਅੱਜ ਜੀ ਉਹ ਕਿਤੇ ਨਹੀਂ ਜਾਂਦਾ-ਤੁਸੀਂ ਦਿਨ ਛਿਪਦੇ ਤੋਂ ਪਹਿਲਾਂ ਹੀ ਨਾਕਾਬੰਦੀਆਂ ਕਰਕੇ ਘੇਰੇ ਘੱਤ ਲਓ-ਅਸੀਂ ਸਾਰੇ ਹਥਿਆਰ ਹੱਥ ਹੇਠ ਕਰਦੇ ਐਂ।"
-"ਉਹਦੇ ਆਲੇ ਅਸਲੇ ਦਾ ਫੇਰ ਪਤਾ ਕੀਤੈ-ਬਈ ਕਿੰਨਾ ਕੁ ਐ?"
-"ਸਰਦਾਰ ਜੀ! ਮੈਂ ਪਹਿਲਾਂ ਵੀ ਦੱਸਿਆ ਸੀ ਬਈ ਉਹਦੇ ਕੋਲ ਇੱਕ ਅਸਾਲਟ ਐ ਤੇ ਪੰਜ ਸੌ ਗੋਲੀ ਐ-ਇੱਕ ਪਸਤੌਲ ਤੇ ਦੋ ਮੈਗਜ਼ੀਨ ਰਹਿ ਗਏ ਕਿਉਂਕਿ ਇਕ ਮੈਗਜ਼ੀਨ ਉਸ ਨੇ ਕੁਲਦੀਪ ਵਿਚ ਦੀ ਲੰਘਾ ਦਿੱਤਾ।"
-"ਕੀ ਟਾਈਮ ਹੋਇਐ?"
-"ਸਾਢੇ ਬਾਰਾਂ ਹੋਏ ਐ ਜੀ।"
-"ਪੂਰੇ ਸਾਢੇ ਪੰਜ ਵਜੇ ਸ਼ਾਮ ਨੂੰ ਅਸੀਂ ਘੇਰਾ ਪਾਵਾਂਗੇ-ਤੁਸੀਂ ਕਿਵੇਂ ਨਾ ਕਿਵੇਂ ਘੇਰਾ ਪੈਣ ਸਾਰ ਨਿਕਲਣ ਦੀ ਕਰਨੈਂ-ਅਸੀਂ ਉਸ ਨੂੰ ਜਿ਼ੰਦਾ ਫੜਨ ਦੀ ਕੋਸਿ਼ਸ਼ ਕਰਨੀ ਐਂ-ਹੋ ਸਕੇ ਤਾਂ ਤੁਸੀਂ ਉਹਨੂੰ ਬਾਹਰ ਕੱਢਣ ਦੀ ਸਕੀਮ ਸੋਚਿਓ-ਬਾਹਰੋਂ ਅਸੀਂ ਜੁੱਪ ਲਵਾਂਗੇ-ਹੁਸਿ਼ਆਰ ਰਹਿਣੈਂ-ਉਹਨੂੰ ਕਿਸੇ ਗੱਲ 'ਤੇ ਸ਼ੱਕ ਨਹੀਂ ਪੈਣਾ ਚਾਹੀਦਾ-ਘਰੇ ਕੌਣ ਕੌਣ ਹੁੰਦੈ?"
-"ਘਰੇ ਤਾਂ ਸਰਦਾਰ ਜੀ ਇੱਕ ਉਹਨਾਂ ਦਾ ਸੀਰੀ ਐ-ਮਾਮਾ, ਮਾਮੀਂ ਅਤੇ ਕਾਕੇ ਦੀ ਘਰਵਾਲੀ-ਬੱਸ ਇਹੀ ਹੁੰਦੇ ਐ ਜੀ-ਮੁੰਡੇ ਇਹਨਾਂ ਦੇ ਲੁਧਿਆਣੇਂ ਕਾਲਜ 'ਚ ਪੜ੍ਹਦੇ ਐ ਤੇ ਉਥੇ ਈ ਰਹਿੰਦੇ ਐ।"
-"ਇਕ ਗੱਲ ਸਰਦਾਰ ਜੀ ਹੋਰ ਐ!" ਇੰਦਰਜੀਤ ਨੇ ਗੱਲ ਸ਼ੁਰੂ ਕੀਤੀ।
-"ਉਹ ਚੁਬਾਰੇ 'ਚੋਂ ਇਕ ਪਲ ਹੇਠਾਂ ਨਹੀਂ ਉਤਰਦਾ-ਬਾਹਰ ਉਸ ਨੇ ਕਿਸੇ ਹਾਲਤ ਵਿਚ ਵੀ ਨਹੀਂ ਆਉਣਾ-।"
-"ਤੁਸੀਂ ਇਉਂ ਕਰਿਓ..! ਜੇ ਉਹ ਚੁਬਾਰੇ 'ਚੋਂ ਹੇਠਾਂ ਨਾ ਉਤਰਦਾ ਦਿਸਿਆ ਤਾਂ ਸਾਨੂੰ ਗੋਲੀਆਂ ਚਲਾ ਕੇ ਖ਼ਬਰਦਾਰ ਕਰ ਦਿਓ-ਠੀਕ ਐ?"
-"ਅੱਛੀ ਬਾਤ ਜੀ!"
-"ਜਾਓ..! ਤੇ ਤਿਆਰੀ ਕਰੋ..! ਹਥਿਆਰ ਉਖੇੜੋ ਤੇ ਉਹਨੂੰ ਆਵੇਸਲ਼ਾ ਕਰ ਲਓ-ਅਸੀਂ ਪੂਰੇ ਸਾਢੇ ਪੰਜ ਵਜੇ ਆ ਪੈਣੈਂ-ਹੋ ਸਕੇ ਤਾਂ ਉਹਨੂੰ ਤਾਸ਼ ਤੂਸ਼ ਖੇਡਣ 'ਚ ਉਲਝਾ ਲਿਓ-।"
-"ਸਰਦਾਰ ਜੀ ਆਵੇਸਲ਼ਾ ਹੋਣ ਆਲਾ ਉਹ ਸਰੀਰ ਈ ਨਹੀਂ ਉਹ ਤਾਂ ਸੱਪ ਮਾਂਗੂੰ ਅੱਠੇ ਪਹਿਰ ਅੱਖਾਂ ਰਾਹੀਂ ਈ ਕਨਸੋਅ ਲੈਂਦਾ ਰਹਿੰਦੈ-ਤਾਸ਼ ਤੂਸ਼ ਦਾ ਉਹਨੂੰ ਕੋਈ ਸ਼ੌਕ ਨਹੀਂ-ਬੱਸ ਸਿੱਧਾ ਈ ਹਿਸਾਬ ਐ ਬਈ ਜੇ ਉਹਨੂੰ ਫੜਨੈਂ ਜਾਂ ਮਾਰਨੈਂ ਕੱਫ਼ਣ ਸਿਰ 'ਤੇ ਧਰ ਕੇ ਆਇਓ-।"
-"ਇੱਕ ਗੱਲ ਸਰਦਾਰ ਜੀ ਹੋਰ ਐ ਬਈ ਉਹਨੂੰ ਜਿਉਂਦਾ ਫੜਨ ਵਾਲੀ ਆਸ ਨੜ੍ਹਿੰਨਵੇਂ ਪਰਸਿੰਟ ਦਿਮਾਗ 'ਚੋਂ ਕੱਢ ਦਿਓ-ਉਹ ਉਡਣਾ ਸੱਪ ਐ-ਮਰਨੀਂ ਮਰ ਜਾਊ ਪਰ ਜਿਉਂਦਾ ਥੋਡੇ ਹੱਥ ਨਹੀਂ ਆਉਂਦਾ।"
-".........।" ਠਾਣੇਦਾਰ ਨਿਰੁੱਤਰ ਸੀ।
-"ਸਰਦਾਰ ਜੀ ਇੱਕ ਗੱਲ ਹੋਰ ਕਰ ਲਵਾਂ?"
-"ਜ਼ਰੂਰ ਕਰ।"
-"ਅਸੀਂ ਉਥੋਂ ਭੱਜਣ ਦੀ ਕੋਸਿ਼ਸ਼ ਜ਼ਰੂਰ ਕਰਾਂਗੇ-ਪਰ ਜੇ ਕਿਵੇਂ ਨਾ ਕਿਵੇਂ ਨਾ ਨਿਕਲ ਸਕੇ ਤਾਂ ਸਾਡੇ ਨਾ ਕੌਡੇ ਆਲੀ ਥਾਂ 'ਤੇ ਮਾਰਿਓ!"
-"ਤੁਸੀਂ ਬੇਫਿ਼ਕਰ ਰਹੋ-ਮੈਂ ਸਾਰੀਆਂ ਹਦਾਇਤਾਂ ਦੇ ਕੇ ਫ਼ੋਰਸ ਲਾਵਾਂਗਾ।"
-"ਸਰਦਾਰ ਜੀ ਅਸੀਂ ਥੋਡੇ ਕਰਕੇ ਭੱਠੀ 'ਚ ਛਾਲ ਮਾਰੀ ਐ-ਕਿਤੇ ਸਾਡੀ ਜਾਹ ਜਾਂਦੀ ਨਾ ਹੋਜੇ।" ਇੰਦਰਜੀਤ ਹੁਰੀਂ ਦਿਲੋਂ ਧਾਹ ਨਹੀਂ ਧਰ ਰਹੇ ਸਨ।
-"ਤੁਸੀਂ ਯਾਰ ਮੈਨੂੰ ਪਾਗਲ ਕਿਉਂ ਕਰੀ ਜਾਨੇਂ ਐਂ? ਮੈਂ ਇਹ ਕੋਈ ਪਹਿਲਾ ਮੁਕਾਬਲਾ ਕਰਨ ਲੱਗਿਐਂ?"
-".........।" ਦੋਨੋਂ ਚੁੱਪ ਕਰ ਗਏ।
-"ਤੁਸੀਂ ਮੈਨੂੰ ਨਕਸ਼ਾ ਵਾਹ ਕੇ ਦੱਸੋ।"
-"ਸਰਦਾਰ ਜੀ ਐਧਰ ਘਰਾਟ ਐ ਤੇ ਦੂਜੇ ਪਾਸੇ ਐਧਰ ਐ ਸੂਆ।" ਇੰਦਰਜੀਤ ਨੇ ਅਖ਼ਬਾਰ 'ਤੇ ਪੈੱਨ ਨਾਲ ਲਕੀਰਾਂ ਵਾਹੁਣੀਆਂ ਸ਼ੁਰੂ ਕਰ ਦਿੱਤੀਆਂ।
-"ਆਹ ਚੁਬਾਰਾ ਘਰਾਟਾਂ ਵਾਲੇ ਪਾਸੇ ਪੈਂਦੈ-ਐਧਰ ਦੂਰ ਜਾ ਕੇ ਹੱਡਾਂਰੋੜੀ ਪੈਂਦੀ ਐ-ਐਸ ਪਾਸੇ ਖੜ੍ਹੈ ਸਰਕੜ੍ਹਾ-ਚੁਬਾਰੇ ਦੀਆਂ ਪੌੜੀਆਂ ਵੀ ਘਰਾਟਾਂ ਆਲੇ ਪਾਸੇ ਈ ਐ ਤੇ ਇਹ ਪੌੜੀਆਂ ਵਰਾਂਡੇ 'ਚੋਂ ਚੜ੍ਹਦੀਐਂ-ਐਧਰ ਪਸ਼ੂਆਂ ਆਲਾ ਵਰਾਂਡੈ ਤੇ ਆਹ ਐ ਸਰਦਾਰ ਜੀ ਘਰ ਦੇ ਵੱਡੇ ਤਖਤੇ ਲੱਕੜ ਦੇ।"
ਉਸ ਨੇ ਨਕਸ਼ਾ ਤਿਆਰ ਕਰ ਦਿੱਤਾ।
-"ਜੇ ਉਹ ਖੁ਼ਦਾ-ਨਿਖ਼ਾਸਤਾ ਭੱਜਣ ਦੀ ਕੋਸਿ਼ਸ਼ ਕਰੇ ਵੀ-ਤਾਂ ਕਿਹੜੇ ਪਾਸਿਓਂ ਸੌਖੈ?"
-"ਜੇ ਉਹਨੇ ਕੋਸਿ਼ਸ਼ ਕਰੀ ਵੀ ਤਾਂ ਐਸ ਸਰਕੜ੍ਹੇ ਵਾਲੇ ਪਾਸੇ ਦੀ ਕਰੂਗਾ-ਇਧਰਲੇ ਪਾਸੇ ਟੀਪ ਕੀਤੀ ਕੰਧ ਮੋਢੇ ਮੋਢੇ ਆਉਂਦੀ ਐ-ਦੌੜ ਸਿਰਫ਼ ਉਹ ਇਸ ਪਾਸਿਓਂ ਈ ਸਕਦੈ।"
-"ਘਰ ਦੇ ਦਰਵਾਜੇ ਕਿੰਨੇ ਐਂ?"
-"ਇਕ ਵੱਡਾ ਦਰਵਾਜਾ ਐ ਜੀ ਤੇ ਇੱਕ ਦੂਜੇ ਸੂਏ ਆਲੇ ਪਾਸੇ ਦਰਵਾਜੀ ਜਿਹੀ ਐ।"
-"ਠੀਕ ਐ।" ਠਾਣੇਦਾਰ ਉਠ ਖੜ੍ਹਿਆ।
-"ਸਰਦਾਰ ਜੀ ਸਾਰਾ ਨਕਸ਼ਾ ਅਸੀਂ ਥੋਨੂੰ ਦੱਸ ਦਿੱਤੈ-ਘੇਰਾ ਪਾਉਣਾ ਥੋਡਾ ਕੰਮ ਐਂ-ਅਗਰ ਥੋਡਾ ਕੋਈ ਬੰਦਾ ਨੁਕਸਾਨ ਦਿੱਤਾ-ਸਾਨੂੰ ਦੋਸ਼ ਨਾ ਦੇਇਓ!" ਇੰਦਰਜੀਤ ਬਰੀ ਹੋਣਾ ਚਾਹੁੰਦਾ ਸੀ।
-"ਬੇਫਿਕਰ ਰਹੋ..!" ਠਾਣੇਦਾਰ ਤੁਰ ਗਿਆ।

ਬਾਕੀ ਅਗਲੇ ਹਫ਼ਤੇ.....

ਹੋਰ ਪੜੋ...